
ਸਕੂਲ ਅਤੇ ਵਿਦਿਆਰਥੀਆਂ ਦਾ ਪੱਧਰ ਨਿਰੰਤਰ ਉੱਚਾ ਚੁੱਕਣ ਵਾਸਤੇ ਸੁਹਿਦਰਤਾ ਨਾਲ ਉਪਰਾਲੇ ਕੀਤੇ ਜਾਣ : ਨੀਲਮ ਰਾਣੀ
School News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮਿਸ਼ਨ ਸਮਰੱਥ ਨੂੰ ਫ਼ਰੀਦਕੋਟ ਜ਼ਿਲ੍ਹੇ ਕਾਮਯਾਬ ਕਰਨ ਦੇ ਸਬੰਧ ’ਚ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫ਼ਰੀਦਕੋਟ ਸ੍ਰੀਮਤੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਪੀ.ਐਮ.ਸਿਰੀ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਹੋਈ। ਇਸ ਮੀਟਿੰਗ ’ਚ ਜ਼ਿਲਾ ਫ਼ਰੀਦਕੋਟ ਦੇ ਸਮੂਹ ਬੀ.ਐਨ.ਓਜ਼, ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਮਿਡਲ ਸਕੂਲ ਇੰਚਾਰਜ਼ ਸ਼ਾਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਇਸ ਵਿੱਦਿਅਕ ਵਰ੍ਹੇ ਦੀ ਪਹਿਲੀ ਮੀਟਿੰਗ ਦੌਰਾਨ ਸਾਰੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਰੀਦਕੋਟ ਹਮੇਸ਼ਾ ਹੀ ਪੰਜਾਬ ਅੰਦਰ ਸਿੱਖਿਆ ਦੇ ਖੇਤਰ ’ਚ ਮੋਹਰੀ ਰਿਹਾ ਹੈ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਪੂਰੀ ਤਨਦੇਹੀ ਨਾਲ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਮਿਆਰੀ ਬਣਾਉਣ ਅਤੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਹਰ ਸੰਭਵ ਯਤਨ ਕਰਦੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Fazilka News: ਪੰਜਾਬ ਦੇ ਖੇਤਾਂ ਨੂੰ ਸੁਕਾ ਕੇ ਕਿਸੇ ਹੋਰ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ: ਬਰਿੰਦਰ ਕੁਮਾਰ ਗੋਇਲ
ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਅੰਦਰ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਾਣਕਾਰੀ ਦਿੱਤੀ ਕਿ ਮਿਸਨ ਸਮਰੱਥ ਵਿਦਿਆਰਥੀਆਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਬਹੁਤ ਹੀ ਜ਼ਰੂਰੀ ਕਦਮ ਹੈ। ਸਾਨੂੰ ਇਸ ਨੂੰ ਪੂਰਨ ਤਨਦੇਹੀ ਨਾਲ ਲਾਗੂ ਕਰਕੇ ਵਿਦਿਆਰਥੀਆਂ ਦਾ ਪੱਧਰ ਉੱਚਾ ਚੁੱਕਣ ’ਚ ਅਹਿਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪ੍ਰਦੀਪ ਦਿਓੜਾ ਨੇ ਸਰਕਾਰੀ ਸਕੂਲਾਂ ਅੰਦਰ ਦਾਖਲੇ ਵਧਾਉਣ ਲਈ ਸਭ ਨੂੰ ਸੁਝਾਅ ਦਿੱਤੇ। ਉਨ੍ਹਾਂ ਨਵੇਂ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਦੀ ਭਲਾਈ ਵਾਸਤੇ ਸਾਰੇ ਪ੍ਰੋਗਰਾਮਾਂ ਨੂੰ ਸਫ਼ਲਤਾ ਨਾਲ ਲਾਗੂ ਕਰਨ ਵਾਸਤੇ ਵਿਸ਼ੇਸ਼ ਦਿਲਚਸਪੀ ਲੈਣ ਬਾਰੇ ਆਪਣੇ ਨਿੱਜੀ ਤਜ਼ਰਬੇ ਦੱਸ ਕੇ ਉਤਸ਼ਾਹਿਤ ਕੀਤਾ।
ਸਰਕਾਰੀ ਸਕੂਲਾਂ ਅੰਦਰ ਦਾਖਲੇ ਵਧਾਉਣ ਲਈ ਸਭ ਨੂੰ ਦਿੱਤੇ ਸੁਝਾਅ
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਰੀਦਕੋਟ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਹਾਜ਼ਰੀਨ ਨੂੰ ਮਿਸ਼ਨ ਸਮਰੱਥ 3.0 ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਸੁਝਾਅ ਦਿੱਤੇ। ਨੋਡਲ ਅਫ਼ਸਰ ਪ੍ਰਿੰਸੀਪਲ ਦੀਪਕ ਸਿੰਘ ਨੇ ਮੀਟਿੰਗ ’ਚ ਪਹੁੰਚੇ ਸਾਰੇ ਸਕੂਲ ਮੁਖੀਆਂ ਨੂੰ ਜੀ ਆਇਆਂ ਨੂੰ ਆਖਿਆ। ਜ਼ਿਲ੍ਹਾ ਰਿਸੋਰਸ ਪਰਸਨ ਲੈਕਚਰਾਰ ਕਰਮਜੀਤ ਸਿੰਘ ਸਰਾਂ ਨੇ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਸਿੱਖਿਆ ਦੇਣ, ਪੱਧਰ ਅਨੁਸਾਰ ਵਿੱਦਿਅਕ ਗਤੀਵਿਧੀਆਂ ਕਰਵਾਉਣ ਦੇ ਫਾਇਦਿਆਂ ਬਾਰੇ ਦੱਸਿਆ ਅਤੇ ਸਮੂਹ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ। School News
ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵਿਭਾਗ ਦੇ ਪ੍ਰੋਗਰਾਮ ਬਿਜਨਸ ਬਲਾਸਟਰ, ਕਰੀਅਰ ਗਾਈਡੈਂਸ, ਸਟੂਡੈਂਟ ਪੁਲਿਸ ਕੈਡਿਟਸ, ਯੁੱਧ ਨਸ਼ਿਆਂ ਵਿਰੁੱਧ ਵਿਸ਼ਿਆਂ, ਏਕ ਭਾਰਤ ਸ਼੍ਰੇਸ਼ਟ ਭਾਰਤ ਸਬੰਧੀ ਦਾ ਸੰਚਾਲਨ ਹੋਰ ਸੁਹਿਰਦਤਾ ਨਾਲ ਕਰਨ ਦੀ ਅਪੀਲ ਕਰਦਿਆਂ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਸਮੂਹ ਸਕੂਲ ਮੁਖੀਆਂ ਨੇ ਮਿਸਨ ਸਮਰੱਥ ਨੂੰ ਕਾਮਯਾਬ ਕਰਨ ਦਾ ਅਹਿਦ ਲਿਆ। ਇਸ ਮੀਟਿੰਗ ’ਚ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਤੇਜਿੰਦਰ ਸਿੰਘ, ਪ੍ਰਿੰਸੀਪਲ ਦੀਪਕ ਸਿੰਘ, ਪ੍ਰਿੰਸੀਪਲ ਪੰਨਾ ਲਾਲ, ਪ੍ਰਿੰਸੀਪਲ ਮਨਦੀਪ ਸਿੰਘ, ਸਤਿਗੁਰ ਸਿੰਘ ਸਟੈਨੋ, ਸਲਵਿੰਦਰ ਸਿੰਘ ਸਟੈਨੋ, ਰੂਪ ਸਿੰਘ ਜੂਨੀਅਰ ਸਹਾਇਕ, ਲਖਵਿੰਦਰ ਸਿੰਘ ਸੰਧੂ ਨੇ ਅਹਿਮ ਯੋਗਦਾਨ ਦਿੱਤਾ।