Drugs Free Punjab: 15 ਸਾਲਾਂ ਤੋਂ ਨਸ਼ਿਆਂ ਦੇ ਸੰਗਲਾਂ ’ਚ ਜਕੜੇ ਮਨਪ੍ਰੀਤ ਨੂੰ ਮਿਲੀ ਆਜ਼ਾਦੀ

Drugs Free Punjab
Drugs Free Punjab: 15 ਸਾਲਾਂ ਤੋਂ ਨਸ਼ਿਆਂ ਦੇ ਸੰਗਲਾਂ ’ਚ ਜਕੜੇ ਮਨਪ੍ਰੀਤ ਨੂੰ ਮਿਲੀ ਆਜ਼ਾਦੀ

ਨਸ਼ਿਆਂ ’ਤੇ ਇੱਕ ਕਰੋੜ ਤੋਂ ਜ਼ਿਆਦਾ ਉਡਾ ਦਿੱਤਾ ਮਨਪ੍ਰੀਤ ਨੇ, ਹੁਣ ਨਸ਼ੇ ’ਚ ਲਿਪਤ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ | Drugs Free Punjab

Drugs Free Punjab: ਬਰਨਾਲਾ (ਗੁਰਪ੍ਰੀਤ ਸਿੰਘ)। ਨਸ਼ਿਆਂ ’ਚ ਉਸ ਨੇ ਨਾ ਸਿਰਫ ਆਪਣਾ ਇੱਕ ਕਰੋੜ ਰੁਪਇਆ ਬਰਬਾਦ ਕਰ ਦਿੱਤਾ ਸਗੋਂ ਉਹ ਮੌਤ ਦੇ ਮੂੰਹ ’ਚ ਜਾ ਅੱਪੜਿਆ ਹਾਲਤ ਇਹ ਹੋ ਗਈ ਕਿ ਉਸ ਨੂੰ ਵੈਂਟੀਲੇਟਰ ’ਤੇ ਰੱਖਣ ਦੀ ਨੌਬਤ ਆ ਗਈ ਇਹ ਹਾਲਾਤ ਸਨ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਨੇੜਲੇ ਕੋਠੇ ਰਾਜਿੰਦਰਪੁਰਾ ਦੇ 36 ਸਾਲਾ ਮਨਪ੍ਰੀਤ ਦੇ।

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੂੰ ਮਹਿਸੂਸ ਹੋ ਰਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦੂਜੀ ਵਾਰ ਤੋਂ ਆਰੰਭ ਕਰ ਰਿਹਾ ਹੈ ਅਤੇ ਇੱਕ ਜ਼ਿੰਦਗੀ ਉਸ ਨੇ ਨਸ਼ਿਆਂ ਵਿੱਚ ਖਰਾਬ ਕਰ ਦਿੱਤੀ। ਮਨਪ੍ਰੀਤ ਦੱਸਦਾ ਹੈ ਕਿ ਉਹ ਦਸਵੀਂ ਕਲਾਸ ਵਿੱਚ ਪੜ੍ਹਦਿਆਂ ਹੀ ਗਲਤ ਸੰਗਤ ਵਿੱਚ ਪੈਣ ਕਰਕੇ ਨਸ਼ਿਆਂ ਦਾ ਰਾਹ ਫੜ ਬੈਠਾ ਸੀ ਅਤੇ ਬਰਨਾਲਾ ਕਾਲਜ ਵਿੱਚ ਪੜ੍ਹਨ ਤੋਂ ਬਾਅਦ ਉਹ ਪੂਰਾ ਨਸ਼ੇੜੀ ਬਣ ਚੁੱਕਿਆ ਸੀ।

Read Also : Indian Railway News: ਟਰੇਨ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, 21 ਮਈ ਤੱਕ ਹੋ ਗਿਆ ਵੱਡਾ ਐਲਾਨ

ਉਸ ਦੱਸਦਾ ਹੈ ਕਿ ਕਾਲਜ ਵਿੱਚ ਪੜ੍ਹਨ ਸਮੇਂ ਉਹ ਗੋਲੀਆਂ , ਸ਼ੀਸ਼ੀਆਂ ਤੇ ਕੈਪਸੂਲ ਖਾਣ ਲੱਗਿਆ। ਉਸ ਨੇ ਦੱਸਿਆ ਕਿ ਇਹ ਨਸ਼ੇ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਸਨ ਜਦੋਂ ਉਹ ਕਿਸੇ ਦਿਨ ਨਾ ਖਾਂਦਾ ਜਾਂ ਨਾ ਮਿਲਦੇ ਤਾਂ ਉਸਨੂੰ ਐਨੀ ਤੋੜ ਲੱਗਦੀ ਸੀ ਜਿਹੜੀ ਬਰਦਾਸ਼ਤ ਨਹੀਂ ਸੀ ਹੁੰਦੀ। ਜਿਨ੍ਹਾਂ ਤੋਂ ਉਹ ਨਸ਼ਾ ਖਰੀਦਦਾ ਰਿਹਾ, ਉਹ ਕਈ ਵਾਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਪਰ ਉਹ ਆਪਣੀਆਂ ਜ਼ਮੀਨਾਂ ਦੇ ਕਾਗਜ਼ ਰੱਖ ਕੇ ਇਨ੍ਹਾਂ ਨਸ਼ੇ ਦੇ ਵਪਾਰੀਆਂ ਦੀਆਂ ਜ਼ਮਾਨਤਾਂ ਵੀ ਕਰਵਾਉਂਦਾ ਰਿਹਾ ਤਾਂ ਜੋ ਉਸ ਨੂੰ ਨਸ਼ੇ ਦੀ ਸਪਲਾਈ ਮਿਲਦੀ ਰਹੇ।

Drugs Free Punjab

2012 ਵਿੱਚ ਉਸ ਦੇ ਨਸ਼ੇ ਦੀ ਡੋਜ਼ ਹੋਰ ਵਧ ਗਈ ਅਤੇ ਉਹ ਸਮੈਕ ਵੀ ਪੀਣ ਲੱਗਿਆ, ਕਦੇ ਨੱਕ ਨਾਲ ਸੁੰਘ ਕੇ ਅਤੇ ਟੀਕਿਆਂ ਵਿੱਚ ਪਾ ਕੇ। ਏਨਾ ਜ਼ਿਆਦਾ ਨਸ਼ਾ ਕਰਨ ਕਾਰਨ ਉਸਨੂੰ ਦੌਰੇ ਵੀ ਪੈਣ ਲੱਗੇ। 2015 ਵਿੱਚ ਉਹ ਚਿੱਟਾ ਪੀਣ ਲੱਗਿਆ ਜਿਸ ਨੇ ਉਸ ਦੀ ਬਰਬਾਦੀ ਦਾ ਰਾਹ ਖੋਲ੍ਹ ਦਿੱਤਾ। ਉਸ ਨੇ ਇੱਕ ਦਿਨ ਵਿੱਚ 30 ਹਜ਼ਾਰ ਰੁਪਏ ਤੱਕ ਦਾ ਚਿੱਟਾ ਪੀਣ ਲਈ ਖਰੀਦਿਆ।

ਉਸ ਨੇ ਦੱਸਿਆ ਕਿ ਉਸ ਦੇ ਅਜਿਹੇ ਹਾਲਾਤ ਬਣ ਗਏ ਕਿ ਉਸ ਨੂੰ ਕੋਈ ਸੁਧ ਨਹੀਂ ਰਹਿੰਦੀ ਸੀ ਅਤੇ ਇਸ ਦੌਰਾਨ ਚਿੱਟਾ ਨਾ ਮਿਲਣ ਕਾਰਨ ਉਸ ਨੇ ਦੋ ਵਾਰ ਸਪਰੇਅ ਪੀ ਕੇ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚਿਆ ਪਰ ਦੋਵੇਂ ਵਾਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਚਾ ਲਿਆ। ਇਸ ਦੌਰਾਨ ਉਸ ਨੇ ਆਪਣੇ ਖੇਤਾਂ ਵਿੱਚ ਲਾਏ ਸਫ਼ੈਦੇ ਦੇ ਦਰੱਖਤ ਕਰੀਬ ਅੱਠ ਲੱਖ ਰੁਪਏ ਦੇ ਵੇਚੇ ਤੇ ਉਹ ਸਾਰੇ ਨਸ਼ੇ ਦੇ ਲੇਖੇ ਲਾਏ ਇਸ ਤੋਂ ਬਿਨਾਂ 20 ਲੱਖ ਰੁਪਏ ਦੇ ਕਰੀਬ ਜਮ੍ਹਾ ਪੂੰਜੀ ਵੀ ਨਸ਼ਿਆਂ ਦੇ ਲੇਖੇ ਲਾ ਦਿੱਤੀ। ਜੇਕਰ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਇਨ੍ਹਾਂ ਪੰਦਰ੍ਹਾਂ ਸਾਲਾਂ ਵਿੱਚ ਉਸ ਨੇ ਇੱਕ ਕਰੋੜ ਰੁਪਏ ਨਸ਼ਿਆਂ ’ਤੇ ਗਾਲ਼ ਦਿੱਤੇ।

Drugs Free Punjab

ਉਸ ਨੇ ਦੱਸਿਆ ਕਿ ਉਹ ਆਪ ਵੀ ਨਸ਼ਿਆਂ ਦੀ ਦਲਦਲ ’ਚੋਂ ਨਿਕਲਣਾ ਚਾਹੁੰਦਾ ਸੀ, ਕਿਉਂਕਿ ਉਹ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਤੇ ਆਖਰ ਉਸਨੇ ਕਰੀਬ 15 ਸਾਲਾਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਬਾਰੇ ਦ੍ਰਿੜਤਾ ਨਾਲ ਸੋਚ ਲਿਆ। ਉਸ ਨੇ ਸਾਲ 2023 ਵਿੱਚ ਨਸ਼ੇ ਪੂਰੀ ਤਰ੍ਹਾਂ ਛੱਡਣ ਦਾ ਮਨ ਬਣਾ ਲਿਆ। ਇੱਕ ਜਿੱਦ ਕਰਕੇ ਨਸ਼ੇ ਕਰਨ ਲੱਗਿਆ ਸੀ ਅਤੇ ਜ਼ਿੱਦ ਕਰਕੇ ਨਸ਼ਿਆਂ ਵਿੱਚੋਂ ਬਾਹਰ ਨਿੱਕਲਣ ਦਾ ਫੈਸਲਾ ਵੀ ਕਰ ਲਿਆ। ਨਸ਼ਿਆਂ ਦੀ ਤੋੜ ਕਾਰਨ ਕਈ ਵਾਰ ਉਸ ਨੂੰ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਵੀ ਰੱਖਣਾ ਪਿਆ ਪਰ ਹਰ ਵਾਰ ਉਹ ਨਸ਼ਿਆਂ ਵਿਰੁੱਧ ਜਿੱਤ ਕੇ ਨਿੱਕਲਿਆ।

ਹੁਣ ਦੋ ਸਾਲਾਂ ਤੋਂ ਉਸ ਨੇ ਕਦੇ ਵੀ ਨਸ਼ਾ ਨਹੀਂ ਕੀਤਾ ਅਤੇ ਆਪਣੇ ਪਰਿਵਾਰ ਵਿੱਚ ਖੁਸ਼ੀ-ਖੁਸ਼ੀ ਆਪਣੀ ਜਿੰਦਗੀ ਹੰਢਾਅ ਰਿਹਾ ਹੈ। ਮਨਪ੍ਰੀਤ ਨੇ ਨਸ਼ਿਆਂ ਵਿੱਚ ਲਿਪਤ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਕੇ ਨਸ਼ੇ ਛੱਡਣ ਦਾ ਪ੍ਰਣ ਕਰ ਲਿਆ ਜਾਵੇ ਤਾਂ ਨਸ਼ੇ ਛੱਡੇ ਜਾ ਸਕਦੇ ਹਨ। ਉਸਨੇ ਅਪੀਲ ਕੀਤੀ ਕਿ ਨੌਜਵਾਨ ਕਸਰਤ, ਖੇਡਾਂ, ਸਮਾਜ ਸੇਵਾ ਨਾਲ ਜੁੜਨ ਅਤੇ ਆਪਣੇ, ਆਪਣੇ ਪਰਿਵਾਰ ਤੇ ਸਮਾਜ ਨੂੰ ਤਰੱਕੀ ਵੱਲ ਲੈ ਕੇ ਜਾਣ।

ਸੈਰ ਤੇ ਚੰਗੀ ਖੁਰਾਕ ਹੈ ਜ਼ਿੰਦਗੀ ਦਾ ਹਿੱਸਾ

ਮਨਪ੍ਰੀਤ ਨੇ ਦੱਸਿਆ ਕਿ ਹੁਣ ਉਹ ਰੋਜਾਨਾ ਸਵੇਰੇ ਸੈਰ ਕਰਦਾ ਹੈ, ਕਸਰਤ ਕਰਦਾ ਹੈ ਤੇ ਚੰਗੀ ਖੁਰਾਕ ਉਸਦੀ ਜ਼ਿੰਦਗੀ ਦਾ ਹਿੱਸਾ ਹੈ। ਮਨਪ੍ਰੀਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਕਰੀਬ 12 ਏਕੜ ਵਿੱਚ ਖੇਤੀ ਕਰਦਾ ਹੈ ਅਤੇ ਬਾਗਬਾਨੀ ਵੀ ਕਰਦਾ ਹੈ। ਸਾਕਾਰਾਤਮਕ ਜ਼ਿੰਦਗੀ ਜਿਊਣ ਲਈ ਕੁਦਰਤ ਨਾਲ ਜੁੜਨਾ ਬਹੁਤ ਜਰੂਰੀ ਹੈ। ਉਸਨੇ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਸ-ਪਾਸ ਦੇ ਇਲਾਕੇ ਵਿੱਚ ਵੱਡੀ ਗਿਣਤੀ ਬੂਟੇ ਵੀ ਲਾਏ ਹਨ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜਿਆ ਹੋਇਆ ਹੈ।