
Punjab Roadways Bus: 6, 7 ਅਤੇ 8 ਅਪਰੈਲ ਨੂੰ ਕੀਤਾ ਜਾਵੇਗਾ ਚੱਕਾ ਜਾਮ ਤਾਂ 3 ਅਪਰੈਲ ਨੂੰ 2 ਘੰਟੇ ਬੰਦ ਰਹਿਣਗੇ ਬੱਸ ਅੱਡੇ
- ਵੀਰਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਬੱਸ ਅੱਡਿਆਂ ਨੂੰ ਤਾਲਾ ਲਾਉਣਗੇ ਕੱਚੇ ਮੁਲਾਜ਼ਮ | Punjab Roadways Bus
Punjab Roadways Bus: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਬੱਸ ਅਤੇ ਰੋਡਵੇਜ਼ ਸਣੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਇੱਕ ਵਾਰ ਫਿਰ ਪੰਜਾਬ ਸਰਕਾਰ ਤੋਂ ਨਰਾਜ਼ ਹੋ ਗਏ ਹਨ, ਇਸ ਲਈ ਉਨ੍ਹਾਂ ਵੱਲੋਂ ਮੁੜ ਤੋਂ ਪੰਜਾਬ ਵਿੱਚ 3 ਦਿਨ ਲਈ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ ਪ੍ਰਾਈਵੇਟ ਸਣੇ ਪੱਕੇ ਸਰਕਾਰੀ ਮੁਲਾਜ਼ਮ ਵੀ ਬੱਸਾਂ ਨਾ ਚਲਾ ਸਕਣ, ਇਸ ਲਈ ਵੀਰਵਾਰ ਨੂੰ ਪੰਜਾਬ ਭਰ ਦੇ ਬੱਸ ਅੱਡਿਆਂ ਨੂੰ ਜ਼ਿੰਦਰਾ ਜੜਨ ਦਾ ਵੀ ਐਲਾਨ ਕੀਤਾ ਗਿਆ ਹੈ। ਜ਼ਿੰਦਰਾ ਲਾ ਕੇ 2 ਸਵੇਰੇ 10 ਵਜੇ ਤੋਂ 12 ਵਜੇ ਤੱਕ ਬੱਸ ਅੱਡੇ ਬੰਦ ਕੀਤੇ ਜਾਣਗੇ। ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ।
Read Also : Waqf Bill: ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਵਕਫ਼ ਬਿੱਲ, ਸਦਨ ਵਿੱਚ ਅੱਠ ਘੰਟੇ ਹੋ ਸਕਦੀ ਹੈ ਚਰਚਾ
ਪੰਜਾਬ ਸਰਕਾਰ ਦੀਆਂ ਤਿੰਨੇ ਸਰਕਾਰੀ ਬੱਸ ਸਰਵਿਸ ਦੇ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਲੰਮੇ ਸਮੇਂ ਤੋਂ ਸਿਰਫ਼ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਦੀ ਮੰਗ ਨੂੰ ਮੰਨਿਆ ਨਹੀਂ ਜਾ ਰਿਹਾ ਹੈ, ਇਸ ਲਈ ਹੁਣ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਵੱਡਾ ਪ੍ਰਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਲਈ ਹੁਣ ਪੰਜਾਬ ਵਿੱਚ 3 ਦਿਨ ਲਈ 6 ਅਤੇ 7 ਸਣੇ 8 ਅਪਰੈਲ ਨੂੰ ਚੱਕਾ ਜਾਮ ਕੀਤਾ ਜਾਵੇਗਾ।
Punjab Roadways Bus
ਇਸ ਦਿਨ ਕੱਚੇ ਮੁਲਾਜ਼ਮਾਂ ਵੱਲੋਂ ਇੱਕ ਵੀ ਬੱਸ ਨੂੰ ਚਲਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਾਰ ਉਹ ਆਮ ਜਨਤਾ ਦੀ ਮੁਸ਼ਕਲ ਨੂੰ ਵੇਖਦੇ ਹੋਏ ਚੱਕਾ ਜਾਮ ਨਹੀਂ ਕਰਦੇ ਹਨ ਜਾਂ ਫਿਰ ਵਾਪਸ ਲੈ ਲੈਂਦੇ ਹਨ ਪਰ ਇਸ ਵਾਰ ਇਹੋ ਜਿਹਾ ਨਹੀਂ ਹੋਵੇਗਾ ਅਤੇ ਹਰ ਹਾਲਤ ਵਿੱਚ 3 ਦਿਨ ਚੱਕਾ ਜਾਮ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਵਿੱਚ ਬੱਸ ਅੱਡੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਪੰਜਾਬ ਭਰ ਦੇ ਸਾਰੇ ਬੱਸ ਅੱਡੇ 2 ਘੰਟਿਆਂ ਲਈ ਬੰਦ ਰਹਿਣਗੇ ਅਤੇ ਇਨ੍ਹਾਂ ਬੱਸ ਅੱਡਿਆ ਵਿੱਚੋਂ ਕਿਸੇ ਵੀ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਬੱਸ ਨੂੰ ਨਾ ਹੀ ਬਾਹਰ ਜਾਣ ਦਿੱਤਾ ਜਾਵੇਗਾ ਅਤੇ ਨਾ ਹੀ ਬੱਸ ਅੱਡੇ ਦੇ ਅੰਦਰ ਆਉਣ ਦਿੱਤਾ ਜਾਵੇਗਾ।