ਸੰਜੀਵ ਕੁਮਾਰ ਨੇ ਚੰਡੀਗੜ੍ਹ ਲਈ ਖੇਡਦਿਆਂ ਵਹੀਲਚੇਅਰ ਵਰਗ ’ਚ ਜਿੱਤਿਆ ਸੋਨ ਤਗਮਾ
Sports News: ਅਬੋਹਰ, (ਮੇਵਾ ਸਿੰਘ)। ਅਬੋਹਰ ਦੇ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਸ਼ਟਲਰ ਸੰਜੀਵ ਕੁਮਾਰ ਨੇ ਨਵੀਂ ਦਿੱਲੀ ਵਿੱਚ ਹੋਈਆਂ ਦੂਜੀਆਂ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਚੰਡੀਗੜ੍ਹ ਲਈ ਸੋਨ ਤਗ਼ਮਾ ਜਿੱਤਿਆ ਹੈ। ਜਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸੰਜੀਵ ਕੁਮਾਰ ਪੰਜਾਬ ਲਈ ਪੈਰਾ ਬੈਡਮਿੰਟਨ ਖੇਡਦੇ ਸਨ ਅਤੇ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਵੀ ਪੰਜਾਬ ਲਈ ਸੋਨ ਤਮਗਾ ਜਿੱਤ ਚੁੱਕੇ ਹਨ। ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਨੇ ਉਸ ਨੂੰ ਉਹ ਸਨਮਾਨ ਨਹੀਂ ਦਿੱਤਾ, ਜਿਸ ਦਾ ਉਹ ਹੱਕਦਾਰ ਸੀ ਤਾਂ ਉਸ ਨੇ ਚੰਡੀਗੜ੍ਹ ਲਈ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਵਿੱਚ ਚੰਡੀਗੜ੍ਹ ਲਈ ਸੋਨ ਤਗਮਾ ਜਿੱਤਿਆ।
ਇਹ ਵੀ ਪੜ੍ਹੋ: Haryana Cabinet: ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਦੇ ਬਰਾਬਰ ਸਨਮਾਨ ਮਿਲੇਗਾ, ਹਰਿਆਣਾ ਕੈਬਨਿਟ ਦਾ …
ਸੰਜੀਵ ਨੇ ਆਪਣੀ ਕਾਮਯਾਬੀ ਦਾ ਸਿਹਰਾ ਕੋਚ ਸੁਰਿੰਦਰ ਮਹਾਜਨ ਅਤੇ ਭੁਵਨ ਸੇਠੀ ਨੂੰ ਦਿੱਤਾ ਅਤੇ ਚੰਡੀਗੜ੍ਹ ਖੇਡ ਵਿਭਾਗ ਦੇ ਡਾਇਰੈਕਟਰ ਸੌਰਭ ਅਰੋੜਾ, ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਅਤੇ ਮਾਓ 94 ਦਾ ਵੀ ਧੰਨਵਾਦ ਕੀਤਾ। ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਨੇ ਨਵੀਂ ਦਿੱਲੀ, ਖੇਲੋ ਇੰਡੀਆ ਗਾਂਧੀ ਪੈਰਾ ਸਟੇਡੀਅਮ ਵਿੱਚ ਹੋਈਆਂ ਦੂਜੀਆਂ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਮੁੱਖ ਸਿੰਗਲ ਡਬਲਯੂਐਚ-2 ਵਹੀਲਚੇਅਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ।
ਉਸ ਨੇ ਕੁਆਰਟਰ ਫਾਈਨਲ ਵਿੱਚ ਮੰਜੂਨਾਥ ਨੂੰ 21-13, 21-06 ਅਤੇ ਸੈਮੀ ਫਾਈਨਲ ਵਿੱਚ ਅਬੂ ਹੁਬੈਦਾ ਨੂੰ 21-11, 21-15 ਨਾਲ ਹਰਾਇਆ। ਫਾਈਨਲ ਵਿੱਚ ਹਰੀਸ਼ ਤੋਂ ਪਹਿਲਾ ਸੈੱਟ 18-21 ਨਾਲ ਹਾਰ ਕੇ ਵਾਪਸੀ ਕੀਤੀ ਅਤੇ ਅਗਲੇ ਦੋ ਸੈੱਟਾਂ ਵਿੱਚ ਹਰੀਸ਼ ਨੂੰ 21-12, 21-19 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸੰਜੀਵ ਨੇ ਦੱਸਿਆ ਕਿ ਚੰਡੀਗੜ੍ਹ ਲਈ ਇਹ ਪਹਿਲਾ ਪੈਰਾ ਬੈਡਮਿੰਟਨ ਸੋਨ ਤਗਮਾ ਹੈ, ਕਿਉਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਟੀਮ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਨਹੀਂ ਗਈ ਸੀ। Sports News
ਉਸ ਨੇ ਚੰਡੀਗੜ੍ਹ ਨੂੰ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਪਹਿਲਾ ਸੋਨ ਤਮਗਾ ਦਿਵਾਇਆ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪੰਜਾਬ ਵੱਲੋਂ ਪੈਰਾ ਬੈਡਮਿੰਟਨ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਕਈ ਮੈਡਲ ਜਿੱਤ ਚੁੱਕਾ ਹੈ। ਸੰਜੀਵ ਕੁਮਾਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੁੱਲ 57 ਤਗਮੇ ਜਿੱਤੇ ਹਨ। ਜਿਸ ਵਿਚ ਉਸ ਨੇ ਅੰਤਰਰਾਸ਼ਟਰੀ ਪੱਧਰ ’ਤੇ 5 ਸੋਨ, 6 ਚਾਂਦੀ, 11 ਕਾਂਸੀ ਦੇ ਤਗਮੇ ਅਤੇ ਰਾਸ਼ਟਰੀ ਪੱਧਰ ’ਤੇ 22 ਸੋਨ, 7 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ ।
ਪੰਜਾਬ ਸਰਕਾਰ ਵੱਲੋ ਨੌਕਰੀ ਨਾ ਦੇਣ ’ਤੇ ਨਿਰਾਸ਼ ਹੈ ਅਬੋਹਰ ਦੇ ਤੇਲੂਪੁਰਾ ਦਾ ਅੰਤਰਰਾਸ਼ਟਰੀ ਖਿਡਾਰੀ | Sports News
ਸੰਜੀਵ ਕੁਮਾਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਜੁਲਾਈ 2019 ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਤੋਂ ਉਸ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਨੇ ਨੌਕਰੀ ਲੈਣ ਲਈ ਕਾਫੀ ਸੰਘਰਸ਼ ਕੀਤਾ। ਉਸ ਨੇ ਦੱਸਿਆ ਕਿ ਸੱਤਾ ਤਬਦੀਲੀ ਤੋਂ ਬਾਅਦ ਉਸ ਨੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਵੀ ਨੌਕਰੀ ਲਈ ਅਪੀਲ ਕੀਤੀ, ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਜਿਸ ਕਾਰਨ ਨਿਰਾਸ਼ ਹੋ ਕੇ ਉਸ ਨੇ ਪੰਜਾਬ ਤੋਂ ਨਾ ਖੇਡਣ ਦਾ ਫੈਸਲਾ ਕੀਤਾ ਅਤੇ ਚੰਡੀਗੜ੍ਹ ਲਈ ਖੇਡਣਾ ਸ਼ੁਰੂ ਕਰ ਦਿੱਤਾ। Sports News