International Women’s Day: ਟਰੱਕ ਚਲਾ ਕੇ ਚੁੱਕਿਆ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ

International Women's Day
21 ਸਾਲਾ ਕਾਜਲ ਟਰੱਕ ਚਲਾਉਂਦੀ ਹੋਈ।

International Women’s Day: (ਖੁਸ਼ਵੀਰ ਸਿੰਘ ਤੂਰ) ਪਟਿਆਲਾ। 21 ਸਾਲਾਂ ਦੀ ਕਾਜਲ ਨੇ ਔਖੇ ਸਮਾਂ ਆਪਣੇ ਪਿੰਡੇ ’ਤੇ ਹੰਢਾ ਕੇ ਪਰਿਵਾਰ ਨੂੰ ਗੁਰਬਤ ’ਚੋਂ ਹੀ ਨਹੀਂ ਕੱਢਿਆ, ਸਗੋਂ ਹੋਰਨਾਂ ਲੜਕੀਆਂ ਲਈ ਮਿਸਾਲ ਵੀ ਬਣੀ ਹੈ। ਕਾਜਲ ਨੇ ਇਹ ਵੀ ਦਰਸਾਇਆ ਹੈ ਕਿ ਲੜਕੀਆਂ ਕਿਸੇ ਤੋਂ ਵੀ ਘੱਟ ਨਹੀਂ ਹਨ ਅਤੇ ਉਹ ਪੁਰਸ਼ਾਂ ਵਾਲੇ ਕਿਸੇ ਵੀ ਕੰਮ ਨੂੰ ਕਰ ਸਕਦੀਆਂ ਹਨ। ਅੱਤ ਦੀ ਗਰੀਬੀ ਕਾਰਨ 8 ਸਾਲਾਂ ਦੀ ਉਮਰ ’ਚ ਹੀ ਕਾਜਲ ਆਪਣੀ ਮਾਂ ਨਾਲ ਦਿਹਾੜੀ ’ਤੇ ਜਾਣ ਲੱਗ ਗਈ ਸੀ ਅਤੇ ਅੱਜ ਕਾਜਲ ਟਰੱਕ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ। International Women’s Day

21 ਸਾਲਾ ਕਾਜਲ , ਜਿਸ ਨੇ ਆਪਣੇ ਸੁਫਨੇ ਨੂੰ ਤਿਆਗ ਕੇ ਆਪਣੀ ਮਾਂ ਅਤੇ ਭੈਣ-ਭਰਾਵਾਂ ਦੀ ਜ਼ਿੰਦਗੀ ਨੂੰ ਸੰਵਾਰਨ ਲਈ ਟਰੱਕ ਚਲਾਉਣ ਵਾਲਾ ਰਾਹ ਚੁਣਿਆ। ਪਟਿਆਲਾ ਦੀ ਗੋਪਾਲ ਕਲੋਨੀ ਵਾਸੀ ਕਾਜਲ, ਜਿਸ ਦਾ ਸੁਫ਼ਨਾ ਸੀ ਕਿ ਉਹ ਪੁਲਿਸ ਵਿੱਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰੇਗੀ ਪਰ ਘਰ ਦੇ ਮੰਦੜੇ ਹਾਲਾਤਾਂ ਨੇ ਉਸ ਦੇ ਹੱਥ ਟਰੱਕ ਦਾ ਸਟੇਰਿੰਗ ਫੜਾ ਦਿੱਤਾ। ਜਦੋਂ ਉਹ ਸੱਤ-ਅੱਠ ਸਾਲਾਂ ਦੀ ਸੀ ਤਾਂ ਉਸ ਦੀ ਮਾਂ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਕੰਮ ਕਰਦੀ ਉਸ ਦਾ ਪਿਤਾ ਕੰਮ ਕਰਨ ਦੀ ਥਾਂ ਸ਼ਰਾਬ ਦੇ ਨਸ਼ੇ ਵਿੱਚ ਹੀ ਧੁੱਤ ਰਹਿੰਦਾ ਸੀ। ਉਸ ਦੇ ਤਿੰਨ ਭੈਣ-ਭਰਾ ਉਸ ਤੋਂ ਛੋਟੇ ਸਨ ਅਤੇ ਉਹ ਦੋ ਵਕਤ ਦੀ ਰੋਟੀ ਲਈ 8 ਸਾਲਾਂ ਦੀ ਉਮਰ ਵਿੱਚ ਹੀ ਆਪਣੀ ਮਾਂ ਨਾਲ ਘਰਾਂ ’ਚ ਕੰਮ ਕਰਨ ਸਮੇਤ ਖੇਤਾਂ ਵਿੱਚ ਸਬਜ਼ੀ ਆਦਿ ਦਾ ਕੰਮ ਕਰਨ ਲੱਗ ਪਈ।

International Women's Day

ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਪੂਰੀ ਕੀਤੀ ਇੱਕ ਹੋਰ ਗਰੰਟੀ, ਮੁੱਖ ਮੰਤਰੀ ਮਾਨ ਨੇ ਖੁੱਦ ਦਿੱਤੀ ਜਾਣਕਾਰੀ

ਉਸ ਨੂੰ ਪਹਿਲੀ ਦਿਹਾੜੀ 20 ਰੁਪਏ ਮਿਲੀ ਸੀ। ਉਸ ਦੀ ਉਮਰ ਵੱਡੀ ਹੁੰਦੀ ਗਈ ਅਤੇ ਕੰਮ ਧੰਦੇ ਵਧਦੇ ਗਏ। ਕੰਮ ਦੇ ਨਾਲ-ਨਾਲ ਉਹ ਪੜ੍ਹਾਈ ਵੀ ਕਰਦੀ ਅਤੇ ਉਸ ਵੱਲੋਂ ਬਾਰ੍ਹਵੀਂ ਕਲਾਸ ਤੱਕ ਪੜ੍ਹਾਈ ਵੀ ਕੀਤੀ ਗਈ। 15-16 ਸਾਲ ਦੀ ਉਮਰ ਵਿੱਚ ਜਿੱਥੇ ਉਹ ਕੰਮ ਕਰਦੀ ਸੀ ਉਸ ਘਰ ’ਚ ਇੱਕ ਕਾਰ ਸੀ ਮਾਲਕ ਦੀ ਕਾਰ ਨੂੰ ਚਲਾ ਕੇ ਅੱਗੇ-ਪਿੱਛੇ ਕਰਨ ਲੱਗੀ ਤਾਂ ਮਾਲਕ ਨੇ ਝਿੜਕ ਦਿੱਤਾ ਕਿ ਇਹ ਤੇਰੇ ਵੱਸ ਦਾ ਕੰਮ ਨਹੀਂ ਅਤੇ ਉਸ ਨੂੰ ਬੁਰਾ-ਭਲਾ ਵੀ ਕਿਹਾ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਡਰਾਇਵਿੰਗ ਕਰਨ ਲੱਗੀ ਅਤੇ ਟਰੱਕ ਚਲਾਉਣ ਲੱਗੀ। ਉਸ ਨੇ ਆਪਣਾ ਲਾਇਸੰਸ ਬਣਾਉਣ ਤੋਂ ਬਾਅਦ ਕਰਜ਼ਾ ਲੈ ਕੇ ਆਪਣਾ ਖੁਦ ਦਾ ਟਰੱਕ ਲੈ ਲਿਆ ਅਤੇ ਉਹ ਪਿਛਲੇ 5-6 ਸਾਲਾਂ ਤੋਂ ਟਰੱਕ ਰਾਹੀਂ ਕਬਾੜ (ਸਕਰੈਪ) ਦੀ ਢੋਆ-ਢੁਆਈ ਕਰਨ ਲੱਗੀ।

ਉਹ ਪਟਿਆਲਾ ਤੋਂ ਲੁਧਿਆਣਾ , ਮੰਡੀ ਗੋਬਿੰਦਗੜ੍ਹ, ਸਰਹਿੰਦ, ਸੰਗਰੂਰ ਆਦਿ ਖੇਤਰਾਂ ਵਿੱਚ ਟਰੱਕ ਲੋਡ ਕਰਕੇ ਲੈ ਕੇ ਜਾਂਦੀ ਹੈ। ਸੜਕਾਂ ’ਤੇ ਜਦੋਂ ਟਰੱਕ ਲੈ ਕੇ ਚੱਲਦੀ ਹੈ ਤਾਂ ਲੋਕ ਵੇਖ ਕੇ ਹੈਰਾਨੀ ਵੀ ਪ੍ਰਗਟ ਕਰਦੇ ਹਨ, ਜਦੋਂਕਿ ਕਈ ਵਾਰ ਲੋਕ ਉਸ ’ਤੇ ਹੱਸਦੇ ਜਾਂ ਮਜ਼ਾਕ ਵੀ ਕਰਦੇ ਪਰ ਉਹ ਇਨ੍ਹਾਂ ਸਭ ਨੂੰ ਬੇਧਿਆਨ ਕਰਕੇ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਹੈ। ਉਸ ਨੇ ਕਿਹਾ ਕਿ ਘਰ ਦੀ ਮਜ਼ਬੂਰੀ ਨੇ ਹੀ ਉਸ ਨੂੰ ਇਸ ਡਰਾਇਵਰੀ ਦੇ ਕੰਮ ਵੱਲ ਲਾਇਆ, ਜੋ ਉਸ ਲਈ ਵਰਦਾਨ ਸਾਬਤ ਹੋਇਆ। ਟਰੱਕ ਚਲਾ ਕੇ ਉਸ ਨੇ ਆਪਣੇ ਪਰਿਵਾਰ ਨੂੰ ਰੋਟੀ ਟੁੱਕ ਜੋਗਾ ਤਾਂ ਕਰ ਹੀ ਦਿੱਤਾ ਹੈ ਕਾਜਲ ਨੇ ਇੱਕ ਪੁਰਾਣੀ ਕਾਰ ਵੀ ਲਈ ਸੀ ਜੋ ਕਿ ਪਿਛਲੇ ਦਿਨੀਂ ਚੋਰੀ ਹੋ ਗਈ ਹੈ, ਜਿਸ ਕਾਰਨ ਉਸ ਨੂੰ ਕਾਫ਼ੀ ਧੱਕਾ ਲੱਗਿਆ ਹੈ।

ਆਪਣੇ ਭੈਣ-ਭਰਾ ਰਾਹੀਂ ਕਰਾਂਗੀ ਆਪਣਾ ਸੁਫਨਾ ਪੂਰਾ | International Women’s Day

ਕਾਜਲ ਆਪਣੇ ਦੋ-ਭੈਣ ਭਰਾਵਾਂ ਨੂੰ ਪੜ੍ਹਾ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਪੜ੍ਹਾ ਕੇ ਸਰਕਾਰੀ ਨੌਕਰੀ ਤੱਕ ਲਿਜਾਣ ਲਈ ਤੱਤਪਰ ਹੈ। ਉਸ ਦੀ ਛੋਟੀ ਭੈਣ ਨੌਵੀਂ ਕਲਾਸ ਵਿੱਚ, ਜਦੋਂ ਕਿ ਭਰਾ ਸੱਤਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਕਾਜਲ ਕਹਿੰਦੀ ਹੈ ਕਿ ਉਹ ਖੁਦ ਤਾਂ ਆਪਣੇ ਪੁਲਿਸ ’ਚ ਨੌਕਰੀ ਕਰਨ ਦੇ ਸੁਫਨੇ ਨੂੰ ਪੂਰਾ ਨਹੀਂ ਕਰ ਸਕੀ ਪਰ ਆਪਣੇ ਭੈਣ-ਭਰਾ ਰਾਹੀਂ ਇਸ ਸੁਫਨੇ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਸ ਨੇ ਦੱਸਿਆ ਕਿ ਕੰਮ ਕਰਕੇ ਉਸ ਨੇ ਆਪਣਾ ਘਰ ਵੀ ਬੈਠਣ ਜੋਗਾ ਬਣਾ ਲਿਆ ਹੈ।

LEAVE A REPLY

Please enter your comment!
Please enter your name here