ਪੁਲਿਸ ਟੀਮਾਂ ਦੋਸ਼ੀ ਨੂੰ ਫੜਨ ਲਈ ਸਰਗਰਮੀ ਨਾਲ ਕੋਸ਼ਿਸ਼ ਕਰ ਰਹੀਆਂ ਹਨ : ਡੀਜੀਪੀ ਗੌਰਵ ਯਾਦਵ
War Against Drugs: (ਰਾਜਨ ਮਾਨ) ਅੰਮ੍ਰਿਤਸਰ। ‘ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਦੌਰਾਨ ਸਰਹੱਦ ਪਾਰ ਤਸਕਰੀ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡਿਆਲਾ ਦੇ ਪਿੰਡ ਦੇਵੀ ਦਾਸਪੁਰਾ ਤੋਂ 115 ਕਰੋੜ ਰੁਪਏ ਦੀ ਕੀਮਤ ਦੀ 23 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ, ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਅਮਰੀਕਾ ਸਥਿਤ ਤਸਕਰ ਜਸਪ੍ਰੀਤ ਸਿੰਘ ਉਰਫ਼ ਲੱਕੀ ਦੁਆਰਾ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦੀ ਸੀ।
ਇਹ ਵੀ ਪੜ੍ਹੋ: Farmers Protest: ਮਾਝੇ ਦੋਆਬੇ ’ਚ ਦਰਜਨਾਂ ਥਾਵਾਂ ’ਤੇ ਪੁਲਿਸ ਨੇ ਚੰਡੀਗੜ੍ਹ ਵੱਲ ਤੁਰੇ ਕਿਸਾਨਾਂ ਨੂੰ ਰਸਤੇ ’ਚ ਰੋਕਿਆ…
ਇਸ ਮਾਮਲੇ ਵਿੱਚ ਖੇਪ ਪ੍ਰਾਪਤ ਕਰਨ ਵਾਲੇ ਪਿੰਡ ਦੇਵੀ ਦਾਸਪੁਰਾ ਦੇ ਰਹਿਣ ਵਾਲੇ ਮੁਲਜ਼ਮ ਸਾਹਿਲਪ੍ਰੀਤ ਸਿੰਘ ਉਰਫ਼ ‘ਕਰਨ’ ਨੂੰ ਨਾਮਜ਼ਦ ਕੀਤਾ ਗਿਆ ਹੈ। ਉਸਨੇ ਕਿਹਾ ਕਿ ਪੁਲਿਸ ਦੀਆਂ ਕਈ ਟੀਮਾਂ ਉਸਨੂੰ ਗ੍ਰਿਫ਼ਤਾਰ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਡੀਜੀਪੀ ਨੇ ਕਿਹਾ ਕਿ ਤਸਕਰੀ ਦੇ ਨੈੱਟਵਰਕ ਵਿੱਚ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸਤਿੰਦਰ ਸਿੰਘ, ਜੋ ਸੀਨੀਅਰ ਪੁਲਿਸ ਸੁਪਰਡੈਂਟ (ਐੱਸਐੱਸਪੀ) ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਚੈੱਕ ਪੋਸਟ ’ਤੇ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਸਾਹਿਲਪ੍ਰੀਤ ਸਿੰਘ ਉਰਫ਼ ਕਰਨ ਨੂੰ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਮਿਲੀ ਹੈ।
ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਜੰਡਿਆਲਾ ਦੀਆਂ ਟੀਮਾਂ ਨੇ ਇੱਕ ਗੁਪਤ ਕਾਰਵਾਈ ਤਹਿਤ ਪਿੰਡ ਦੇਵੀ ਦਾਸਪੁਰਾ ਵਿਖੇ ਨਿਰਧਾਰਤ ਜਗ੍ਹਾ ਤੋਂ ਇੱਕ ਬੋਰੀ ਵਿੱਚ ਛੁਪਾਏ ਗਏ 23 ਪੈਕੇਟ ਹੈਰੋਇਨ (ਹਰੇਕ 1 ਕਿਲੋ) ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਾਹਿਲਪ੍ਰੀਤ ਅਮਰੀਕਾ ਸਥਿਤ ਤਸਕਰ ਜਸਪ੍ਰੀਤ ਸਿੰਘ ਉਰਫ਼ ਲੱਕੀ ਨਾਲ ਸਿੱਧੇ ਸੰਪਰਕ ਵਿੱਚ ਸੀ, ਜਿਸਨੇ ਖੇਪ ਦਾ ਪ੍ਰਬੰਧਨ ਕੀਤਾ ਸੀ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਉਰਫ਼ ਲੱਕੀ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਅਸਲਾ ਐਕਟ ਅਤੇ ਕਤਲ ਦੇ ਮਾਮਲੇ ਦਰਜ ਹਨ।ਡੀਆਈਜੀ ਨੇ ਕਿਹਾ ਕਿ ਪੁਲਿਸ ਟੀਮਾਂ ਦੋਸ਼ੀ ਸਾਹਿਲਪ੍ਰੀਤ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਕਰ ਰਹੀਆਂ ਹਨ।ਇਸ ਸਬੰਧੀ ਐੱਨਡੀਪੀਐਸ ਐਕਟ ਦੀ ਧਾਰਾ 21ਸੀ ਤਹਿਤ ਐਫਆਈਆਰ 32 ਮਿਤੀ 4/3/2025 ਨੂੰ ਪੁਲਿਸ ਸਟੇਸ਼ਨ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਹੈ। War Against Drugs