Ludhiana News: ਪਾਤਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਸਨ : ਸੌਂਦ
Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਤਿੰਨ ਰੋਜ਼ਾ ‘ਰਾਜ ਪੱਧਰੀ ਸੁਰਜੀਤ ਪਾਤਰ ਕਲਾ ਉਤਸਵ’ ਪੀ ਏ ਯੂ ਵਿਖੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ। ਪੰਜਾਬ ਕਲਾ ਪਰਿਸ਼ਦ ਵੱਲੋਂ ਹੋ ਰਹੇ ਇਸ ਉਤਸਵ ਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਤਰੁਣਦੀਪ ਸਿੰਘ ਸੌਂਦ ਨੇ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨਾ ਅੱਜ ਦੇ ਸਮੇਂ ਦੀ ਲੋੜ ਹੈ ਤਾਂ ਕਿ ਚੰਗੀਆਂ ਲਿਖਤਾਂ, ਵਧੀਆਂ ਕਿਤਾਬਾਂ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਸਕਣ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਕਲਾ ਨਾਲ ਜੁੜਨ ਵਾਲੇ ਇਨਸਾਨ ਸੁਭਾਅ ਅਤੇ ਵਰਤਾਰੇ ਪੱਖੋਂ ਨੇਕ ਦਿਲੀ ਵਾਲੇ ਹੁੰਦੇ ਹਨ ਜੋ ਸਮਾਜ ਦੇ ਭਲੇ ਲਈ ਯਤਨਸ਼ੀਲ ਰਹਿੰਦੇ ਹਨ। ਪੰਜਾਬ ਸਰਕਾਰ ਵੱਲੋਂ ਸਾਹਿਤ, ਕਲਾ, ਵਿਰਾਸਤ ਅਤੇ ਮਾਣਮੱਤੇ ਇਤਹਿਾਸ ਨੂੰ ਸੰਭਾਲਣ ਅਤੇ ਪਸਾਰਨ ਲਈ ਸੰਜੀਦਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਇਹ ਰਾਜ ਪੱਧਰੀ ‘ਸੁਰਜੀਤ ਪਾਤਰ ਕਲਾ ਉਤਸਵ’ ਉਹਨਾ ਪ੍ਰੋਗਰਾਮਾਂ ਦਾ ਹੀ ਹਿੱਸਾ ਹੈ। ਉਹਨਾਂ ਕਿਹਾ ਕਿ ਸੁਰਜੀਤ ਪਾਤਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਸਨ ਅਤੇ ਆਪਣੀਆਂ ਲਿਖਤਾਂ ਨਾਲ ਹਮੇਸ਼ਾ ਰਹਿਣਗੇ ਵੀ ।
‘ਸੁਰਜੀਤ ਪਾਤਰ ਸੱਥ‘ ਯੂਨੀਵਰਸਿਟੀ ਵਿੱਚ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣੇਗੀ
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਕਿਹਾ ਕਿ ਡਾ. ਸੁਰਜੀਤ ਪਾਤਰ ਨੇ ਇਸ ਯੂਨੀਵਰਸਿਟੀ ਵਿੱਚ ਸ਼ਬਦ ਸੱਭਿਅਚਾਰ ਦੇ ਜੋ ਬੀਜ ਬੀਜੇ ਹਨ ਉਹਨਾਂ ਦੀ ਬਦੌਲਤ ਯੂਨੀਵਰਸਿਟੀ ਦੇ ਵਿਹੜੇ ਵਿੱਚ ਸਾਹਿਤ ਅਤੇ ਕਲਾ ਦਾ ਭਰਵਾਂ ਬੋਲਬਾਲਾ ਹੈ । ਡਾ. ਗੋਸਲ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਬਣਾਈ ਗਈ ‘ਸੁਰਜੀਤ ਪਾਤਰ ਸੱਥ‘ ਯੂਨੀਵਰਸਿਟੀ ਵਿੱਚ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣੇਗੀ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਪੰਜਾਬ ਨਵ ਨਿਰਮਾਣ ਮਹਾਂ ਉਤਸਵ ਅਧੀਨ ਵੱਖ-ਵੱਖ ਪਿੰਡਾਂ ਸ਼ਹਿਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਸਮਾਗਮ ਕੀਤੇ ਜਾ ਰਹੇ ਹਨ । Ludhiana News
ਇਹ ਵੀ ਪੜ੍ਹੋ: Kisan Credit Card: ਕਿਸਾਨ ਕ੍ਰੈਡਿਟ ਕਾਰਡ ਦੀ ਰਕਮ 10 ਲੱਖ ਕਰੋੜ ਰੁਪਏ ਤੋਂ ਪਾਰ, 7.72 ਕਰੋੜ ਕਿਸਾਨਾਂ ਨੂੰ ਲਾਭ
ਸਵੀ ਨੇ ਦੱਸਿਆ ਮਾਰਚ ਦੇ ਅਖੀਰ ਤੱਕ ਹੋ ਰਹੇ ਇਹਨਾਂ ਸਮਾਗਮਾਂ ਵਿੱਚ ਪ੍ਰੋੜ ਸਾਹਿਤਕਾਰ , ਕਲਾਕਾਰ ਅਤੇ ਨੌਜਵਾਨ ਲੇਖਕ ਕਲਾਕਾਰ ਭਾਗ ਲੈ ਰਹੇ ਹਨ .ਯੂਨੀਵਰਿਸਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਵੱਲੋਂ ਕਈ ਸਾਲ ਪਹਿਲਾਂ ਵਿਦਿਆਰਥੀ ਕਲਾ ਉਤਸਵ ਡਾ ਸੁਰਜੀਤ ਪਾਤਰ ਨੇ ਹੀ ਸ਼ੁਰੂ ਕੀਤਾ ਸੀ ਜਿਸਨੂੰ ਹੁਣ ਉਹਨਾਂ ਦੇ ਨਾਮ ਨਾਲ ਹੀ ਮਨਾਉਣਾ ਸ਼ੁਰੂ ਕੀਤਾ ਹੈ।
ਇਸ ਮੌਕੇ ਡਾ. ਚਰਨਜੀਤ ਸਿੰਘ ਔਲਖ, ਧਰਮ ਸਿੰਘ ਸੰਧੂ, ਨਵਜੋਤ ਸਿੰਘ ਮੰਡੇਰ, ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ, ਹਰਪਾਲ ਸਿੰਘ ਮਾਂਗਟ, ਡਾ ਸੁਰਜੀਤ ਭਦੌੜ, ਰਵਿੰਦਰ ਰੰਗੂਵਾਲ, ਜਸਮੇਰ ਸਿੰਘ ਢੱਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ. ਜੁਆਇੰਟ ਡਾਇਰੈਕਟਰ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ. ਪ੍ਰੋਗਰਾਮ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ, ਡਾ ਦਿਵਿਆ ਉਤਰੇਜਾ ਅਤੇ ਡਾ. ਗੁਰਨਾਜ ਗਿੱਲ ਨੇ ਕੀਤਾ। ਸੁਰਜੀਤ ਪਾਤਰ ਆਲ ਓਵਰ ਆਲ ਟਰਾਫੀ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਨੇ ਪ੍ਰਾਪਤ ਕੀਤੀ ਜਦੋਂ ਕਿ ਕਾਲਜ ਆਫ ਬੇਸਿਕ ਸਾਇੰਸ ਨੂੰ ਦੂਸਰਾ ਅਤੇ ਕਾਲਜ ਆਫ ਕਮਿਊਨਟੀ ਸਾਇੰਸ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ।