ਹੁਣ ਤੱਕ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਕਾਰਵਾਈ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਸ਼ਾਮਲ
ਭਵਿੱਖ ’ਚ ਵੀ ਜਾਰੀ ਰਹੇਗੀ ਕਾਰਵਾਈ, ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ : ਡੀਜੀਪੀ
Action Against Corruption: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਸਬੰਧੀ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਕੋ ਦਿਨ ਵਿੱਚ ਹੀ 52 ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਦੇ ਹੋਏ ਘਰ ਤੋਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਾਜੜ ਪੈ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਖ਼ਿਲਾਫ਼ ਇਕੋ ਸਮੇਂ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਬਰਖ਼ਾਸਤ ਕੀਤੇ ਗਏ 52 ਪੁਲਿਸ ਅਧਿਕਾਰੀਆਂ ਵਿੱਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਸ਼ਾਮਲ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੈ੍ਰਸ ਕਾਨਫਰੰਸ ਕਰਦੇ ਹੋਏ ਇਸ ਸਬੰਧੀ ਖ਼ੁਦ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: Rekha Gupta: ਰੇਖਾ ਗੁਪਤਾ ਅੱਜ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਵੱਡੇ ਪੱਧਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰੱਖਣਗੇ ਤਾਂ ਕਿ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਫਿਰ ਅਧਿਕਾਰੀ ਭ੍ਰਿਸ਼ਟਾਚਾਰ ਕਰਦੇ ਹੋਏ ਆਮ ਲੋਕਾਂ ਨਾਲ ਲੁੱਟ ਨਾ ਕਰ ਸਕਣ।
ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ 400 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਅੱੈਫਆਈਆਰ ਦਰਜ ਕੀਤੀ ਜਾਚੁੱਕੀ ਹੈ।
ਇਸ ਲਈ ਇਹ ਧਾਰਨਾ ਗਲਤ ਹੈ ਕਿ ਪੁਲਿਸ ਆਪਣੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਆਮ ਜਾਂ ਫਿਰ ਖ਼ਾਸ ਲੋਕ ਭ੍ਰਿਸ਼ਟਾਚਾਰ ਕਰਨਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਪੁਲਿਸ ਅਧਿਕਾਰੀ ਜਾਂ ਫਿਰ ਮੁਲਾਜ਼ਮ ਹੀ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ 10 ਡੀਐੱਸਪੀ ਅਤੇ 8 ਐੱਸਪੀ ਨੂੰ ਵੀ ਬਰਖਾਸਤ ਪਿਛਲੇ ਕੁਝ ਦਿਨਾਂ ਵਿੱਚ ਕੀਤਾ ਗਿਆ ਹੈ ਅਤੇ ਕਿਸੇ ਵੀ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਂਗ ਪੰਜਾਬ ਪੁਲਿਸ ਵਿੱਚ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਨੀਤੀ ਹੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਪੁਲਿਸ ਦੀ ਤਰਜ਼ ’ਤੇ ਈਐੱਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜੇਕਰ ਕਿਸੇ ਦਾ ਵਾਹਨ ਚੋਰੀ ਹੁੰਦਾ ਹੈ ਤਾਂ ਉਹ ਇਲੈਕਟ੍ਰੋਨਿਕ ਤਰੀਕੇ ਨਾਲ ਐੱਫਆਈਆਰ ਦਰਜ ਕਰਵਾ ਸਕਦਾ ਹੈ। Action Against Corruption
ਬਰਖ਼ਾਸਤ ਅਧਿਕਾਰੀਆਂ ਦੀ ਜ਼ਿਲ੍ਹਾ-ਵਾਰ ਸੂਚੀ
ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਕੀਤੇ ਗਏ 52 ਪੁਲਿਸ ਅਧਿਕਾਰੀਆਂ ਦੀ ਸੂਚੀ ਵਿੱਚ ਸੀਪੀ ਅੰਮ੍ਰਿਤਸਰ ਤੋਂ 2, ਸੀਪੀ ਜਲੰਧਰ ਤੋਂ 2, ਸੀਪੀ ਲੁਧਿਆਣਾ ਤੋਂ 4, ਬਟਾਲਾ ਤੋਂ 2, ਬਠਿੰਡਾ ਤੋਂ 2, ਫਤਹਿਗੜ੍ਹ ਸਾਹਿਬ ਤੋਂ 1, ਫਾਜ਼ਿਲਕਾ ਤੋਂ 2, ਫਰੀਦਕੋਟ ਤੋਂ 3, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 1, ਹੁਸ਼ਿਆਰਪੁਰ ਤੋਂ 4, ਜਲੰਧਰ ਦਿਹਾਤੀ ਤੋਂ 2, ਕਪੂਰਥਲਾ ਤੋਂ 4, ਖੰਨਾ, ਲੁਧਿਆਣਾ ਦਿਹਾਤੀ ਤੋਂ 3, ਮਾਨਸਾ ਤੋਂ 1, ਮਲੇਰਕੋਟਲਾ ਤੋਂ 1, ਪਠਾਨਕੋਟ ਤੋਂ 1, ਪਟਿਆਲਾ ਤੋਂ 5, ਰੂਪਨਗਰ ਤੋਂ 1, ਸ੍ਰੀ ਮੁਕਤਸਰ ਸਾਹਿਬ ਤੋਂ 2, ਸੰਗਰੂਰ ਤੋਂ 2, ਐੱਸਏਐੱਸ ਨਗਰ ਤੋਂ 2, ਐੱਸਬੀਐੱਸ ਨਗਰ ਤੋਂ 1 ਅਤੇ ਤਰਨਤਾਰਨ ਤੋਂ 2 ਸ਼ਾਮਲ ਹਨ।