ਆਮ ਆਦਮੀ ਪਾਰਟੀ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਐਲਾਨਿਆ ਮੇਅਰ
- ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੌਹਰ ਡਿਪਟੀ ਮੇਅਰ ਐਲਾਨੇ
Ludhiana News: ਲੁਧਿਆਣਾ (ਰਘਬੀਰ ਸਿੰਘ)। ਲੁਧਿਆਣਾ ਨੂੰ ਅੱਜ 7ਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮੇਅਰ ਐਲਾਨ ਦਿੱਤਾ ਹੈ। ਉਹ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਬਣ ਗਈ ਹੈ। ਇਸ ਦੇ ਨਾਲ ਹੀ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਉਨ੍ਹਾਂ ਅੱਜ ਹੀ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ। ਦਰਅਸਲ, ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। Ludhiana News
ਇਹ ਖਬਰ ਵੀ ਪੜ੍ਹੋ : America News: ਅਮਰੀਕਾ ’ਚ ਮਾਸਟਰ ਡਿਗਰੀ ਕਰ ਕਰੇ ਭਾਰਤੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ
ਇਸ ਤੋਂ ਪਹਿਲਾਂ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਤੇ ਅੰਮ੍ਰਿਤ ਵਰਸ਼ਾ ’ਚੋਂ ਕਿਸੇ ਦੀ ਚੋਣ ਕਰ ਸਕਦੀ ਹੈ। ਹਾਲਾਂਕਿ ਬਾਅਦ ’ਚ ਪਾਰਟੀ ਨੇ ਇੰਦਰਜੀਤ ਕੌਰ ਦੇ ਨਾਂਅ ਨੂੰ ਮਨਜ਼ੂਰੀ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੇਅਰ ਦਾ ਨਾਂਅ ਦਿੱਲੀ ਤੋਂ ਰਿਕਮੈਂਡ ਹੋਇਆ ਹੈ। ਭਾਜਪਾ ਕੌਂਸਲਰਾਂ ਨੇ ਗੁਰੂ ਨਾਨਕ ਦੇਵ ਭਵਨ ਦੇ ਬਾਹਰ ਹੰਗਾਮਾ ਕੀਤਾ। ਰੋਹਿਤ ਸਿੱਕਾ ਨੇ ਕਿਹਾ ਕਿ ਵੋਟਿੰਗ ਬੈਲਟ ਪੇਪਰ ਰਾਹੀਂ ਹੋਣੀ ਚਾਹੀਦੀ ਸੀ ਪਰ ਵੋਟਿੰਗ ਹੱਥ ਦਿਖਾ ਕੇ ਕਰਵਾਈ ਗਈ। ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਨਵਨਿਯੁਕਤ ਮੇਅਰ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਵਧਾਈ ਦੇਣ ਦਿੱਤੀ ਗਈ।
ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੁਣੇ ਹੋਏ ਕੌਂਸਲਰਾਂ ਨੂੰ ਬੱਸ ’ਚ ਬੈਠਾ ਕੇ ਲਿਆਈ ਜਿਸ ਤਰ੍ਹਾਂ ਕੈਦੀਆਂ ਨੂੰ ਲਿਆਂਦਾ ਜਾਂਦਾ ਹੈ, ਉਸੇ ਤਰ੍ਹਾਂ ਕੌਂਸਲਰਾਂ ਨੂੰ ਬੱਸਾਂ ’ਚ ਬਿਠਾ ਕੇ ਲਿਆਂਦਾ ਗਿਆ। ਮੇਅਰ ਬਣਾਉਣ ਤੋਂ ਇੱਕ ਦਿਨ ਪਹਿਲਾਂ ‘ਆਪ’ ਨੇ ਕਾਂਗਰਸ ਨੂੰ ਕਰਾਰਾ ਝਟਕਾ ਦਿੱਤਾ ਹੈ। ਵਾਰਡ ਨੰਬਰ 41 ਦੀ ਕੌਂਸਲਰ ਮਮਤਾ ਰਾਣੀ ਨੇ ਕਾਂਗਰਸ ਦਾ ਹੱਥ ਛੱਡ ਕੇ ‘ਆਪ’ ਦਾ ਝਾੜੂ ਫੜ ਲਿਆ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੌਂਸਲਰ ਮਮਤਾ ਰਾਣੀ, ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ, ਮਨੀ ਰਾਮ ਤੇ ਵਿਸ਼ਾਲ ਧਵਨ ਨੂੰ ਪਾਰਟੀ ’ਚ ਸ਼ਾਮਲ ਕਰਕੇ ‘ਆਪ’ ਦਾ ਅੰਕੜਾ ਪੂਰਾ ਕਰ ਲਿਆ।
ਸਾਫ ਨੀਅਤ ਤੇ ਨੀਤੀਆਂ ਨਾਲ ਕੰਮ ਹੋਵੇਗਾ | Ludhiana News
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਸਾਫ ਨੀਅਤ ਤੇ ਨੀਤੀਆਂ ਨਾਲ ਕੰਮ ਕੀਤਾ ਜਾਵੇਗਾ ਤਾਂ ਸ਼ਹਿਰ ਦਾ ਵਿਕਾਸ ਜ਼ਰੂਰ ਹੋਵੇਗਾ। ਜਿਹੜੇ ਭਾਜਪਾ ਕੌਂਸਲਰ ਵਿਰੋਧ ਕਰ ਰਹੇ ਹਨ, ਉਹ ਇਹ ਪੜ੍ਹ ਲੈਣ ਕਿ ਹੱਥ ਉਠਾ ਕੇ ਵੀ ਵੋਟ ਪਾਈ ਜਾ ਸਕਦੀ ਹੈ। ਨਕਾਰਾਤਮਕ ਸੋਚ ਨੂੰ ਦੂਰ ਰੱਖ ਕੇ ਸਾਰਿਆਂ ਨੂੰ ਮਿਲ ਕੇ ਸ਼ਹਿਰ ਲਈ ਕੰਮ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੇ ਅੱਜ ਇੱਕ ਜ਼ਮੀਨੀ ਪੱਧਰ ਦੀ ਮਹਿਲਾ ਵਰਕਰ ਨੂੰ ਮੇਅਰ ਨਿਯੁਕਤ ਕੀਤਾ ਹੈ ਤਾਂ ਜੋ ਔਰਤਾਂ ਨੂੰ ਸਮਾਜ ’ਚ ਅੱਗੇ ਆਉਣ ਦਾ ਮੌਕਾ ਮਿਲ ਸਕੇ। Ludhiana News
ਸਾਰੇ ਕੌਂਸਲਰਾਂ ਦੇ ਸਹਿਯੋਗ ਦੀ ਲੋੜ | Ludhiana News
ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਨਿਧੀ ਗੁਪਤਾ ਉਸ ਦੀ ਭੈਣ ਹੈ। ਉਨ੍ਹਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਾਂਗੇ। ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਉਨ੍ਹਾਂ ਪਾਰਟੀ ਦੀ ਸਥਾਨਕ ਲੀਡਰਸ਼ਿਪ ਤੇ ਹਾਈ ਕਮਾਂਡ ਦੋਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਕੌਂਸਲਰਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਅਸੀਂ ਸ਼ਹਿਰ ਦਾ ਵਿਕਾਸ ਕਰ ਸਕੀਏ। ਪੰਜਾਬ ’ਚ ਲੁਧਿਆਣਾ ਦੀ ਬਿਹਤਰ ਤਸਵੀਰ ਬਣਾਉਣ ਲਈ ਸਾਰੇ ਵਾਰਡਾਂ ’ਚ ਕੰਮ ਕੀਤਾ ਜਾਵੇਗਾ।