
ਅਮਲੋਹ ਵਿਖੇ 31 ਧੀਆਂ ਦੀ ਲੋਹੜੀ ਮਨਾਈ ਗਈ | Amloh News
Amloh News: (ਅਨਿਲ ਲੁਟਾਵਾ) ਅਮਲੋਹ। ਲੜਕੀਆਂ ਸਮਾਜ ਦਾ ਅਹਿਮ ਅੰਗ ਹਨ ਅਤੇ ਲੜਕੀਆਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਜਦੋਂ ਕਿ ਪੂਰੀ ਦੁਨੀਆਂ ਵਿੱਚ ਆਧੁਨਿਕ ਤਕਨਾਲੌਜੀ ਵਿਕਸਤ ਹੋ ਰਹੀ ਹੈ ਤਾਂ ਅਜਿਹੇ ਦੌਰ ਵਿੱਚ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਆਪਣੀ ਜਿੰਦਗੀ ਆਜ਼ਾਦੀ ਨਾਲ ਜਿਉਣ ਦਾ ਹੱਕ ਦੇਣਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਹੱਕ ਦੇ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਮਨੀ ਬੜਿੰਗ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਸਿਹਰਾ ਗਰਾਉਂਡ ਅਮਲੋਹ ਵਿਖੇ ਕਰਵਾਏ ਧੀਆਂ ਦੀ ਲੋਹੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਬੇਟੀਆਂ ਦੀ ਉਚੇਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਅੱਜ ਦੇ ਇਸ ਦੌਰ ਵਿੱਚ ਹੋਰ ਵੀ ਵਧੇਰੇ ਤਰੱਕੀ ਕਰ ਸਕਣ।
ਇਹ ਵੀ ਪੜ੍ਹੋ: Central Government Scheme: ਪੀਐਮ ਮੋਦੀ ਨੇ ਵੰਡੇ 65 ਲੱਖ ਮਾਲਕੀ ਜਾਇਦਾਦ ਕਾਰਡ
ਜ਼ਿਲ੍ਹਾ ਪ੍ਰਸਾਸਨ ਫ਼ਤਹਿਗੜ੍ਹ ਸਾਹਿਬ ਵੱਲੋਂ ਉਲੀਕੇ ਗਏ ਧੀਆਂ ਦੀ ਲੋਹੜੀ ਪ੍ਰੋਗਰਾਮ ਤਹਿਤ ਅਮਲੋਹ ਵਿਖੇ 31 ਧੀਆਂ ਦੀ ਲੋਹੜੀ ਮਨਾਈ ਗਈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀਆਂ ਵਿਦਿਆਰਥਣਾ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਿਊਸੀਪਲ ਕਮੇਟੀ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ ਨੇ ਦਾਜ ਵਰਗੇ ਕੌਹੜ ਨੂੰ ਸਮਾਜ ਵਿੱਚੋਂ ਕੱਢਣ ਲਈ ਧੀਆਂ ਤੇ ਪੁੱਤਾਂ ਦੇ ਵਿਆਹ ਸਮੇਂ ਨਾ ਦਾਜ ਦੇਣ ਅਤੇ ਨਾ ਹੀ ਦਾਜ ਲੈਣ ਦੀ ਗੱਲ ਕੀਤੀ।

ਮਾਰਕਿਟ ਕਮੇਟੀ ਅਮਲੋਹ ਦੇ ਚੇਅਰਪਰਸ਼ਨ ਸ੍ਰੀਮਤੀ ਸੁਖਵਿੰਦਰ ਕੌਰ ਗਹਿਲੋਤ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦੇ ਉਪਰਾਲੇ ਨੂੰ ਪ੍ਰਸੰਸ਼ਾਯੋਗ ਕਦਮ ਦੱਸਦੇ ਹੋਏ, ਧੀਆਂ ਦੀ ਹਰ ਖੇਤਰ ਵਿੱਚ ਉਪਲੱਬਧੀਆਂ ਬਾਰੇ ਵਿਸ਼ੇਸ਼ ਚਾਨਣਾ ਪਾਇਆ। ਨਵ ਜੰਮੀਆਂ 31 ਬੱਚੀਆਂ ਨੂੰ ਬੇਬੀ ਕਿੱਟ, ਕੰਬਲ ਤੇ ਮਠਿਆਈ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ, ਬਾਲ ਵਿਕਾਸ ਪ੍ਰੋਜੇਕਟਰ ਅਫਸਰ ਸ੍ਰੀਮਤੀ ਹਰਜੀਤ ਕੌਰ, ਨਗਰ ਕੌਂਸਲ ਦੇ ਮੀਤ ਪ੍ਰਧਾਨ ਜਗਤਾਰ ਸਿੰਘ, ਲਵਪ੍ਰੀਤ ਸਿੰਘ ਲਵੀ, ਅਵਤਾਰ ਸਿੰਘ, ਗਿਆਨਵੀਰ ਸਿੰਘ, ਹਰਿੰਦਰ ਕੌਰ, ਜਾਨਵੀ, ਮੋਂਟੀ ਪੰਡਿਤ, ਪਿੰਡ ਦੇ ਸਰਪੰਚ ਸੀਡੀਪੀਓ. ਅਮਲੋਹ ਦਾ ਸਮੂਹ ਸਟਾਫ ਹਾਜ਼ਰ ਰਿਹਾ। ਮੰਚ ਦਾ ਸੰਚਾਲਣ ਪੂਨਮ ਰਾਣੀ ਸੂਪਰਵਾਈਜ਼ਰ ਸੀਡੀਪੀਓ ਦਫਤਰ ਵੱਲੋਂ ਬਾਖੂਬੀ ਨਿਭਾਈ ਗਈ।