ਦਸੰਬਰ ਮਹੀਨੇ ਦੀ ਸਵੇਰ ਦੀ ਠੰਢ ਹੱਡਾਂ ਨੂੰ ਠਾਰ ਰਹੀ ਸੀ ਇਂਜ ਲੱਗਦਾ ਸੀ ਜਿਵੇਂ ਪਿਛਲੇ ਦਿਨੀਂ ਜੋ ਠੰਢ ਘੱਟ ਪਈ ਸੀ, ਉਸਦਾ ਬਦਲਾ ਅੱਜ ਦੀ ਠੰਢ ਲੈ ਰਹੀ ਹੈ ਬਿਸਤਰਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਦਫ਼ਤਰ ਜਾਣ ਦੀ ਮਜ਼ਬੂਰੀ ਬਿਸਤਰੇ ਨੂੰ ਧੱਕੇ ਨਾਲ ਦੂਰ ਕਰ ਰਹੀ ਸੀ ਦਫ਼ਤਰ ਵੱਲ ਨੂੰ ਵੱਧਦੀ ਹੋਈ ਬੱਸ ਧੁੰਦ ਨਾਲ ਮਸਤੀ ਕਰ ਰਹੀ ਸੀ ਕਦੀ ਧੁੰਦ ਬੱਸ ‘ਤੇ ਹਾਵੀ ਹੋ ਜਾਂਦੀ ਸੀ ਤੇ ਕਦੀ ਬੱਸ ਧੁੰਦ ਦੀ ਛਾਤੀ ਚੀਰ ਅੱਗੇ ਵਧ ਜਾਂਦੀ ਸੀ ਪਰ ਮੇਰੀਆਂ ਅੱਖਾਂ ਅਤੇ ਨੀਂਦ ਵਿਚਲੀ ਲੜਾਈ ‘ਚ ਨੀਂਦ ਜਿੱਤ ਰਹੀ ਸੀ
ਬੱਸ ਦੇ ਸ਼ੋਰ ਨੂੰ ਚੀਰਦੀ ਹੋਈ ਮੇਰੇ ਮੋਬਾਇਲ ਦੀ ਘੰਟੀ ਮੇਰੇ ਕੰਨਾਂ ਤੱਕ ਪਹੁੰਚੀ ਜਦੋਂ ਮੋਬਾਇਲ ਦੀ ਸਕਰੀਨ ‘ਤੇ ਨੰਬਰ ਦੇਖਿਆ ਤਾਂ ਮੇਰੇ ਦਿਮਾਗ ਵਿੱਚ ਬੀਤੇ ਦਿਨ ਦੇ ਅਧੂਰੇ ਛੱਡੇ ਦਫਤਰੀ ਕੰਮਾਂ ਦਾ ਇੱਕ ਦਮ ਖ਼ਿਆਲ ਆ ਗਿਆ, ਕਿਉੁਂਕਿ ਫੋਨ ਦਫਤਰ ਤੋਂ ਆ ਰਿਹਾ ਸੀ ਫੋਨ ਚੁੱਕਦਿਆਂ ਹੀ ਜੋ ਮੈਂ ਸੁਣਿਆ ਉਸ ਨੇ ਅੱਖਾਂ ਦੀ ਨੀਂਦ ਅਤੇ ਠੰਢ ਦੀ ਹੱਡ ਚੀਰਵੀਂ ਠਾਰੀ ਦੋਵਾਂ ਨੂੰ ਭੁਲਾ ਦਿੱਤਾ ਫੋਨ ਰਾਹੀਂ ਮੈਨੂੰ ਪਤਾ ਲੱਗਾ ਕਿ ਸੰਗਰੂਰ ਲਾਗੇ ਇੱਕ ਪਿੰਡ ਵਿੱਚ ਕੋਈ ਨਵਜੰਮੀ ਬੱਚੀ ਲਵਾਰਸ ਛੱਡ ਗਿਆ ਹੈ
ਮੈਂ ਸੋਚ ਰਿਹਾ ਸੀ ਕਿ ਦਸੰਬਰ ਮਹੀਨੇ ਦੀ ਠੰਢ, ਜੋ ਨੌਜਵਾਨਾਂ ਨੂੰ ਹਿਲਾ ਰਹੀ ਹੈ ਇਸ ਠੰਢ ‘ਚ ਉਸ ਬੱਚੀ ਨੇ ਰਾਤ ਕਿਵੇਂ ਕੱਢੀ ਹੋਵੇਗੀ? ਦਫ਼ਤਰ ਪਹੁੰਚ ਕੇ ਮੇਰੀ ਸਭ ਤੋਂ ਪਹਿਲੀ ਤਾਂਘ ਉਸ ਬੱਚੀ ਨੂੰ ਦੇਖਣ ਦੀ ਸੀ, ਜੋ ਇਨਸਾਨ ਦੀ ਮਾੜੀ ਸੋਚ ਦੀ ਸ਼ਿਕਾਰ ਹੋਈ ਸੀ ਬੱਚੇ ਪਿਆਰ ਦੀ ਮੂਰਤ ਤੇ ਮਾਸੂਮ ਹੁੰਦੇ ਹਨ ਉਸ ਦੀ ਮਾਸੂਮੀਅਤ ਜ਼ਮਾਨੇ ਤੋਂ ਸਵਾਲ ਪੁੱਛ ਰਹੀ ਸੀ ਕਿ ਮੇਰੀ ਕੀ ਗਲਤੀ ਸੀ, ਜੋ ਮੈਨੂੰ ਜਨਮ ਲੈਂਦੇ ਹੀ ਮਾਂ ਦੀ ਮਮਤਾ, ਪਿਓ ਦੇ ਲਾਡ ਤੇ ਦਾਦਾ-ਦਾਦੀ ਦੇ ਪਿਆਰ-ਦੁਲਾਰ ਤੋਂ ਦੂਰ ਕਰ ਦਿੱਤਾ ਗਿਆ ਉਸ ਬੱਚੀ ਦੀਆਂ ਚੀਕਾਂ ਸ਼ਾਇਦ ਭੁੱਖ ਲਈ ਸਨ ਪਰ ਇਨ੍ਹਾਂ ਚੀਕਾਂ ‘ਚਂੋ ਇੱਕ ਸਵਾਲ ਉਪਜ ਰਿਹਾ ਸੀ ਕਿ ਮੇਰੀ ਮਾਂ ਦੀਆਂ ਅਜਿਹੀਆਂ ਕੀ ਮਜ਼ਬੂਰੀਆਂ ਹੋਣਗੀਆਂ, ਜਿਨ੍ਹਾਂ ਕਰਕੇ ਉਨ੍ਹਾਂ ਨੇ ਮੈਨੂੰ ਆਪਣੀ ਗੋਦ ਤਂੋ ਦੂਰ ਕਰ ਦਿੱਤਾ? ਕਾਰਨ ਹੋ ਸਕਦਾ ਹੈ ਕਿ ਸਮਾਜਿਕ ਜਾਂ ਆਰਥਿਕ ਹੋਣ ਪਰ ਕੀ ਇਨ੍ਹਾਂ ਕਾਰਨਾਂ ਨੇ ਇਨਸਾਨ ਦੇ ਜ਼ਮੀਰ ਨੂੰ ਏਨਾਂ ਮਜ਼ਬੂਰ ਕਰ ਦਿੱਤਾ ਕਿ ਉਹ ਆਪਣੇ ਢਿੱਡੋਂ ਜੰਮੇ ਨੂੰ ਸੁੱਟਣ ਲਈ ਮਜ਼ਬੂਰ ਹੋ ਗਿਆ
ਬੱਚੀ ਦੀਆਂ ਕਿਲਕਾਰੀਆਂ ਜੇਕਰ ਉਸਦੀ ਮਾਂ ਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਤਾਂ ਯਕੀਨਨ ਮਾਂ ਦਾ ਕਲੇਜਾ ਵਲੂੰਧਰਿਆ ਜਾਂਦਾ ਡੱਬੇ ਵਾਲਾ ਦੁੱਧ ਭਾਵੇਂ ਉਸ ਬੱਚੀ ਦੀ ਭੁੱਖ ਨੂੰ ਠੱਲ੍ਹ ਰਿਹਾ ਸੀ ਪਰ ਮਮਤਾ ਦੀ ਭੁੱਖ ਨੂੰ ਦੂਰ ਕਰਨ ਲਈ ਮਮਤਾ ਦੀ ਲੋੜ ਸੀ ਦੁੱਧ ਦੀ ਨਹੀਂ ਹਸਪਤਾਲ ਵਿੱਚ ਇੱਕ ਹੋਰ ਮਾਂ ਨੂੰ ਗੁਜਾਰਿਸ਼ ਕੀਤੀ ਗਈ ਕਿ ਇਸ ਬੱਚੀ ਨੂੰ ਦੁੱਧ ਪਿਆ ਦੇਵੇ ਬੇਗਾਨੀ ਮਾਂ ਦੀ ਗੋਦੀ ਵਿੱਚ ਆ ਕੇ ਬੱਚੀ ਇਵੇਂ ਮਹਿਸੂਸ ਕਰ ਰਹੀ ਸੀ, ਜਿਵਂੇ ਆਪਣੀ ਮਾਂ ਦੀ ਮਮਤਾ ਦੀ ਛਾਂ ਹੇਠ ਆ ਗਈ ਹੋਵੇ ਪਰ ਉਹ ਨੰਨ੍ਹੀ ਜਾਨ ਇਹ ਨਹੀਂ ਜਾਣਦੀ ਸੀ ਕਿ ਇਸ ਮਮਤਾ ਦਾ ਸਹਾਰਾ ਬੱਸ ਚੰਦ ਕੁ ਪਲਾਂ ਦਾ ਹੈ ਜਿੱਥੇ ਉਸ ਬੱਚੀ ਦੇ ਆਪਣਿਆਂ ਨੇ ਮਮਤਾ ਤੋਂ ਦੂਰ ਕਰ ਦਿੱਤਾ ਉੱਥੇ ਬੇਗਾਨੀ ਮਮਤਾ ‘ਤੇ ਕੀ ਹੱਕ ਹੈ?
ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਇਸ ਬੱਚੀ ਦੇ ਘਰ ਦੇ ਸਨ ਜਿਨ੍ਹਾਂ ਨੇ ਉਸਤੋਂ ਉਸਦੀ ਮਾਂ ਦੇ ਦੁੱਧ ਦਾ ਹੱਕ ਵੀ ਖੋਹ ਲਿਆ ਤੇ ਦੁਜੇ ਪਾਸੇ ਕੁਝ ਜੋੜੇ ਜਿਨ੍ਹਾਂ ਦੀ ਆਪਣੀ ਕੋਈ ਔਲਾਦ ਹੀ ਨਹੀਂ ਸੀ ਤੇ ਉਹ ਇਸ ਬੱਚੀ ਨੂੰ ਗੋਦ ਲੈਣ ਲਈ ਤਰਲੋ ਮੱਛੀ ਹੋ ਰਹੇ ਸਨ ਅਜਿਹੇ ਹਲਾਤ ‘ਚ ਇਹ ਸਵਾਲ ਵੀ ਮਨ ਵਿੱਚ ਉੱਠ ਰਿਹਾ ਸੀ ਕਿ ਅਸਲ ਮਮਤਾ ਦਾ ਨਾਂਅ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ?
ਸ਼ਾਮੀ ਘਰ ਵਾਪਸ ਆਉਂਦੇ ਹੋਏ ਵੀ ਮੇਰੀ ਸੋਚ ‘ਤੇ ਉਸ ਬੱਚੀ ਦੀ ਮਾਸੂਮੀਅਤ ਹਾਵੀ ਸੀ ਕਿ ਅਚਾਨਕ ਮੇਰੇ ਸਾਹਮਣੇ ਅਜਿਹਾ ਮੰਜ਼ਰ ਆ ਗਿਆ ਜਿਸਨੇ ਮੇਰੇ ਦਿਮਾਗ ਵਿੱਚ ਇਹ ਖਿਆਲ ਲਿਆ ਕਿ ਖੜ੍ਹਾ ਕਰ ਦਿੱਤਾ ਕਿ ਜਾਨਵਰਾਂ ਵਿੱਚ ਇਨਸਾਨਾਂ ਤੋ ਵੱਧ ਮਮਤਾ ਹੁੰਦੀ ਹੈ
ਮੇਰੀ ਨਿਗ੍ਹਾ ਇੱਕ ਗਾਂ ‘ਤੇ ਪਈ ਜੋ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਸੀ ਅਤੇ ਦੂਜੇ ਜਾਨਵਰਾਂ ਤੋਂ ਉਸਨੂੰ ਬਚਾਅ ਵੀ ਰਹੀ ਸੀ ਮੈਂ ਉਸ ਬੱਚੀ ਅਤੇ ਗਾਂ ਦੇ ਬੱਚੇ ਵਿੱਚ ਤੁਲਣਾ ਕਰ ਰਿਹਾ ਸੀ ਕਿ ਕਿਵੇਂ ਇੱਕ ਇਨਸਾਨ ਜਿਸਨੂੰ ਇਸ ਸ੍ਰਿਸ਼ਟੀ ਦੀ ਸਭ ਤੋਂ ਸਮਝਦਾਰ ਅਤੇ ਸੂਝਵਾਨ ਸਿਰਜਣਾ ਮੰਨਿਆ ਗਿਆ ਹੈ, ਉਸਦੇ ਬੱਚੇ ਲਵਾਰਸ ਕਰਕੇ ਸੁੱਟ ਦਿੱਤੇ ਜਾਂਦੇ ਹਨ ਤੇ ਦੂਜੇ ਪਾਸੇ ਉਹ ਜਾਨਵਰ ਜਿਨ੍ਹਾਂ ਬਾਰੇ ਇਹ ਧਾਰਨਾ ਹੈ ਕਿ ਇਨ੍ਹਾਂ ‘ਚ ਸਮਝ ਨਹੀ ਹੁੰਦੀ, ਉਹ ਆਪਣੇ ਬੱਚਿਆਂ ਨੂੰ ਆਪਣੀਆਂ ਨਜ਼ਰਾਂ ਤੋਂ ਇੱਕ ਪੱਲ ਵੀ ਦੂਰ ਨਹੀਂ ਹੋਣ ਦਿੰਦੇ
ਗਾਂ ਦਾ ਆਪਣੇ ਬੱਚੇ ਨਾਲ ਪਿਆਰ ਦੇਖ ਕੇ ਅਹਿਸਾਸ ਹੋਇਆ ਕਿ ਬੇਸ਼ੱਕ ਇਨਸਾਨ ਬਹੁਤ ਸਮਝਦਾਰ ਹੈ ਪਰ ਆਪਣੇ ਬੱਚਿਆਂ ਨਾਲ ਪਿਆਰ ਦੇ ਮਾਮਲੇ ‘ਚ ਹਾਰ ਗਿਆ ਹੈ ਸ਼ਾਇਦ ਇਹ ਸਾਡੀ ਇਨਸਾਨੀ ਸਿਆਣਪ ਹੀ ਹੈ ਜਿਸ ਕਰਕੇ ਅੱਜ ਇੱਕ ਇਨਸਾਨ ਆਪਣੇ ਨਵ-ਜੰਮੇ ਬੱਚੇ ਨੂੰ ਬਾਹਰ ਸੁੱਟਣ ਲੱਗਿਆਂ ਵੀ ਉਸਦੇ ਹੱਥ ਨਹੀਂ ਕੰਬਦੇ ਜੇਕਰ ਅਸੀਂ ਆਪਣੀ ਇਸ ਸਮਝ ਨੂੰ ਇਨਸਾਨੀਅਤ ਦਾ ਨਾਂਅ ਦਿੰਦੇ ਹਾਂ ਤਾਂ ਅੱਜ ਸਾਨੂੰ ਇਨਸਾਨ ਹੋਣ ‘ਤੇ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਮੈਨੂੰ ਇੰਜ ਜਾਪ ਰਿਹਾ ਸੀ ਕਿ ਉਹ ਗਾਂ ਮੈਨੂੰ ਟਿੱਚਰ ਕਰਕੇ ਪੁੱਛ ਰਹੀ ਹੋਵੇ ਕਿ ਅਸਲ ਇਨਸਾਨੀਅਤ ਕਿਸ ਵਿੱਚ ਹੈ, ਇਨਸਾਨਾਂ ਵਿੱਚ ਜਾਂ ਜਾਨਵਰਾਂ ਵਿੱਚ?
ਹਰਪ੍ਰੀਤ ਸਿੰਘ
ਪੀ.ਸੀ.ਐਂਡ ਪੀ.ਐੱਨ.ਡੀ.ਟੀ ਕੋ-ਆਰਡੀਨੇਟਰ
ਦਫ਼ਤਰ ਸਿਵਲ ਸਰਜਨ, ਸੰਗਰੂਰ
ਮੋ: 94636 78694
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।