ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ

Increasing, Suicides, Trend, Punjab, Article

ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਸਾਇੰਸ ਨੇ ਇਨਸਾਨ ਦੀ ਜਿੰਦਗੀ ਨੂੰ ਹਰ ਸਹੂਲਤ ਪ੍ਰਦਾਨ ਕਰਕੇ ਸੌਖਾ ਬਣਾ ਦਿੱਤਾ ਹੈ ਫਿਰ ਵੀ ਜੇ ਮਨੁੱਖੀ ਜ਼ਿੰਦਗੀ ਵਿੱਚ ਅਸਫ਼ਲਤਾ ਮਿਲਣ ਕਾਰਨ ਖੁਦਕੁਸ਼ੀਆਂ ਕਰਨ ਦੀ ਰਫ਼ਤਾਰ ‘ਤੇ ਗੌਰ ਕੀਤੀ ਜਾਵੇ ਤਾਂ ਇਹ ਪੁਰਾਣੇ ਦਹਾਕਿਆਂ ਨਾਲੋਂ ਕਾਫੀ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਜਿਸਦੇ ਅਨੇਕਾਂ ਹੀ ਵੱਖ-ਵੱਖ ਪਹਿਲੂ ਹਨ

ਕਿਸੇ ਮਨੁੱਖ ਵੱਲੋਂ ਜਿੰਦਗੀ ਦੇ ਸਫ਼ਰ ਵਿੱਚ ਖੁਦਕੁਸ਼ੀ ਕਰਨ ਦਾ ਮਜਬੂਤ ਇਰਾਦਾ ਲੈਣ ਪਿੱਛੇ ਜ਼ਿਆਦਾਤਰ ਕਦਮ ਦਰ ਕਦਮ ਮਿਲ ਰਹੀ ਅਸਫਲਤਾ ਜਾਂ ਕੋਈ ਘੋਰ ਨਿਰਾਸ਼ਾ ਹੀ ਕੰਮ ਕਰ ਰਹੀ ਹੁੰਦੀ ਹੈ ਕਿਉਂਕਿ ਜ਼ਿੰਦਗੀ ਇੱਕ ਅਜਿਹਾ ਸਫਰ ਹੈ ਜਿਸ ਵਿੱਚ ਹਰ ਇਨਸਾਨ ਨੂੰ ਦੋ ਰਸਤਿਆਂ ਉਪਰੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਸਫ਼ਲਤਾ ਅਤੇ ਦੂਜਾ ਹੈ ਅਸਫ਼ਲਤਾ

ਚੁਣੌਤੀਆਂ ਦੀ ਦਰ  ਵਧੀ

ਮੰਜ਼ਿਲ ਸਰ ਕਰਨ ਲਈ ਜਿਆਦਤਰ ਲੋਕਾਂ ਨੂੰ ਅਸਫ਼ਲਤਾ ਤੋਂ ਸ਼ੁਰੂਆਤ ਕਰਕੇ ਬਹੁਤ ਮੁਸ਼ੱਤਕਾਂ ਤੋਂ ਬਾਦ ਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ ਅੱਜ ਸਮਾਂ ਪਲਟਣ ਕਾਰਨ ਮੰਜ਼ਿਲਾਂ ਦੀ ਦੂਰੀ ਵਧਣ ਦੇ ਨਾਲ ਹੀ ਹਰੇਕ ਦੇ ਰਾਹਾਂ ‘ਚ ਚੁਣੌਤੀਆਂ ਦੀ ਦਰ ਵੀ ਵਧ ਗਈ ਹੈ ਜਿਸ ਕਾਰਨ ਸਫਲਤਾ ਪ੍ਰਾਪਤ ਕਰਨ ‘ਚ ਹਰੇਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇ ਅੱਜ ਦੇ ਸਮੇਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਪੰਜਾਬ ‘ਚ ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਵੱਡੀ ਗਿਣਤੀ ਲੋਕ ਅਸਫ਼ਲਤਾ ਤੋਂ ਸ਼ੁਰੂਆਤ ਕਰਕੇ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਚੁਣੌਤੀਆਂ ਦੀ ਮਾਰ ਨਾ ਝੱਲਦੇ ਹੋਏ ਆਪਣੀ ਜਿੰਦਗੀ ਨੂੰ ਅਲਵਿਦਾ ਕਹਿ ਰਹੇ ਹਨ

ਨਿਰਾਸ਼ਾ ਜਾਂ ਅਸਫ਼ਲਤਾ ਹੀ ਖੁਦਕੁਸ਼ੀ ਦਾ ਵੱਡਾ ਕਾਰਨ

ਅਸਲ ਵਿਚ ਜੇ ਦੇਖਿਆ ਜਾਵੇ ਤਾਂ ਜਿੰਦਗੀ ਨੂੰ ਖਤਮ ਕਰਨ ਦਾ ਨਿਰਣਾ ਕਿਸੇ ਇਨਸਾਨ ਵੱਲੋਂ ਉਦੋਂ ਹੀ ਲਿਆ ਜਾਂਦਾ ਹੈ ਜਦੋਂ ਉਹ ਹਰ ਪੱਖੋਂ ਨਿਰਾਸ਼ ਹੋ ਜਾਂਦਾ ਹੈ ਜਿਵੇਂ ਪਹਿਲਾਂ ਪ੍ਰਸ਼ਾਸਨ ਜਾਂ ਸਰਕਾਰ ਤੋਂ ਫਿਰ ਪਰਿਵਾਰ ਤੋਂ ਫਿਰ ਖੁਦ ਤੋਂ ਤੇ ਆਖਰੀ ਪੜਾਅ ਹੈ ਹਰ ਪਾਸਿਓਂ ਹਾਰੇ ਹੋਏ ਇਨਸਾਨ ਵੱਲੋਂ ਆਤਮਹੱਤਿਆ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਖੁਦਕੁਸ਼ੀਆਂ ਕਿਸੇ ਖਾਸ ਉਮਰ ਜਾਂ ਖਾਸ ਖੇਤਰ ਦੀਆਂ ਮੁਹਤਾਜ ਨਹੀਂ ਹੁੰਦੀਆਂ ਅੱਜ ਦੇ ਇਨਸਾਨ ਵੱਲੋਂ ਹਰ ਖੇਤਰ ‘ਚ ਅਸਫ਼ਲਤਾ ਦੇ ਹੱਲ ਦਾ ਅੰਤ ਖੁਦਕੁਸ਼ੀ ਕਰਕੇ ਹੀ ਲੱਭਿਆ ਜਾ ਰਿਹਾ ਹੈ ਅੱਲ੍ਹੜ ਉਮਰ ਤੋਂ ਲੈਕੇ ਵਡੇਰੀ ਉਮਰ ਦੇ ਤੱਕ ਦੇ ਲੋਕ ਵੀ ਆਪਣੀ ਚੁਣੌਤੀ ਭਰਪੂਰ ਜਿੰਦਗੀ ਵਿਚ ਕਿਸੇ ਮਾਮੂਲੀ ਨਿਰਾਸ਼ਾ ਜਾਂ ਅਸਲਫ਼ਲਤਾ ਮਿਲਣ ਤੋਂ ਬਾਦ ਉਸਦਾ ਸਥਾਈ ਹੱਲ ਖੁਦਕੁਸ਼ੀ ਕਰਕੇ ਹੀ ਲੱਭਣ ਦੀ ਗਲਤੀ ਕਰ ਰਹੇ ਹਨ

ਕਿਸਾਨੀ ਸਮੱਸਿਆਵਾਂ ਵੀ ਕਾਰਨ

ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ‘ਚ ਹਰ ਚੜ੍ਹੇ ਦਿਨ ਹੀ ਇੱਕ-ਦੋ ਜਾਂ ਜ਼ਿਆਦਾ ਕਿਸਾਨ ਆਪਣੀਆਂ ਕਿਸਾਨੀ ਸੰਬੰਧੀ ਸਮੱਸਿਆਵਾਂ ਜਾਂ ਕਰਜੇ ਤੋਂ ਦੁਖੀ ਹੋਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਿਸਾਨਾਂ ਦੀਆਂ ਜਿੰਦਗੀਆਂ ਬਚਾਉਣ ਵਿਚ ਜੁਟੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਪੱਲੇ ਅਸਫ਼ਲਤਾ ਹੀ ਪੈ ਰਹੀ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅਨੇਕਾਂ ਕਾਰਨ ਹਨ ਜਿਵੇਂ ਫਸਲ ਸਹੀ ਮੁੱਲ ਨਾ ਮਿਲਣਾ, ਸਿਰ ‘ਤੇ ਕਰਜ਼ੇ ਦੀ ਪੰਡ, ਫਸਲ ਦਾ ਖਰਾਬ ਹੋ ਜਾਣਾ, ਆਰਥਿਕ ਮੰਦਹਾਲੀ ਕਾਰਨ ਘਰ ‘ਚ ਕਲੇਸ਼ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਹਜ਼ਾਰਾਂ ਸਮੱਸਿਆਵਾਂ ਹਨ ਜੋ ਕਿਸਾਨ ਭਰਾਵਾਂ ਲਈ ਨਿਰਾਸ਼ਾ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਦੇ ਕਦਮਾਂ ਨੂੰ ਖੇਤਾਂ ਤੋਂ ਨਹਿਰਾਂ ਵੱਲ ਘੱਲਣ ਲਈ ਮਜਬੂਰ ਕਰ ਰਹੀਆਂ ਹਨ

ਜੇ ਸਮਾਂ ਰਹਿੰਦੇ ਖੇਤੀ ਸੰਕਟਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਬਹੁਤ ਜਲਦ ਹੀ ਪੰਜਾਬ ਦੀ ਮੰਦਹਾਲੀ ਕਾਰਨ ਕਿਸਾਨਾਂ ਦੀ ਗਿਣਤੀ ਵੀ ਉਂਗਲਾਂ ‘ਤੇ ਗਿਨਣ ਜੋਗੀ ਹੀ ਜਾਵੇਗੀ

ਕਿਸਾਨਾਂ ਤੋਂ ਇਲਾਵਾ ਅੱਜ ਹੋਰ ਵੀ ਕਾਫੀ ਖੇਤਰ ਹਨ ਜਿਨ੍ਹਾਂ ਵਿੱਚ ਖੁਦਕੁਸ਼ੀ ਕਰਨ ਦਾ ਰੁਝਾਨ ਵਧ ਰਿਹਾ ਹੈ ਜਿਸ ਤਰ੍ਹਾਂ ਖੁਦਕੁਸ਼ੀਆਂ ਕਰਨ ਵਿਚ ਕਿਸਾਨਾਂ ਦੇ ਬਰਾਬਰ ਹੀ ਚੱਲ ਰਹੇ ਹਨ ਪੰਜਾਬ ਦੇ ਨੌਜਵਾਨ ਪਹਿਲਾਂ ਪਹਿਲ ਤਾਂ ਨੌਜਵਾਨਾਂ ਵੱਲੋਂ ਹਾਲਾਤਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਪਰ ਜਦੋਂ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਵੀ ਸਾਹਮਣੇ ਆਈ ਕਿਸੇ ਵੱਡੀ ਸਮੱਸਿਆ ਦਾ ਖੁਦਕੁਸ਼ੀ ਕਰਕੇ ਹੀ ਆਸਾਨ ਹੱਲ ਲੱਭਿਆ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ

ਜਿਨ੍ਹਾਂ ਵਿਚੋਂ ਬਹੁਤ ਸਾਰੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਵੀ ਬੇਰੁਜਗਾਰੀ ਦੀ ਮਾਰ ਹੇਠ ਦੱਬੇ ਨੌਜਵਾਨਾਂ ਦੀ ਹੈ ਪੰਜਾਬ ‘ਚ ਹਾਲਾਤ ਏਨੇ ਬੁਰੇ ਹੋ ਗਏ ਹਨ ਕਿ ਹਰ ਖੇਤਰ ਹੀ ਮੰਦਹਾਲੀ ਵਿਚ ਗੋਤੇ ਖਾ ਰਿਹਾ ਹੈ ਕਿਸਾਨੀ ਤਾਂ ਘਾਟੇ ਦਾ ਸੌਦਾ ਬਣ ਹੀ ਰਹੀ ਹੈ ਨਾਲ ਨਾਲ ਸਿੱਖਿਆ ਵੀ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ ਨੌਜਵਾਨਾਂ ਨੂੰ ਸਖ਼ਤ ਮਿਹਨਤਾਂ ਦੇ ਨਾਲ ਨਾਲ ਲੱਖਾਂ ਰੁਪਿਆ ਲਾਕੇ ਉੱਚ ਪੱਧਰੀ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਦ ਵੀ ਬੇਰੁਜਗਾਰੀ ਦੀ ਮਾਰ ਹੀ ਸਹਿਣੀ ਪੈ ਰਹੀ ਹੈ

ਨੌਜਵਾਨ ਦਿਮਾਗੀ ਬਿਮਾਰੀਆਂ ਨਾਲ ਗ੍ਰਸਤ ਹੋਏ

ਇਸ ਤੋਂ ਇਲਾਵਾ ਸਕੂਲਾਂ ਵਾਲੇ ਵਿਦਿਆਰਥੀਆਂ ਤੇ ਜਿਆਦਾ ਸਲੇਬਸ ਤੇ ਮਾਪਿਆਂ ਦਾ ਦਬਾਅ ਜਾਂ ਫਿਰ ਨਤੀਜੇ ਵਿਚ ਘੱਟ ਨੰਬਰ ਆਉਣਾ ਤੇ ਫੇਲ੍ਹ ਹੋ ਜਾਣਾ ਵੀ ਖੁਦਕੁਸ਼ੀ ਕਰਨ ਦਾ ਕਾਰਨ ਬਣ ਰਿਹਾ ਹੈ ਵਧ ਰਹੇ ਦਬਾਅ ਕਾਰਨ ਹੀ ਜਿਆਦਾਤਰ ਨੌਜ਼ਵਾਨ ਦਿਮਾਗੀ ਸੰਤੁਲਨ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ

ਇਨ੍ਹਾਂ ਤੋਂ ਇਲਾਵਾ ਕੁਝ ਬੇਰੁਜਗਾਰੀ ਦੀ ਨਿਰਾਸ਼ਾ ਨੂੰ ਜਾਂ ਬੇਰੁਜਗਾਰੀ ਕਾਰਨ ਘਰ ਵਿਚ ਪੈਦਾ ਹੋਏ ਕਲੇਸ਼ ਨੂੰ ਦੂਰ ਕਰਨ ਖਾਤਰ ਨਸ਼ਿਆਂ ਦੀ ਵਰਤੋਂ ਕਰਕੇ ਆਪਣੀਆਂ ਕੀਮਤੀ ਜਿੰਦਗੀਆਂ ਦਾਅ ‘ਤੇ ਲਾ ਰਹੇ ਹਨ ਕਈ ਬੇਰੁਜਗਾਰੀ ਕਾਰਨ ਆਈ ਆਰਥਿਕ ਮੰਦਹਾਲੀ ਤੋਂ ਮਜਬੂਰ ਹੋਕੇ ਜੁਲਮ ਦੀ ਦੁਨੀਆਂ ਵਿਚ ਆਕੇ ਲੁੱਟਮਾਰ ਅਤੇ ਡਾਕਿਆਂ ਨੂੰ ਤਰਜ਼ੀਹ ਦੇ ਰਹੇ ਹਨ

ਉੱਚ ਪੱਧਰ ਦੀਆਂ ਡਿਗਰੀਆਂ ਲੈਣ ਤੋਂ ਬਾਦ ਵੀ ਜਿਆਦਾਤਰ ਨੌਜ਼ਵਾਨ ਸਿਰਫ਼ ਦੋ ਡੰਗ ਦੀ ਰੋਟੀ ਜੋਗੀ ਪ੍ਰਾਈਵੇਟ ਨੌਕਰੀ ਹੀ ਕਰ ਰਹੇ ਹਨ ਦੂਜੇ ਪਾਸੇ ਸਰਕਾਰੀ ਰੁਜਗਾਰ ਪ੍ਰਾਪਤ ਨੌਜਵਾਨ ਵੀ ਸਰਕਾਰੀ ਨੀਤੀਆਂ ਦੀ ਗਲਤੀ ਕਾਰਨ ਸੰਤਾਪ ਭੋਗ ਰਹੇ ਹਨ ਸਰਕਾਰੀ ਨੌਕਰੀਆਂ ਕਰ ਰਹੇ ਨੌਜਵਾਨ ਵੀ ਕਈ ਕਈ ਮਹੀਨੇ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ ਦੀ ਮਾਰ ਸਹਿ ਰਹੇ ਹਨ

ਨੌਜਵਾਨ ਵਿਦੇਸ਼ਾਂ ਵੱਲ ਭੱਜਣ ਲੱਗੇ

ਜੇ ਸਰਕਾਰੀ ਆਸਾਮੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਦਿਨ ਪ੍ਰਤੀ ਦਿਨ ਬੇਰੁਜ਼ਗਾਰਾਂ ਦੀ ਲਾਈਨ ਵਿੱਚ ਵਾਧਾ ਹੋ ਰਿਹਾ ਹੈ ਪਰ ਗਿਣਤੀ ਦੀਆਂ ਆਸਾਮੀਆਂ ਨਿੱਕਲਣੀਆਂ ਤੇ ਉਹ ਵੀ ਕੋਰਟ ਕੇਸਾਂ ਦੀ ਭੇਂਟ ਚੜ੍ਹ ਜਾਣੀਆਂ ਪੰਜਾਬ ਦੇ ਸਿਸਟਮ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ ਇਹੀ ਇੱਕ ਵੱਡਾ ਕਾਰਨ ਬਣ ਰਿਹਾ ਪੰਜਾਬ ਦੇ ਨੌਜਵਾਨਾਂ ਲਈ ਜੋ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਚਾਲੇ ਪਾ ਰਹੇ ਹਨ ਜੋ ਇਨ੍ਹਾਂ ਸਭ ਹਾਲਾਤਾਂ ਤੋਂ ਨਿਰਾਸ਼ ਹੋ ਜਾਂਦੇ ਹਨ ਜਾਂ ਜਿਨ੍ਹਾਂ ਦਾ ਕਿਸੇ ਹੀਲੇ ਵਸੀਲੇ ਵੀ ਕੋਈ ਕੰਮ ਨਹੀਂ ਬਣਦਾ

ਦਾਜ ਦੀ ਸਮੱਸਿਆ ਦਾ ਵੀ ਵੱਡਾ ਰੋਲ

ਉਨ੍ਹਾਂ ਵੱਲੋਂ ਫਿਰ ਖੁਦਕੁਸ਼ੀ ਨੂੰ ਹੀ ਚੁਣਿਆ ਜਾ ਰਿਹਾ ਹੈ ਬੇਰੁਜ਼ਗਾਰੀ ਤੋਂ ਬਾਦ ਖੁਦਕੁਸ਼ੀਆਂ ਕਰਨ ਦੇ ਮਾਮਲਿਆਂ ਵਿਚ ਦਾਜ ਦੀ ਸਮੱਸਿਆ ਦਾ ਵੀ ਵੱਡਾ ਰੋਲ ਹੈ ਪੰਜਾਬ ਵਿਚ ਦਾਜ ਦੀ ਸਮੱਸਿਆ ਵੀ ਵੱਡਾ ਰੂਪ ਧਾਰਨ ਕਰ ਚੁੱਕੀ ਹੈ ਲੜਕੇ ਵਾਲਿਆਂ ਵੱਲੋਂ ਵੱਧ ਦਾਜ ਦੀ ਮੰਗ ਨਾ ਪੂਰੀ ਹੋਣ ਕਾਰਨ ਕੁੜੀ ਜਾਂ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ

ਪਹਿਲਾਂ ਤਾਂ ਕੁੜੀ ਜਾਂ ਉਸਦੇ ਪਰਿਵਾਰ ਵੱਲੋਂ ਵਿਰੋਧ ਤੇ ਮੁਕਾਬਲਾ ਕੀਤਾ ਜਾਂਦਾ ਹੈ ਪਰ ਜਦੋਂ ਸਮੱਸਿਆ ਜਿਆਦਾ ਵਧ ਜਾਂਦੀ ਹੈ ਤਾਂ ਕੁੜੀ ਜਾ ਉਸਦੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਵੀ ਖੁਦਕੁਸ਼ੀ ਕਰਨ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਪਰ ਬਾਦ ਵਿਚ ਦੋਸ਼ੀਆਂ ਨੂੰ ਬਹੁਤ ਕਾਰਨਾਂ ਕਰਕੇ ਜ਼ਿਆਦਾ ਸਜਾ ਨਹੀਂ ਹੁੰਦੀ ਜਾਂ ਫਿਰ ਕੇਸ ਅਦਾਲਤਾਂ ਵਿਚ ਵਿਚਾਰ ਅਧੀਨ ਪਏ ਰਹਿੰਦੇ ਹਨ

ਜੇ ਲੜਕੀਆਂ ਤੇ ਜ਼ੁਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਵਿਚ ਵੀ ਖੁਦਕੁਸ਼ੀਆਂ ਕਰਨ ਦੀ  ਰਫ਼ਤਾਰ ਵਧ ਰਹੀ ਹੈ ਕਿਉਂਕਿ ਪੰਜਾਬ ‘ਚ ਇੱਕ ਮਜ਼ਾਜੀ ਦਾ ਭੂਤ ਵੀ ਬਹੁਤਿਆਂ ਨੌਜਵਾਨਾਂ ਦੇ ਸਿਰ ‘ਤੇ ਸਵਾਰ ਹੋ ਗਿਆ ਹੈ ਜਿਸ ਕਾਰਨ ਅੱਲ੍ਹੜ ਉਮਰ ‘ਚ ਖੁਦਕੁਸ਼ੀਆਂ ਕਰਨ ਦੀਆਂ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ

ਅਸ਼ਲੀਲਤਾ ਵੀ ਵੱਡਾ ਕਾਰਨ

ਇਸ਼ਕ ਮਜਾਜੀ ਦੇ ਵਧ ਰਹੇ ਰੁਝਾਨ ਵਿਚ ਸਭ ਤੋਂ ਵੱਡਾ ਹੱਥ ਪੰਜਾਬ ਦੇ ਕੁਝ ਗਾਇਕਾਂ ਤੋਂ ਇਲਾਵਾਂ ਟੀ.ਵੀ ‘ਤੇ ਚੱਲ ਰਹੇ ਅਸ਼ਲੀਲਤਾ ਭਰਪੂਰ ਪ੍ਰੋਗਰਾਮਾਂ ਜਾਂ ਫਿਲਮਾਂ ਦਾ ਵੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਹਨ ਜਿਨ੍ਹਾਂ ਤੋਂ ਨਿਰਾਸ਼ ਹੋਕੇ ਲੋਕਾਂ ਵੱਲੋਂ ਖੁਦਕੁਸ਼ੀ ਨੂੰ ਹੀ ਆਪਣਾ ਮਕਸਦ ਬਣਾ ਲਿਆ ਜਾਂਦਾ ਹੈ ਕਈ ਵਾਰ ਕਿਸੇ ਵਪਾਰ ਵਿਚ ਵੱਡੇ ਪਏ ਘਾਟੇ ਜਾਂ ਫਿਰ ਸੱਸ ਨੂੰਹ ਦੀ ਨੋਕ ਝੋਕ, ਹੋਰ ਆਰਥਿਕ ਮੰਦਹਾਲੀ ਆਦਿ ਤੋਂ ਇਲਾਵਾ ਹਜ਼ਾਰਾਂ ਹੀ ਕਾਰਨ ਹਨ ਜਿਨ੍ਹਾਂ ਵਿਚ ਨਿਰਾਸ਼ਤਾ ਜਾਂ ਅਸਫ਼ਲਤਾ ਮਿਲਣੀ ਪੰਜਾਬ ਦੇ ਲੋਕਾਂ ‘ਚ ਖੁਦਕੁਸ਼ੀ ਕਰਨ ਦਾ ਕਾਰਨ ਬਣ ਰਹੀ ਹੈ

ਨੌਜਵਾਨ ਹਨ ਬੇਰੁਜ਼ਗਾਰ

ਖੁਦਕੁਸ਼ੀ ਕਰਨ ਦੀ ਸਮੱਸਿਆ ਏਨੀ ਵਧ ਗਈ ਹੈ ਕਿ ਜੇ ਇਸਦੇ ਸੰਭਵ ਹੱਲ ਕੱਢਣ ਵਿਚ ਦੇਰੀ ਕੀਤੀ ਗਈ ਤਾਂ ਨਤੀਜੇ ਬਹੁਤ ਘਾਤਕ ਨਿੱਕਲ ਸਕਦੇ ਹਨ ਇਸਦੇ ਹੱਲ ਲਈ ਸਰਕਾਰਾਂ ਨੂੰ ਸਹੀ ਨੀਤੀਆਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ ਖੁਦਕੁਸ਼ੀਆਂ ਕਰਨ ਦੇ ਹਰ ਪੱਖ ਦੇ ਸਹੀ ਕਾਰਨ ਲੱਭ ਕੇ ਉਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ

ਨੌਜਵਾਨਾਂ ਵਿਚ ਵਧ ਰਹੇ ਜ਼ੁਲਮ ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਸਭਿਆਚਾਰ ਦੇ ਵਿਰੁੱਧ ਚੱਲ ਰਹੇ ਗੀਤਾਂ, ਫਿਲਮਾਂ ਜਾਂ ਹੋਰ ਅਜਿਹੇ ਸੰਬੰਧਤ ਪ੍ਰਸਾਰਤ ਹੋ ਰਹੇ ਪ੍ਰੋਗਰਾਮਾਂ ਨੂੰ ਮੁਕੰਮਲ ਬੰਦ ਕਰਨਾ ਚਾਹੀਦਾ ਹੈ ਕੁੜੀਆਂ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਸਾਨੀ,ਸਿੱਖਿਆ ਅਤੇ ਬੇਰੁਜਗਾਰੀ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ

… ਤਾਂ ਆਪਣੇ ਆਪ ਹੋਣਗੀਆਂ ਸਮੱਸਿਆਵਾਂ ਖਤਮ

ਜੇ ਬੇਰੁਜਗਾਰੀ ਦੀ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਪੰਜਾਬ ਵਿਚ ਹੋਰ ਵੱਡਾ ਰੂਪ ਧਾਰ ਚੁੱਕੀਆਂ ਸਮੱਸਿਆਵਾਂ ਦਾ ਖਾਤਮਾ ਵੀ ਆਪਣੇ ਆਪ ਹੀ ਹੋ ਜਾਵੇਗਾ ਨਸ਼ਾ, ਜੁਲਮ, ਆਰਥਿਕ ਮੰਦਹਾਲੀ, ਵਿਦੇਸ਼ ਜਾਣ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਬਹੁਤ ਸਮੱਸਿਆਵਾਂ ਹਨ ਜਿਨ੍ਹਾਂ ਦਾ ਆਧਾਰ ਸਿਰਫ਼ ਬੇਰੁਜਗਾਰੀ ਹੀ ਬਣ ਰਿਹਾ ਹੈ

ਸਰਕਾਰਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਆਪਣੀ ਸੋਚ ਦਾ ਪੱਧਰ ਉੱਪਰ ਚੁੱਕਣਾ ਚਾਹੀਦਾ ਹੈ ਕਿਉਂਕਿ ਜਿੰਦਗੀ ਇੱਕ ਅਜਿਹੀ ਖੇਡ ਹੈ ਜਿਸ ਵਿਚ ਅਸਫਲਤਾ ਤੋਂ ਬਾਦ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਸਫਲਤਾ ਪ੍ਰਾਪਤੀ ਦੀਆਂ ਪੌੜੀਆਂ ਹਨ ਅਸਫਲਤਾ ਜੇਕਰ ਅਸੀਂ ਨਿਰਾਸ਼ਾ ਤੇ ਅਸਫਲਤਾ ਦਾ ਸਾਹਮਣਾ ਨਹੀਂ ਕਰਦੇ ਤਾਂ ਅਸੀਂ ਕਦੀ ਵੀ ਸਫ਼ਲ ਜਿੰਦਗੀ ਨਹੀਂ ਜੀਅ ਸਕਦੇ

ਅਸਫ਼ਲਤਾ ਜਾਂ ਨਿਰਾਸ਼ਾ ਤੋਂ ਹਾਰ ਕੇ ਖੁਦਕੁਸ਼ੀ ਕਰਨਾ ਇੱਕ ਵੱਡਾ ਪਾਪ ਤੇ ਕਾਇਰਤਾ ਵੀ ਹੈ ਜੋ ਸਾਡੀ ਜਿੰਦਗੀ ਦੇ ਨਾਲ-ਨਾਲ ਪੂਰੇ ਪਰਿਵਾਰ ਦੀ ਜਿੰਦਗੀ ਵਿਚ ਵੀ ਹਮੇਸ਼ਾ ਲਈ ਨਿਰਾਸ਼ਾ ਹੀ ਭਰ ਦਿੰਦੀ ਹੈ ਸੋ ਅੱਜ ਲੋੜ ਹੈ ਪ੍ਰਸ਼ਾਸਨ ਦੇ ਨਾਲ-ਨਾਲ ਸਭ ਨੂੰ ਜਾਗਰੂਕ ਹੋਕੇ ਆਪਣੀ ਸੋਚ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਬਦਲਾਅ ਲਿਆਉਣ ਦੀ ਜਿਸ ਸਦਕਾ ਹੀ ਸਾਡੀ ਜਿੰਦਗੀ ਦਾ ਸਫ਼ਰ ਸਫਲਤਾ ਭਰਪੂਰ ਪੂਰਾ ਹੋ ਸਕੇ

ਭੁਪਿੰਦਰਵੀਰ ਸਿੰਘ
ਪਟਿਆਲਾ 
ਮੋੱ 9914957073

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।