32 ਸਾਲ ਪਹਿਲਾਂ ਕੀਤਾ ਗਿਆ ਸੀ ਫਰਜ਼ੀ ਮੁਕਾਬਲਾ, ਸੀਬੀਆਈ ਦੀ ਅਦਾਲਤ ਨੇ ਸੁਣਾਈ ਸਜ਼ਾ | Fake Police Encounter
- ਤਿੰਨੇ ਦੋਸ਼ੀਆਂ ਨੂੰ ਸਾਢੇ ਸੱਤ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ, ਨਹੀਂ ਭਰਿਆ ਤਾਂ ਕੱਟਣੀ ਪਵੇਗੀ 3 ਸਾਲ ਜਿਆਦਾ ਸਜ਼ਾ
Fake Police Encounter: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਤਰਨਤਾਰਨ ਵਿਖੇ 2 ਨੌਜਵਾਨ ਦਾ ਫਰਜ਼ੀ ਪੁਲਿਸ ਮੁਕਾਬਲਾ ਕਰਨ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਮੌਕੇ ਦੇ ਐੱਸਐੱਚਓ ਗੁਰਬਚਨ ਸਿੰਘ, ਏਐੱਸਆਈ ਰੇਸ਼ਮ ਸਿੰਘ ਅਤੇ ਪੁਲਿਸ ਮੁਲਾਜ਼ਮ ਹੰਸ ਰਾਜ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਹਨਾਂ ਤਿੰਨੇ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 302 ਅਤੇ 120ਬੀ ਤਹਿਤ ਦੋਸ਼ੀ ਮੰਨਿਆ ਗਿਆ ਹੈ। ਇਹਨਾਂ ਤਿੰਨੇ ਦੋਸ਼ੀਆਂ ਨੂੰ ਸਾਢੇ 7 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜੇਕਰ ਇਹ ਜੁਰਮਾਨਾ ਨਹੀਂ ਭਰਿਆ ਜਾਂਦਾ ਹੈ ਤਾਂ ਤਿੰਨ-ਤਿੰਨ ਸਾਲ ਹੋਰ ਸਜ਼ਾ ਕੱਟਣੀ ਪਵੇਗੀ। ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਇਹ ਫੈਸਲਾ 27 ਸਾਲ ਬਾਅਦ ਆਇਆ ਹੈ, ਜਦੋਂ ਕਿ ਇੱਕ ਫਰਜ਼ੀ ਪੁਲਿਸ ਮੁਕਾਬਲੇ ’ਚ ਇਨਸਾਫ਼ ਮਿਲਣ ਲਈ 32 ਸਾਲ ਦਾ ਸਮਾਂ ਲੱਗਿਆ ਹੈ।
ਇਹ ਵੀ ਪੜ੍ਹੋ: Protest Against Police: ਪੁਲਿਸ ਪ੍ਰਸ਼ਾਸਨ ਖਿਲਾਫ ਪਤੀ-ਪਤਨੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ
ਸੀਬੀਆਈ ਅਦਾਲਤ ਵਿੱਚ ਚੱਲੇ ਲੰਬੇ ਟ੍ਰਾਇਲ ਦੌਰਾਨ ਸੀਬੀਆਈ ਵੱਲੋਂ ਦੱਸਿਆ ਗਿਆ ਕਿ ਥਾਣੇ ਦੇ ਐੱਸਐੱਚਓ ਗੁਰਬਚਨ ਸਿੰਘ ਵੱਲੋਂ 18 ਨਵੰਬਰ 1992 ਵਿੱਚ ਜਗਦੀਪ ਸਿੰਘ ਉਰਫ਼ ਮੱਖਣ ਨੂੰ ਉਸ ਦੇ ਘਰੋਂ ਹੀ ਅਗਵਾ ਕਰ ਲਿਆ ਗਿਆ ਸੀ ਜਿਸ ਸਮੇਂ ਜਗਦੀਪ ਸਿੰਘ ਨੂੰ ਅਗਵਾ ਕੀਤਾ ਜਾ ਰਿਹਾ ਸੀ ਤਾਂ ਘਰ ਵਿੱਚ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ। ਇਸ ਗੋਲੀ ਦੇ ਲੱਗਣ ਕਾਰਨ ਜਗਦੀਪ ਸਿੰਘ ਦੀ ਸੱਸ ਸਵਿੰਦਰ ਕੌਰ ਦੀ ਮੌਤ ਵੀ ਹੋ ਗਈ ਸੀ। ਜਿਸ ਤੋਂ ਬਾਅਦ 21 ਨਵੰਬਰ 1992 ਨੂੰ ਗੁਰਨਾਮ ਸਿੰਘ ਉਰਫ਼ ਪਾਲੀ ਨੂੰ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਪੁਲਿਸ ਕਰਮਚਾਰੀਆਂ ਨੇ ਘਰੋਂ ਅਗਵਾ ਕਰ ਲਿਆ। ਕੁਝ ਦਿਨਾਂ ਬਾਅਦ 30 ਨਵੰਬਰ ਨੂੰ ਗੁਰਨਾਮ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਇਸ ਸਾਰੇ ਮਾਮਲੇ ਨੂੰ ਪੁਲਿਸ ਮੁਕਾਬਲੇ ਦੇ ਰੂਪ ਵਿੱਚ ਦਿਖਾਇਆ ਗਿਆ।
ਇੱਥੇ ਹੀ ਜਗਦੀਪ ਸਿੰਘ ਮੱਖਣ ਨੂੰ ਵੀ ਪੁਲਿਸ ਮੁਕਾਬਲੇ ਵਿੱਚ ਮ੍ਰਿਤਕ ਦਿਖਾ ਦਿੱਤਾ ਗਿਆ, ਜਦੋਂ ਕਿ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਖ਼ੁਦ ਹੀ ਪੁਲਿਸ ਮੁਕਾਬਲੇ ਦੀ ਐੱਫਆਈਆਰ ਦਰਜ਼ ਕੀਤੀ ਸੀ ਪਰ ਜਗਦੀਪ ਸਿੰਘ ਦੇ ਪਿਤਾ ਵੱਲੋਂ ਸੀਬੀਆਈ ਵਿੱਚ ਸ਼ਿਕਾਇਤ ਕਰਦੇ ਹੋਏ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ ਤਾਂ ਸੀਬੀਆਈ ਵੱਲੋਂ 27 ਫਰਵਰੀ 1997 ਵਿੱਚ ਐੱਫਆਈਆਰ ਦਰਜ਼ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਗਈ ਸੀ।