ਮੰਗਾਂ ਨਾ ਮੰਨੇ ਜਾਣ ’ਤੇ 6 ਦਸੰਬਰ ਨੂੰ ਸੰਘਰਸ਼ ਕਰਨ ਦੀ ਚੇਤਾਵਨੀ | Jalalabad News
Jalalabad News: ਜਲਾਲਾਬਾਦ (ਰਜਨੀਸ਼ ਰਵੀ)। ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਸਰਬ ਭਾਰਤ ਨੌਜਵਾਨ ਸਭਾ, ਕੁੱਲ ਹਿੰਦ ਕਿਸਾਨ ਸਭਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨਾਲ ਕੱਲ ਥਾਣਾ ਅਮੀਰ ਖਾਸ ਵਿੱਚ ਜੁੜੀ ਪੰਚਾਇਤ ਵਿੱਚ ਗਾਲੀ-ਗਲੋਚ ਕਰਨ ਵਾਲੇ ਵਿਅਕਤੀਆਂ ਅਤੇ ਅਣਗਹਿਲੀ ਵਰਤਣ ਵਾਲੇ ਮੌਕੇ ਦੇ ਏਐਸਆਈ ਸਵਰਣ ਸਿੰਘ ਖਿਲਾਫ ਕਾਰਵਾਈ ਕਰਨ ਸਬੰਧੀ ਐਸਐਚਓ ਅਮੀਰ ਖਾਸ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਵਫਦ ਦੀ ਅਗਵਾਈ ਹਰਭਜਨ ਛੱਪੜੀ ਵਾਲਾ, ਨਰਿੰਦਰ ਢਾਬਾਂ, ਬਲਵੰਤ ਚੌਹਾਣਾ, ਕਿ੍ਸ਼ਨ ਧਰਮੂ ਵਾਲਾ, ਰਮੇਸ਼ ਪੀਰ ਮੁਹੰਮਦ, ਤੇਜਾ ਸਿੰਘ ਅਮੀਰ ਖਾਸ ਅਤੇ ਬਲਵਿੰਦਰ ਮਹਾਲਮ ਆਦਿ ਆਗੂਆਂ ਨੇ ਕੀਤੀ। ਐਸਐਚਓ ਨੂੰ ਮੰਗ ਪੱਤਰ ਦੇਣ ਮੌਕੇ ਉਹਨਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕਾਮਰੇਡ ਹੰਸ ਰਾਜ ਗੋਲਡਨ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਸਕੱਤਰ ਅਤੇ ਸੂਬਾ ਕੌਂਸਲ ਦੇ ਮੈਂਬਰ ਹਨ ਅਤੇ ਸਮਾਜ ਵਿੱਚ ਪ੍ਰਮਾਣਿਤ ਇਮਾਨਦਾਰ ਸੱਚੇ ਸੁੱਚੇ ਕਮਿਊਨਿਸਟ ਹਨ ਅਤੇ ਜੋ ਹਰ ਇੱਕ ਮਸਲੇ ਨੂੰ ਭਾਵੇਂ ਉਹ ਪੰਚਾਇਤੀ ਹੋਵੇ ਜਾਂ ਫਿਰ ਉਹ ਪਰਿਵਾਰਕ ਜਾਂ ਅਫਸਰਾਂ ਸਾਹਿਬਾਨ ਨਾਲ ਨਿਰਪੱਖ ਹੋ ਕੇ ਨਿਆਇਕ ਗੱਲਬਾਤ ਕਰਦੇ ਅਤੇ ਆਪਣੀ ਕਹਿਣੀ ਕਰਨੀ ਤੇ ਪਹਿਰਾ ਦਿੰਦੇ ਹਨ। ਪਰ ਜਦੋਂ ਉਹ ਕੱਲ੍ਹ ਇੱਕ ਪੰਚਾਇਤ ਨਾਲ ਇੱਕ ਰਾਜ਼ੀਨਾਮੇ ਦੇ ਸਬੰਧ ਵਿੱਚ ਥਾਣਾ ਅਮੀਰ ਖਾਸ ਵਿੱਚ ਹਾਜ਼ਰ ਹੋਏ ਤਾਂ ਉਕਤ ਮੁਲਜ਼ਮਾਂ ਵੱਲੋਂ ਉਹਨਾਂ ਨੂੰ ਗਾਲੀ-ਗਲੋਚ ਕੀਤਾ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ ਜੋ ਕਿ ਨਿੰਦਣਯੋਗ ਹਨ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ’ਚ ਪ੍ਰਦਰਸ਼ਨਕਾਰੀਆਂ ਨੇ ਤੋਡ਼ੇ ਬੈਰੀਕੇਡ
ਆਗੂਆਂ ਨੇ ਗੱਲਬਾਤ ਕਰਦਿਆਂ ਐਸਐਚ ਓ ਸਾਹਿਬ ਨੂੰ ਇਸ ਸਬੰਧੀ ਵੀ ਜਾਣੂ ਕਰਵਾਇਆ ਕਿ ਉਕਤ ਘਟਨਾ ਵੇਲੇ ਮੌਕੇ ’ਤੇ ਹਾਜ਼ਰ ਏਐਸਆਈ ਸਵਰਨ ਸਿੰਘ ਨੇ ਉਕਤ ਦੋਸ਼ੀਆਂ ਨੂੰ ਰੋਕਣ ਜਾਂ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਲਟਾ ਕਾਮਰੇਡ ਹੰਸਰਾਜ ਗੋਲਡਨ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਜਿਸ ਤੋਂ ਸਾਫ ਜਾਹਿਰ ਹੈ ਕਿ ਉਕਤ ਏਐਸਆਈ ਸਵਰਨ ਸਿੰਘ ਦੋਸ਼ੀਆਂ ਨਾਲ ਸਰਾਸਰ ਮਿਲਿਆ ਹੋਇਆ ਹੈ ਅਤੇ ਉਹ ਉਕਤ ਮਾਮਲੇ ਵਿੱਚ ਰਾਜ਼ੀਨਾਮਾ ਨਹੀਂ ਹੋਣ ਦੇਣਾ ਚਾਹੁੰਦਾ।
ਵਫਦ ਵੱਲੋਂ ਮੰਗ ਪੱਤਰ ਲੈਣ ਉਪਰੰਤ ਐਸਐਚਓ ਅਮੀਰ ਖਾਸ ਨੇ ਭਰੋਸਾ ਦਵਾਇਆ ਕਿ ਦੋਸ਼ੀਆਂ ਖਿਲਾਫ ਕਾਨੂਨੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ। ਐਸਐਚਓ ਨੂੰ ਮੰਗ ਪੱਤਰ ਦੇਣ ਉਪਰੰਤ ਉਕਤ ਕਾਮਰੇਡ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸ ਐਚ ਓ ਨੇ ਉਹਨਾਂ ਨੂੰ ਮਾਮਲੇ ਦਾ ਨਿਪਟਾਰਾ ਕਰਨ ਲਈ ਵਿਸ਼ਵਾਸ ਦਿਵਾਇਆ ਹੈ ਪਰ ਉਹਨਾਂ ਨੇ ਇਸ ਗੱਲ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐਸ ਐਚ ਓ ਅਮੀਰ ਖਾਸ ਵੱਲੋਂ ਉਹਨਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ 6 ਦਸੰਬਰ ਨੂੰ ਭਾਰਤੀ ਕਮਨਿਸਟ ਪਾਰਟੀ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਜਾਵੇਗਾ ਜਿਸ ਦਰਮਿਆਜਾ ਅਮੀਰ ਖਾਸ ਪੁਲਿਸ ਤੇ ਐਸਐਚਓ ਨੂੰ ਭੁਗਤਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ, ਛਿੰਦਰਪਾਲ ਛੱਪੜੀ ਵਾਲਾ, ਸੂਬਾ ਸਿੰਘ ਜੈਮਲ ਵਾਲਾ, ਕਾਲਾ ਸਰਪੰਚ ਸੁਬਾਜ ਕੇ, ਰਾਜ ਸਿੰਘ ਥਾਰੇ ਵਾਲਾ, ਨਰਿੰਦਰ ਢੰਡੀਆਂ, ਅਰਵੀਨ ਢਾਬਾਂ, ਅਸ਼ੋਕ ਢਾਬਾਂ ਆਦਿ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। Jalalabad News