ਧੂਰੀ ਤੋਂ ਅੱਗ ਬੁਝਾਉਂ ਗੱਡੀਆਂ ਦੇਰੀ ਨਾਲ ਪੁੱਜਣ ’ਤੇ ਲੋਕਾਂ ’ਚ ਰੋਸ | Fire
Fire: (ਰਵੀ ਗੁਰਮਾ) ਸ਼ੇਰਪੁਰ। ਕਸਬਾ ਸ਼ੇਰਪੁਰ-ਝਲੂਰ ਰੋਡ ’ਤੇ ਸਥਿੱਤ ਫਰਨੀਚਰ ਬਣਾਉਣ ਵਾਲੀ ਫੈਕਟਰੀ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਏਸ਼ੀਅਨ ਸਟੀਲ ਇੰਡਸਟਰੀਜ਼ ’ਚ ਲੰਘੀ ਰਾਤ ਕਰੀਬ 12 ਤੋਂ 1 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿਚ ਪਿਆ ਸਮਾਨ ਗੱਦੇ, ਸੋਫ਼ੇ, ਮੇਜ਼, ਕੁਰਸੀਆਂ, ਪੇਟੀਆਂ, ਟਰੰਕ ਅਲਮਾਰੀਆਂ, ਲੱਕੜ ਦੇ ਪਲਾਈ ਬੋਰਡ, ਸੋਫਿਆਂ ਵਾਲੇ ਕੱਪੜੇ ਅਤੇ ਹੋਰ ਇਸ ਤਰ੍ਹਾਂ ਦਾ ਸਮਾਨ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਸੜ ਕੇ ਸਵਾਹ ਹੋ ਗਿਆ।
ਇਹ ਵੀ ਪੜ੍ਹੋ: School Van Accident: ਸਕੂਲ ਵੈਨ ਦਾ ਟਾਇਰ ਫਟਣ ਕਾਰਨ ਦਰੱਖ਼ਤ ਨਾਲ ਟਕਰਾਈ, ਮਾਪਿਆਂ ਦੇ ਇਕਲੌਤੇ ਬੱਚੇ ਦੀ ਮੌਤ
ਫੈਕਟਰੀ ਦੇ ਮਾਲਕ ਮਨੀਸ਼ ਕੁਮਾਰ ਗੰਡੇਵਾਲ ਨੇ ਦੱਸਿਆ ਕਿ ਉਹ ਰਾਤ ਸਮੇਂ ਕਰੀਬ 11 ਵਜੇ ਦੇ ਫੈਕਟਰੀ ਤੋਂ ਆਪਣੇ ਘਰ ਕੰਮ ਨਿਪਟਾ ਕੇ ਗਏ ਸਨ ਅਤੇ ਉਨ੍ਹਾਂ ਨੂੰ ਸਾਢੇ 12 ਤੋਂ 1 ਵਜੇ ਦੇ ਕਰੀਬ ਫੈਕਟਰੀ ਵਿਚ ਅੱਗ ਲੱਗ ਜਾਣ ਸਬੰਧੀ ਪਤਾ ਲੱਗਿਆ ਜਿਸ ਤੋਂ ਬਾਅਦ ਉਹ ਤੁਰੰਤ ਫੈਕਟਰੀ ਪਹੁੰਚੇ। ਭਿਆਨਕ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਉਸ ਤੋਂ ਪਹਿਲਾਂ ਲਾਗਲੇ ਪਿੰਡ ਦੇ ਲੋਕਾਂ ਅਤੇ ਨੌਜਵਾਨ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ, ਨਸ਼ਾ ਰੋਕੂ ਕਮੇਟੀ ਦੇ ਨੌਜਵਾਨਾਂ ਵੱਲੋਂ ਸਮਾਜ ਸੇਵੀ ਬਲਵਿੰਦਰ ਸਿੰਘ ਬਿੰਦਾ, ਗੋਪੀ ਗਰੇਵਾਲ ਦੀ ਅਗਵਾਈ ਹੇਠ ਆਪਣੀ ਤਿਆਰ ਕਰਵਾਈ ਅੱਗ ਬੁਝਾਊ ਗੱਡੀ ਨਾਲ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਕਰਦੇ ਰਹੇ, ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ।
ਕੁਝ ਸਮੇਂ ਬਾਅਦ ਹੀ ਬਰਨਾਲਾ ਤੋਂ ਪੁੱਜੀਆਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਨਸ਼ਾ ਰੋਕੂ ਕਮੇਟੀ ਮੈਂਬਰਾਂ ਨੇ ਲਗਾਤਾਰ ਪੰਜ-ਛੇ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਫੈਕਟਰੀ ਅੰਦਰ ਪਏ ਲੱਖਾਂ ਰੁਪਏ ਦੇ ਸਮਾਨ ਸਮੇਤ ਫੈਕਟਰੀ ਦਾ ਸੈਡ ਸੜ ਕੇ ਸਵਾਹ ਹੋ ਗਿਆ। ਫੈਕਟਰੀ ਦੇ ਮਾਲਕਾਂ ਨੇ ਦੱਸਿਆ ਕਿ ਇਸ ਵਿੱਚ ਲਗਭਗ 50 ਤੋਂ 70 ਲੱਖ ਤੋਂ ਉੱਪਰ ਨੁਕਸਾਨ ਹੋਣ ਦਾ ਅਨੁਮਾਨ ਹੈ ਕਿਉਂਕਿ ਅਜੇ ਤੱਕ ਪੂਰੇ ਸਮਾਨ ਦੀ ਗਿਣਤੀ ਨਹੀਂ ਹੋ ਸਕੀ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਫੈਕਟਰੀ ਦੀ ਕੰਧ ਦੇ ਨਾਲ ਇੱਕ ਪੈਟਰੋਲ ਪੰਪ ਹੋਣ ਹੈ, ਪਰ ਵੱਡਾ ਹਾਦਸਾ ਹੋਣੋਂ ਬਚ ਗਿਆ ਧੂਰੀ ਤੋਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਕਾਫੀ ਲੇਟ ਪਹੁੰਚਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ Fire
ਫਾਇਰ ਬ੍ਰਿਗੇਡ ਗੱਡੀ ਲਿਆਉਣ ਦੀ ਮੰਗ ਉੱਠੀ
ਬੀਤੀ ਰਾਤ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਕਸਬੇ ਅੰਦਰ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਗੱਡੀ ਲਿਆਉਣ ਦੀ ਮੰਗ ਉਠਾਈ ਗਈ। ਲੋਕਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਕਸਬੇ ਅੰਦਰ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਕਸਬੇ ਅੰਦਰ ਫਾਇਰ ਬਿ੍ਰਗੇਡ ਦੀ ਗੱਡੀ ਨਾ ਹੋਣ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ, ਕਿਉਂਕਿ ਬਰਨਾਲਾ ਜਾਂ ਧੂਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਜਾਂਦਾ ਹੈ ਸਮਾਜ ਸੇਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਹਰਪ੍ਰੀਤ ਸਿੰਘ ਹੈਪੀ ਤੂਰ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਮੰਗ ਕੀਤੀ ਕਿ ਕਸਬੇ ਅੰਦਰ ਜਲਦੀ ਹੀ ਫਾਇਰ ਬ੍ਰਿਗੇਡ ਦੀ ਗੱਡੀ ਸਰਕਾਰ ਵੱਲੋਂ ਨਿਯੁਕਤ ਕੀਤੀ ਜਾਵੇ। Fire