Paris Paralympics 2024: ਅਵਨੀ ਨੇ ਦੇਸ਼ ਨੂੰ ਪਹਿਲਾ ਸੋਨ ਤਮਗਾ ਦਿਵਾਇਆ
ਪੈਰਿਸ (ਏਜੰਸੀ)। Paralympics 2024: ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਵਿੱਚ ਅਵਨੀ ਲੇਖਰਾ ਅਤੇ ਮੋਨਾ ਅਗਰਵਾਲ ਨੇ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ ਵਿੱਚ 10 ਮੀਟਰ ਏਅਰ ਪਿਸਟਲ SH1 ਵਰਗ ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਇੱਥੇ ਫਾਈਨਲ ਮੈਚ ਵਿੱਚ ਅਵਨੀ ਨੇ ਪੈਰਾਓਲੰਪਿਕ ਸ਼ੂਟਿੰਗ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ 249.7 ਦਾ ਸਕੋਰ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ। ਦੱਖਣੀ ਕੋਰੀਆ ਦੇ ਲੀ ਯੂਨਰੀ ਅਤੇ ਅਵਨੀ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਅਵਨੀ ਨੇ ਆਖਰੀ ਸ਼ਾਟ ‘ਤੇ 10.5 ਦਾ ਸਕੋਰ ਬਣਾਇਆ।
ਕੋਰੀਆਈ ਨਿਸ਼ਾਨੇਬਾਜ਼ ਦਾ ਆਖਰੀ ਸ਼ਾਟ ‘ਤੇ 6.8 ਦਾ ਸਕੋਰ ਰਿਹਾ। ਇਸ ਦੇ ਨਾਲ ਅਵਨੀ ਨੇ ਸੋਨ ਤਗਮਾ ਆਪਣੇ ਨਾਂਅ ਕਰ ਲਿਆ। ਯੂਨਰੀ ਨੂੰ 246.8 ਦੇ ਸਕੋਰ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਮੋਨਾ ਅਗਰਵਾਲ ਨੇ 228.7 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਅਵਨੀ ਪੈਰਾਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ।
ਪੀਐਮ ਮੋਦੀ ਨੇ ਜਿੱਤ ‘ਤੇ ਦਿੱਤੀ ਵਧਾਈ | Paralympics 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਲੰਪਿਕ ਖੇਡਾਂ ਦੇ 10 ਮੀਟਰ ਏਅਰ ਪਿਸਟਲ ਐਸਐਚ1 ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਮੋਨਾ ਅਗਰਵਾਲ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਖਿਡਾਰਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਉਨ੍ਹਾਂ ਦੇ ਸਮਰਪਣ ਅਤੇ ਉੱਤਮਤਾ ਦੀ ਪ੍ਰਾਪਤੀ ਨੂੰ ਦਰਸਾਉਂਦੀਆਂ ਹਨ। ਭਾਰਤ ਨੂੰ ਮੋਨਾ ‘ਤੇ ਮਾਣ ਹੈ।