Bangladesh Protest: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਬੰਗਲਾਦੇਸ਼ ਦੇ ਸਿਆਸੀ ਘਟਨਾਕ੍ਰਮ ’ਤੇ ਲਗਾਤਾਰ ਨਜਰ ਰੱਖ ਰਹੀ ਹੈ ਤੇ ਭਾਰਤ ਉਦੋਂ ਤੱਕ ਡੂੰਘੀ ਚਿੰਤਤ ਰਹੇਗਾ ਜਦੋਂ ਤੱਕ ਕਾਨੂੰਨ ਵਿਵਸਥਾ ਦੀ ਸਥਿਤੀ ਆਮ ਨਹੀਂ ਹੋ ਜਾਂਦੀ। ਬੰਗਲਾਦੇਸ਼ ਦੇ ਘਟਨਾਕ੍ਰਮ ’ਤੇ ਰਾਜ ਸਭਾ ’ਚ ਆਪਣਾ ਬਿਆਨ ਦਿੰਦੇ ਹੋਏ ਡਾ. ਸਿੰਘ ਨੇ ਕਿਹਾ ਕਿ ਗੁਆਂਢੀ ਦੇਸ਼ ’ਚ ਸਿਆਸੀ ਘਟਨਾਕ੍ਰਮ ਚਿੰਤਾ ਦਾ ਵਿਸ਼ਾ ਹੈ ਤੇ ਸਰਕਾਰ ਆਪਣੇ ਕੂਟਨੀਤਕ ਮਿਸ਼ਨਾਂ ਰਾਹੀਂ ਉਥੇ ਰਹਿੰਦੇ ਭਾਰਤੀ ਨਾਗਰਿਕਾਂ ਨਾਲ ਲਗਾਤਾਰ ਸੰਪਰਕ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਉਥੇ 19 ਹਜਾਰ ਭਾਰਤੀ ਨਾਗਰਿਕ ਹਨ, ਜਿਨ੍ਹਾਂ ’ਚੋਂ 9 ਹਜਾਰ ਦੇ ਕਰੀਬ ਵਿਦਿਆਰਥੀ ਹਨ ਤੇ ਇਨ੍ਹਾਂ ’ਚੋਂ ਕਈ ਵਿਦਿਆਰਥੀ ਜੁਲਾਈ ’ਚ ਘਰ ਪਰਤ ਆਏ ਸਨ।
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸਥਿਤੀ ’ਤੇ ਵੀ ਨਜਰ ਰੱਖ ਰਿਹਾ ਹੈ। ਉਥੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਬਹੁਤ ਸਾਰੇ ਸਮੂਹ ਤੇ ਸੰਗਠਨ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ, ‘ਸੁਭਾਵਿਕ ਤੌਰ ’ਤੇ, ਸਾਡੀ ਡੂੰਘੀ ਚਿੰਤਾ ਉਦੋਂ ਤੱਕ ਰਹੇਗੀ ਜਦੋਂ ਤੱਕ ਉਥੇ ਅਮਨ-ਕਾਨੂੰਨ ਦੀ ਸਥਿਤੀ ਆਮ ਨਹੀਂ ਹੋ ਜਾਂਦੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦਾਂ ’ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਬੰਗਲਾਦੇਸ਼ ’ਚ ਗੁੰਝਲਦਾਰ ਸਥਿਤੀ ਦੇ ਮੱਦੇਨਜਰ ਖਾਸ ਤੌਰ ’ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ 24 ਘੰਟਿਆਂ ਤੋਂ ਢਾਕਾ ’ਚ ਅਧਿਕਾਰੀਆਂ ਨਾਲ ਸੰਪਰਕ ’ਚ ਹੈ।
ਬੰਗਲਾਦੇਸ਼ ’ਚ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਢਾਕਾ ’ਚ ਕਰਫਿਊ ਲਾਗੂ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਵੱਡੀ ਗਿਣਤੀ ’ਚ ਸੜਕਾਂ ’ਤੇ ਇਕੱਠੇ ਹੋਏ ਸਨ। ਅਸੀਂ ਸਮਝਦੇ ਹਾਂ ਕਿ ਉੱਥੋਂ ਦੀ ਸੁਰੱਖਿਆ ਸਥਾਪਨਾ (ਫੌਜ) ਨਾਲ ਮੀਟਿੰਗ ਤੋਂ ਬਾਅਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਅਤੇ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਉਨ੍ਹਾਂ ਨੇ ਕੁਝ ਸਮੇਂ ਲਈ ਭਾਰਤ ਆਉਣ ਦੀ ਇਜਾਜਤ ਮੰਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਨੂੰ ਬੰਗਲਾਦੇਸ਼ ਦੇ ਅਧਿਕਾਰੀਆਂ ਤੋਂ ਹਵਾਈ ਉਡਾਣ ਦੀ ਇਜਾਜਤ ਲਈ ਬੇਨਤੀ ਵੀ ਮਿਲੀ ਤੇ ਉਹ (ਸ਼੍ਰੀਮਤੀ ਹਸੀਨਾ) ਸੋਮਵਾਰ ਸ਼ਾਮ ਨੂੰ ਦਿੱਲੀ ਆਈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ’ਚ 4 ਅਗਸਤ ਨੂੰ ਸਥਿਤੀ ਨੇ ਗੰਭੀਰ ਰੂਪ ਲੈ ਲਿਆ ਤੇ ਪੁਲਿਸ ਸਟੇਸ਼ਨਾਂ ਤੇ ਸਰਕਾਰੀ ਅਦਾਰਿਆਂ ’ਤੇ ਹਮਲੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਹਿੰਸਾ ਨੇ ਵਿਆਪਕ ਰੂਪ ਲੈ ਲਿਆ। ਸਰਕਾਰ ਵਿੱਚ ਸ਼ਾਮਲ ਲੋਕਾਂ ਦੀਆਂ ਜਾਇਦਾਦਾਂ ’ਤੇ ਦੇਸ਼ ਭਰ ਵਿੱਚ ਹਮਲੇ ਹੋਣੇ ਸ਼ੁਰੂ ਹੋ ਗਏ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਖਾਸ ਚਿੰਤਾ ਦਾ ਵਿਸ਼ਾ ਹੈ ਕਿ ਘੱਟ ਗਿਣਤੀਆਂ, ਉਨ੍ਹਾਂ ਦੇ ਵਪਾਰਕ ਅਦਾਰਿਆਂ ਤੇ ਮੰਦਰਾਂ ’ਤੇ ਵੀ ਕਈ ਥਾਵਾਂ ’ਤੇ ਹਮਲੇ ਹੋਏ। ਇਨ੍ਹਾਂ ਹਮਲਿਆਂ ਦੇ ਪੂਰੇ ਵੇਰਵੇ ਅਜੇ ਸਪੱਸ਼ਟ ਨਹੀਂ ਹਨ। Bangladesh Protest
Read This : Neeraj Chopra: ਨੀਰਜ ਓਲੰਪਿਕ ਜੇਵਲਿਨ ਥ੍ਰੋ ਦੇ ਫਾਈਨਲ ’ਚ, ਸੁੱਟਿਆ ਸੀਜ਼ਨ ਦਾ ਸਰਵੋਤਮ ਥ੍ਰੋ
ਜੈਸ਼ੰਕਰ ਨੇ ਕਿਹਾ ਕਿ ਇਸ ਸਾਲ ਜਨਵਰੀ ’ਚ ਹੋਈਆਂ ਚੋਣਾਂ ਤੋਂ ਬਾਅਦ ਬੰਗਲਾਦੇਸ਼ ’ਚ ਤਣਾਅ ਵਧ ਗਿਆ ਸੀ ਅਤੇ ਉਥੇ ਰਾਜਨੀਤੀ ’ਚ ਧਰੁਵੀਕਰਨ ਅਤੇ ਵੰਡ ਡੂੰਘੀ ਹੋਣੀ ਸ਼ੁਰੂ ਹੋ ਗਈ ਸੀ। ਇਸ ਪਿਛੋਕੜ ’ਚ ਜੂਨ ’ਚ ਸ਼ੁਰੂ ਹੋਏ ਵਿਦਿਆਰਥੀਆਂ ਦੇ ਅੰਦੋਲਨ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਹਿੰਸਾ ਦੀਆਂ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈਆਂ, ਸਰਕਾਰੀ ਇਮਾਰਤਾਂ ’ਤੇ ਹਮਲੇ ਸ਼ੁਰੂ ਹੋ ਗਏ ਤੇ ਸੜਕ ਤੇ ਰੇਲ ਮਾਰਗਾਂ ਵਿੱਚ ਵਿਘਨ ਪਿਆ। ਇਹ ਹਿੰਸਾ ਜੁਲਾਈ ’ਚ ਵੀ ਜਾਰੀ ਰਹੀ। ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਦੌਰਾਨ ਅਸੀਂ ਬਰਾਬਰ ਸੰਜਮ ਵਰਤਣ ਦੀ ਸਲਾਹ ਦਿੱਤੀ ਤੇ ਤਾਕੀਦ ਕੀਤੀ ਕਿ ਗੱਲਬਾਤ ਰਾਹੀਂ ਸਥਿਤੀ ਨੂੰ ਆਮ ਬਣਾਇਆ ਜਾਵੇ। ਅਸੀਂ ਵੱਖ-ਵੱਖ ਰਾਜਨੀਤਿਕ ਸ਼ਕਤੀਆਂ ਨੂੰ ਵੀ ਇਸੇ ਤਰ੍ਹਾਂ ਦੀ ਬੇਨਤੀ ਕੀਤੀ ਸੀ ਜਿਨ੍ਹਾਂ ਨਾਲ ਸਾਡਾ ਸੰਪਰਕ ਸੀ। Bangladesh Protest
ਵਿਦੇਸ਼ ਮੰਤਰੀ ਨੇ ਕਿਹਾ ਕਿ 21 ਜੁਲਾਈ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਜਨਤਕ ਪ੍ਰਦਰਸ਼ਨਾਂ ’ਚ ਕੋਈ ਕਮੀ ਨਹੀਂ ਆਈ। ਉਸ ਤੋਂ ਬਾਅਦ ਉਥੋਂ ਦੀ ਸਰਕਾਰ ਦੇ ਫੈਸਲਿਆਂ ਤੇ ਕਾਰਵਾਈਆਂ ਕਾਰਨ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜਦੇ ਗਏ ਤੇ ਅੰਦੋਲਨ ਅਜਿਹੇ ਮੋਡ ’ਤੇ ਪਹੁੰਚ ਗਿਆ, ਜਿੱਥੇ ਇੱਕੋ ਮੰਗ ਸੀ ਕਿ ਪ੍ਰਧਾਨ ਮੰਤਰੀ ਸ੍ਰੀਮਤੀ ਹਸੀਨਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਦੇ ਸਬੰਧ ਵੱਖ-ਵੱਖ ਸਰਕਾਰਾਂ ਦੇ ਅਧੀਨ ਦਹਾਕਿਆਂ ਦੌਰਾਨ ਅਸਧਾਰਨ ਤੌਰ ’ਤੇ ਮਜਬੂਤ ਰਹੇ ਹਨ। ਬੰਗਲਾਦੇਸ਼ ’ਚ ਹਿੰਸਾ ਤੇ ਅਸਥਿਰਤਾ ਬਾਰੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਦੀਆਂ ਸਾਂਝੀਆਂ ਚਿੰਤਾਵਾਂ ਹਨ।