ਸੰਸਾਰ ਦੀਆਂ ਪ੍ਰਮੁੱਖ ਕਲਾਵਾਂ ‘ਚੋਂ ਸਾਹਿਤ ਪੜ੍ਹਨਾ ਤੇ ਸਿਰਜਣਾ ਮਨੁੱਖ ਨੂੰ ਰਚਨਾਤਮਿਕਤਾ, ਮੌਲਿਕਤਾ, ਕਲਾਤਮਿਕਤਾ, ਸਹਿਜ਼ਤਾ, ਕੋਮਲਤਾ, ਸੰਵੇਦਨਸ਼ੀਲਤਾ, ਬੁੱਧੀਮਤਾ, ਵਿਸ਼ਾਲਤਾ ਤੇ ਵਿਹਾਰਕਤਾ, ਭਾਵੁਕਤਾ ਆਦਿ ਨਾਲ ਅਮੀਰ ਕਰਦਾ ਹੈ ਵਿੱਦਿਅਕ ਅਦਾਰਿਆਂ ‘ਚੋਂ ਸਿੱਖਿਆ ਗ੍ਰਹਿਣ ਕਰ ਰਹੇ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜ ਕੇ ਹਰੇਕ ਪੱਖੋਂ ਸਾਰਥਿਕ ਨਤੀਜਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਸਾਹਿਤ ਦਾ ਮੂਲ ਉਦੇਸ਼ ਸੱਤਿਅਮ (ਸੱਚ), ਸ਼ਿਵਮ (ਕਲਿਆਣ) ਤੇ ਸੁੰਦਰਮ (ਸੁੰਦਰਤਾ) ਦਾ ਪ੍ਰਕਾਸ਼ ਤੇ ਪ੍ਰਚਾਰ ਕਰਨਾ ਹੈ ਇਸ ਉਦੇਸ਼ ਦੀ ਪ੍ਰਾਪਤੀ ਕੇਵਲ ਸੁਹਿਰਦ ਪਾਠਕਾਂ ਦੀ ਮੱਦਦ ਨਾਲ ਹੀ ਕੀਤੀ ਜਾ ਸਕਦੀ ਹੈ ਹਰੇਕ ਵਿੱਦਿਅਕ ਅਦਾਰੇ ਅੰਦਰ ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਹਫ਼ਤੇ ਵਿੱਚ ਘੱਟ ਤੋਂ ਘੱਟ ਦੋ ਪੀਰੀਅਡ ਵਿਦਿਆਰਥੀ ਲਾਇਬ੍ਰੇਰੀ ਵਿੱਚ ਭਾਸ਼ਾ ਅਧਿਆਪਕਾਂ ਦੀ ਹਾਜ਼ਰੀ ‘ਚ ਗੁਜ਼ਾਰਨ ਤਾਂ ਸੋਨੇ ‘ਤੇ ਸਹਾਗੇ ਦੀ ਧਾਰਨਾ ਸੱਚ ਹੋ ਸਕਦੀ ਹੈ ਲਾਇਬ੍ਰੇਰੀ ‘ਚੋਂ ਵੱਖ-ਵੱਖ ਕਿਤਾਬਾਂ, ਰਸਾਲਿਆਂ, ਕੋਸ਼, ਵਿਸ਼ਵਕੋਸ਼, ਖੋਜ-ਨਿਬੰਧ, ਖੋਜ- ਪ੍ਰਬੰਧ, ਹਵਾਲਾ ਸਮੱਗਰੀ ਆਦਿ ਦੀ ਮੱਦਦ ਨਾਲ ਸਾਹਿਤਕ ਰੁਚੀਆਂ ਨੂੰ ਹੁੰਗਾਰਾ ਤੇ ਹੁਲਾਰਾ ਮਿਲਦਾ ਹੈ ਸਕੂਲਾਂ ਵਿੱਚ ਰੀਡਿੰਗ ਕਾਰਨਰ (ਪੜ੍ਹਨ ਕੋਨੇ) ਦੀ ਸਥਾਪਨਾ ਤੇ ਸੁਚੱਜੀ ਵਰਤੋਂ ਵੀ ਬਾਲ-ਮਨਾਂ ਲਈ ਸਾਹਿਤਕ ਚੇਟਕ ਦਾ ਪ੍ਰਮੁੱਖ ਸ੍ਰੋਤ ਹੈ
ਵਿਦਿਆਰਥੀਆਂ ਅੰਦਰ ਸਹਿਤਕ ਰੁਚੀਆਂ ਪੈਦਾ ਕਰਨ ‘ਚ ਭਾਸ਼ਾ ਅਧਿਆਪਕ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਭਾਸ਼ਾ ਅਧਿਆਪਕ ਦੀ ਸਾਹਿਤਕ ਸਮਝ, ਸੁਚੱਜਾ ਭਾਸ਼ਾਈ ਅਧਿਆਪਨ ਤੇ ਸਾਹਿਤ ਸਿਰਜਣਾ ਦੀ ਰੁਚੀ ਸਭ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹੋ ਨਿੱਬੜਦੀ ਹੈ ਭਾਸ਼ਾ ਅਧਿਆਪਨ ਮੌਕੇ ਸਬੰਧਤ ਸਾਹਿਤਕ ਵਿਧਾ ਦੀ ਪਰਿਭਾਸ਼ਾ, ਤੱਤ, ਬਣਤਰ, ਪ੍ਰਵਿਰਤੀਆਂ ਤੇ ਸਾਹਿਤਕ ਤਵਾਰੀਖ਼ ਦੀ ਤਫ਼ਸੀਲ ਨਾਲ ਪਾੜ੍ਹਿਆਂ ਨੂੰ ਅਦਬੀ ਦੁਨੀਆਂ ਨਾਲ ਜੋੜਨਾ ਸਰਲ ਹੋ ਜਾਂਦਾ ਹੈ ਜੇਕਰ ਭਾਸ਼ਾ ਦੇ ਪਾਠਕ੍ਰਮ ‘ਚ ਦਰਜ ਕਾਵਿ-ਰਚਨਾਵਾਂ ਤਰੰਨਮ ‘ਚ ਸੁਰ-ਤਾਲ ਦੇ ਸੰਗੀਤ ਵਿੱਚ ਗੁੰਨ੍ਹ ਕੇ ਅਤੇ ਨਾਟਕ-ਇਕਾਂਗੀਆਂ ਜਮਾਤ ‘ਚੋਂ ਪਾਤਰ ਸਿਰਜ ਕੇ ਨਾਟਕੀ ਵਿਧੀ ਰਾਹੀਂ ਪੜ੍ਹਾਈਆਂ ਜਾਣ ਤਾਂ ਪਾਠ-ਸਮੱਗਰੀ ਸਪੱਸ਼ਟ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਸਾਹਿਤਕ ਆਦਤ ਪਾਉਣ ਦੀ ਨਿੱਗਰ ਬੁਨਿਆਦ ਰੱਖੀ ਜਾਂਦੀ ਹੈ ਭਾਸ਼ਾ ਅਧਿਆਪਕ ਖ਼ੁਦ ਨਿਰੰਤਰ ਅਧਿਐਨ ਨਾਲ਼ ਜੁੜਿਆ ਰਹੇ ਅਤੇ ਉਹ ਸਮੇਂ-ਸਮੇਂ ਆਪਣੇ ਸ਼ਾਗਿਰਦਾਂ ਨੂੰ ਪੜ੍ਹਨ ਲਈ ਚੰਗੀਆਂ ਕਿਤਾਬਾਂ ਤੇ ਰਸਾਲਿਆਂ ਦੀ ਦੱਸ ਪਾਵੇ, ਪੜ੍ਹਨ ਲਈ ਪ੍ਰੇਰਤ ਕਰੇ ਤੇ ਪੜ੍ਹੀ ਗਈ ਕਿਤਾਬ ਬਾਰੇ ਵਿਦਿਆਰਥੀਆਂ ਤੋਂ ਪ੍ਰਤੀਕਿਰਿਆ ਲੈਣ ਬਾਅਦ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰੇ ਵਿਦਿਆਰਥੀਆਂ ਦੇ ਸ਼ਬਦ ਭੰਡਾਰ ‘ਚ ਵਾਧਾ ਕਰਨ ਲਈ ਸ਼ਬਦ-ਕੋਸ਼, ਮਹਾਨ ਕੋਸ਼ ਤੇ ਵਿਸ਼ਵ ਕੋਸ਼ ਨਾਲ ਜੋੜਨਾ ਭਾਸ਼ਾ ਅਧਿਆਪਕ ਦੀ ਪਹਿਲ-ਕਦਮੀ ਹੋਣੀ ਚਾਹੀਦੀ ਹੈ
ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਨ ਲਈ ਵਿੱਦਿਅਕ ਸੰਸਥਾਵਾਂ ਵਿੱਚ ਸਮੇਂ-ਸਮੇਂ ਪੁਸਤਕ ਪ੍ਰਦਰਸ਼ਨੀਆਂ, ਸਾਹਿਤਕ ਸੰਮੇਲਨ, ਪ੍ਰਸਿੱਧ ਸਾਹਿਤਕਾਰਾਂ ਦੇ ਰੂ-ਬ-ਰੂ ਸਮਾਗਮ ਰਚਾਉਣ ਨਾਲ ਸਾਹਿਤ ਜਾਗ੍ਰਿਤੀ ਦੇ ਉਦੇਸ਼ ਦੀ ਪ੍ਰਾਪਤੀ ਲਈ ਯੋਜਨਾਵੱਧ ਤਰੀਕੇ ਨਾਲ ਕਾਰਜਕ੍ਰਮ ਕਰਨਾ ਚਾਹੀਦਾ ਹੈ ਭਾਸ਼ਾ, ਸਾਹਿਤ ਤੇ ਸਾਹਿਤਕਾਰਾਂ ਨਾਲ ਜੁੜੇ ਖ਼ਾਸ ਦਿਵਸ, ਸਪਤਾਹ, ਪੰਦਰਵਾੜੇ ਤੇ ਮਹੀਨੇ ਵਿਹਾਰਕ ਰੂਪ ‘ਚ ਮਨਾਉਣ ਨਾਲ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦਾ ਕਾਰਗਰ ਹਥਿਆਰ ਹੈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਰੇਡੀਓ ਤੇ ਟੀ. ਵੀ. ਦੇ ਮਿਆਰੀ ਸਾਹਿਤਕ ਸਿਲਸਿਲਿਆਂ ਦੇ ਜਰੀਏ ਸਾਹਿਤ ਨਾਲ ਜੋੜਨ ਲਈ ਉਚੇਚੇ ਯਤਨ ਕਰਨ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੋੜ ਕੇ ਨਾ ਕੇਵਲ ਨਾਟਕ, ਇਕਾਂਗੀ, ਨੁੱਕੜ ਨਾਟਕ ਦੀ ਸਿਨਫ਼ ਬਾਰੇ ਵਿਸਥਾਰਿਤ ਜਾਣਕਾਰੀ ਹਾਸਲ ਹੁੰਦੀ ਹੈ, ਸਗੋਂ ਬਹੁਭਾਂਤੀ ਵਿਸ਼ਿਆਂ ਬਾਰੇ ਗਿਆਨ, ਅਦਾਕਾਰੀ ਦੇ ਗੁਣ ਤੇ ਨਾਟਕ-ਇਕਾਂਗੀ ਪੜ੍ਹਨ ਤੇ ਸਿਰਜਣ ਦੀ ਰੁਚੀ ਵੀ ਪ੍ਰਬਲ ਹੁੰਦੀ ਹੈ ਸਾਹਿਤ ਨਾਲ ਜੁੜੇ ਵਿਦਿਆਰਥੀਆਂ ਦੀ ਭਾਸ਼ਾ ‘ਤੇ ਪਕੜ ਮਜ਼ਬੂਤ ਹੁੰਦੀ ਹੈ ਸ਼ਬਦਾਂ ਦੀ ਅਮੀਰੀ ਆਪਣੇ ਮਾਧਿਅਮ ਰਾਹੀਂ ਜਿੱਥੇ ਗੈਰ-ਸਾਹਿਤਕ ਵਿਸ਼ਿਆਂ ਨੂੰ ਡੂੰਘਾਈ ‘ਚ ਪੜ੍ਹਨ ‘ਚ ਸਹਾਇਤਾ ਕਰਦੀ ਹੈ, ਉੱਥੇ ਬੋਲ-ਚਾਲ ਦੀ ਭਾਸ਼ਾ ਵੀ ਵਧੇਰੇ ਪਾਏਦਾਰ, ਦਮਦਾਰ, ਅਸਰਦਾਰ ਤੇ ਪ੍ਰਭਾਵਸ਼ਾਲੀ ਹੋ ਨਿੱਬੜਦੀ ਹੈ
ਸਕੂਲ ਦੇ ਚੋਣਵੇਂ ਸੁਹਿਰਦ ਵਿਦਿਆਰਥੀ- ਪਾਠਕਾਂ ਤੇ ਵਿਦਿਆਰਥੀ ਲੇਖਕਾਂ ਦੀ ਸਾਹਿਤ ਸਭਾ ਦਾ ਗਠਨ ਕਰ ਕੇ ਸਾਹਿਤ ਪੜ੍ਹਨ ਤੇ ਸਿਰਜਣ ਦੇ ਹੁਨਰਾਂ ‘ਚ ਉਤਸ਼ਾਹਜਨਕ ਨਿਖਾਰ ਤੇ ਸੁਧਾਰ ਲਿਆਂਦਾ ਜਾ ਸਕਦਾ ਹੈ ਅੱਜ-ਕੱਲ੍ਹ ਹਰੇਕ ਅਖ਼ਬਾਰ ‘ਚ ਅਨੇਕਾਂ ਸਾਹਿਤਕ ਵੰਨਗੀਆਂ ਕਹਾਣੀ, ਮਿੰਨੀ ਕਹਾਣੀ, ਨਾਵਲ, ਨਾਟਕ, ਇਕਾਂਗੀ, ਗੀਤ, ਗ਼ਜ਼ਲ, ਕਵਿਤਾ, ਨਜ਼ਮ, ਰੁਬਾਈ, ਵਿਅੰਗ, ਨਿਬੰਧ, ਲੇਖ, ਰੇਖਾ ਚਿੱਤਰ, ਸਫ਼ਰਨਾਮਾ ਅੰਸ਼, ਸਮੀਖਿਆ, ਹਾਸ-ਵਿਅੰਗ ਆਦਿ ਪੜ੍ਹਨ ਨੂੰ ਮਿਲਦੇ ਹਨ ਜੇਕਰ ਵਿਦਿਆਰਥੀਆਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਈ ਜਾਵੇ ਤਾਂ ਅਨੇਕਾਂ ਸਾਹਿਤ ਰੂਪਾਂ ਤੇ ਵਿਸ਼ਾ ਸਮੱਗਰੀ ਨਾਲ ਜਾਣ-ਪਹਿਚਾਣ ਹੁੰਦੀ ਹੈ ਕਈ ਸਾਹਿਤਕ ਰਸਾਲਿਆਂ ਤੇ ਪੁਸਤਕ-ਲੜੀਆਂ ਦਾ ਨਿਰੋਲ ਉਦੇਸ਼ ਭਾਂਤ-ਭਾਂਤ ਦੀਆਂ ਅਦਬੀ ਸਿਨਫ਼ਾਂ ਨਾਲ ਸਾਹਿਤ ਦਾ ਦਾਇਰਾ ਮੋਕਲ਼ਾ ਕਰਨਾ ਹੁੰਦਾ ਹੈ
ਅਜਿਹੇ ਸਾਹਿਤਕ ਰਸਾਲੇ ਯੁਵਕਾਂ ਲਈ ਸਾਹਿਤਕ ਸਮਝ ਦੇ ਮਾਮਲੇ ਵਿੱਚ ਮੱਦਦਗਾਰ ਸਿੱਧ ਹੋ ਸਕਦੇ ਹਨ ਵਿਦਿਆਰਥੀਆਂ ਦੀਆਂ ਮਿਆਰੀ ਰਚਨਾਵਾਂ ਨੂੰ ਵੱਖ-ਵੱਖ ਅਖ਼ਬਾਰਾਂ-ਰਸਾਲਿਆਂ ‘ਚ ਛਪਣ ਹਿੱਤ ਵੀ ਭੇਜਿਆ ਜਾ ਸਕਦਾ ਹੈ ਇਸ ਤਰ੍ਹਾਂ ਲਿਖਣ ‘ਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਆਪ- ਸਿਰਜੀਆਂ ਰਚਨਾਵਾਂ ਸਕੂਲ/ਕਾਲਜ ਦੇ ਰਸਾਲੇ ਵਿੱਚ ਛਾਪ ਕੇ ਉਤਸ਼ਾਹ ਵਧਾਉਣ ਦਾ ਸ਼ੁੱਭ ਕਾਰਜ ਕੀਤਾ ਜਾ ਸਕਦਾ ਹੈ ਸਕੂਲਾਂ ‘ਚ ਸਵੇਰ ਦੀ ਸਭਾ ਪ੍ਰਤਿਭਾਸ਼ਾਲੀ ਸਾਹਿਤਕ ਸੋਚ ਦੇ ਧਾਰਨੀ ਬੱਚਿਆਂ ਲਈ ਆਪੇ ਦੇ ਪ੍ਰਗਟਾਵੇ ਦਾ ਮਜ਼ਬੂਤ ਸਾਧਨ ਹੈ ਵਸ਼ਿਸ਼ਟ-ਸਾਹਿਤ ਦੀ ਸਮਝ ਲਈ ਲੋਕ-ਸਾਹਿਤ ਦੀਆਂ ਮੁੱਢਲੀਆਂ ਵੰਨਗੀਆਂ ਘੋੜੀਆਂ, ਸੁਹਾਗ, ਸਿੱਠਣੀਆਂ, ਟੱਪੇ, ਢੋਲੇ, ਕੀਰਨੇ-ਵੈਣ, ਬੋਲੀਆਂ, ਬਾਤਾਂ, ਬੁਝਾਰਤਾਂ, ਅਖਾਣ, ਮੁਹਾਵਰੇ ਆਦਿ ਬਾਰੇ ਸਿਧਾਂਤਿਕ ਤੇ ਵਿਹਾਰਕ ਜਾਣਕਾਰੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣੀ ਅਤੀ ਲਾਜ਼ਮੀ ਹੈ
ਜੇਕਰ ਵਿਦਿਆਰਥੀ ਖ਼ਾਸ ਮੌਕਿਆਂ ‘ਤੇ ਇੱਕ–ਦੂਜੇ, ਸਕੇ ਸਬੰਧੀਆਂ ਤੇ ਨਜ਼ਦੀਕੀਆਂ ਨੂੰ ਕਿਤਾਬ ਜਾਂ ਸ਼ਬਦ-ਕੋਸ਼ ਰੂਪੀ ਤੋਹਫ਼ੇ ਦੇਣ ਤਾਂ ਉਮਦਾ ਸਾਹਿਤਕ ਮਾਹੌਲ ਸਿਰਜਿਆ ਜਾ ਸਕਦਾ ਹੈ ਨਿਰਸੰਦੇਹ ਅਜੋਕੇ ਯੁੱਗ ਵਿੱਚ ਅਸੀਂ ਸੂਚਨਾ ਕ੍ਰਾਂਤੀ ਦੇ ਗਤੀਸ਼ੀਲ ਦੌਰ ਵਿੱਚ ਗੁਜ਼ਰ ਰਹੇ ਹਾਂ ਕੰਪਿਊਟਰ, ਇੰਟਰਨੈੱਟ, ਲੈਪਟਾਪ, ਮੋਬਾਇਲ ਆਦਿ ਅਨੇਕਾਂ ਵਿਗਿਆਨਕ ਤੋਹਫ਼ਿਆਂ ਦੀ ਯੁਵਾ ਵਰਗ ਵਰਤੋਂ ਦੀ ਥਾਂ ਦੁਰਵਰਤੋਂ ਕਰ ਰਿਹਾ ਹੈ ਇਸ ਦੇ ਉਲਟ ਅਨੇਕਾਂ ਸਾਫ਼ਟਵੇਅਰ, ਵੈੱਬਸਾਈਟਸ ਤੇ ਐਪਸ ਉਪਲੱਬਧ ਹਨ, ਜਿਨ੍ਹਾਂ ਦਾ ਟੀਚਾ ਸਾਹਿਤ, ਭਾਸ਼ਾ ਤੇ ਕਲਾ ਨਾਲ ਸਾਂਝ ਰੱਖਦੇ ਖਪਤਕਾਰਾਂ ਦੀ ਗਿਆਨਾਤਮਕ ਤੇ ਕਲਾਤਮਿਕ ਭੁੱਖ ਦੀ ਤ੍ਰਿਪਤੀ ਕਰਨਾ ਹੁੰਦਾ ਹੈ,
ਅਜਿਹੇ ਆਧੁਨਿਕ ਸੂਚਨਾ-ਸੰਸਾਰ ਬਾਰੇ ਅਧਿਆਪਕ ਖ਼ੁਦ ਜਾਣਕਾਰੀ ਰੱਖਦੇ ਹੋਣ ਤੇ ਇਸਦੀ ਸੁਚੱਜੀ ਵਰਤੋਂ ਬਾਰੇ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਟਾਈਪਿੰਗ ਸਿਖਾ ਕੇ ਉਹਨਾਂ ਦਾ ਭਾਸ਼ਾ ਪੱਖ ਮਜ਼ਬੂਤ ਕੀਤਾ ਜਾ ਸਕਦਾ ਹੈ ਪਾਠਕ੍ਰਮ ‘ਚ ਸ਼ਾਮਿਲ ਸਾਹਿਤ ਦੀਆਂ ਵੰਨਗੀਆਂ ਨਿਰਧਾਰਤ ਚੌਖਟੇ ਅਨੁਸਾਰ ਪੜ੍ਹਾਉਣ ਨਾਲ ਜਿੱਥੇ ਵਿਦਿਆਰਥੀ ਮਨ ਆਨੰਦਿਤ ਹੋ ਜਾਂਦਾ ਹੈ, ਉੱਥੇ ਉਹਨਾਂ ਦੀ ਮਾਨਵੀ ਸਮਾਜ ਦੇ ਸਰੋਕਾਰਾਂ ਦੇ ਗਿਆਨ ਨਾਲ਼ ਖ਼ਾਲੀ ਝੋਲ਼ੀ ਭਰ ਜਾਂਦੀ ਹੈ
ਸੋ ਆਓ, ਵਿਦਿਆਰਥੀਆਂ ਨੂੰ ਸਾਹਿਤ ਦੇ ਸੰਜੀਦਾ ਪਾਠਕ, ਜ਼ਿੰਮੇਵਾਰ ਰਚਨਾਕਾਰ ਤੇ ਸੰਤੁਲਿਤ ਸਮੀਖਿਆਕਾਰ ਬਣਾਉਣ ਲਈ ਵਿਹਾਰਕ ਤੇ ਸੁਖੈਨਤਾ ਭਰਪੂਰ ਯਤਨ ਕਰੀਏ
ਲੈਕਚਰਾਰ ਤਰਸੇਮ ਸਿੰਘ ਬੁੱਟਰ ‘ਬੰਗੀ’
ਮੋ. 81465-82152