ਸਾਨੂੰ ਸਤਿਲੋਕ ਤੋਂ ਵਾਪਸ ਆਉਣਾ ਪਿਆ

Shah Mastana ji Maharaj
Shah Mastana ji Maharaj

ਬੇਪਰਵਾਹ ਜੀ ਜ਼ਿਆਦਾਤਰ ਸਮਾਂ ਆਪਣੇ ਮੁਰਸ਼ਿਦ ਦੀ ਯਾਦ ’ਚ ਮਗਨ ਰਹਿੰਦੇ 

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji Maharaj) ਜਦੋਂ ਵੀ ਡੇਰਾ ਸੱਚਾ ਸੌਦਾ ਦੇ ਤੇਰਾਵਾਸ ’ਚ ਹੁੰਦੇ ਤਾਂ ਜ਼ਿਆਦਾਤਰ ਸਮਾਂ ਆਪਣੇ ਮੁਰਸ਼ਿਦ ਦੀ ਯਾਦ ’ਚ ਮਗਨ ਰਹਿੰਦੇ, ਕਦੇ ਨਾ ਸੌਂਦੇ ਬੇਪਰਵਾਹ ਜੀ ਨੂੰ ਕਦੇ ਵੀ ਕਿਸੇ ਨੇ ਸੌਂਦੇ ਹੋਏ ਨਹੀਂ ਦੇਖਿਆ। ਜੇਕਰ ਰੱਬੀ ਦੇਹ ਦੇ ਆਰਾਮ ਲਈ ਇੱਕ-ਅੱਧਾ ਘੰਟਾ ਪੈਂਦੇ ਤਾਂ ਵੀ ਧਿਆਨ ਮਾਲਕ ਨਾਲ ਜੁੜਿਆ ਰਹਿੰਦਾ ਤੇ ਆਪਣੀ ਦੇਹ ’ਚੋਂ ਚਲੇ ਜਾਂਦੇ। ਇਹ ਗੱਲ ਨਿਆਮਤ ਜੀ ਤੇ ਪਲਟੂ ਆਦਿ ਪੁਰਾਣੇ ਸੇਵਾਦਾਰ ਹੀ ਜਾਣਦੇ ਸਨ।

ਇਹ ਵੀ ਪੜ੍ਹੋ: Guru Purnima : ਗੁਰੂ ਪੁੰਨਿਆ ‘ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ

ਏਦਾਂ ਹੀ ਇੱਕ ਵਾਰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇਰਾਵਾਸ ’ਚ ਪਏ ਆਪਣੀ ਮਸਤੀ ’ਚ ਮਗਨ ਹੋ ਕੇ ਪਵਿੱਤਰ ਦੇਹ ਛੱਡ ਕੇ ਚਲੇ ਗਏ ਉਸ ਸਮੇਂ ਡਿਊਟੀ ਵਾਲਾ ਪੁਰਾਣਾ ਸੇਵਾਦਾਰ ਕਿਸੇ ਕੰਮ ਲਈ ਨਾਲ ਵਾਲੇ ਕਮਰੇ ’ਚ ਚਲਾ ਗਿਆ ਤੇ ਬੇਪਰਵਾਹ ਜੀ ਕੋਲ ਇੱਕ ਨਵੇਂ ਸੇਵਾਦਾਰ (ਬੁੱਲ੍ਹਾ) ਦੀ ਡਿਊਟੀ ਲਾ ਗਿਆ। ਡਿਊਟੀ ਵਾਲਾ ਸੇਵਾਦਾਰ ਬੱਚਾ ਸੀ ਉਸ ਨੂੰ ਪਤਾ ਨਹੀਂ ਸੀ ਕਿ ਸਾਈਂ ਜੀ ਸੌਂਦੇ ਨਹੀਂ ਸਗੋਂ ਨਾਮ ਦੀ ਮਸਤੀ ’ਚ ਦੇਹ ਤੋਂ ਦੂਰ ਚਲੇ ਜਾਂਦੇ ਹਨ। ਉਹ ਸੇਵਾਦਾਰ ਪਿਆਰ ਨਾਲ ਸਤਿਗੁਰੂ ਜੀ ਲਈ ਚਾਹ ਬਣਾ ਕੇ ਲੈ ਆਇਆ ਤੇ ਪੀਣ ਲਈ ਪ੍ਰਾਰਥਨਾ ਕਰਦੇ ਹੋਏ ਪੂਜਨੀਕ ਬੇਪਰਵਾਹ ਜੀ ਨੂੰ ਆਵਾਜ਼ ਮਾਰੀ ਪਰ ਕੋਈ ਉੱਤਰ ਨਹੀਂ ਮਿਲਿਆ ਫਿਰ ਆਵਾਜ਼ ਮਾਰੀ ਤੇ ਸਾਈਂ ਜੀ ਦੇ ਚਰਨਾਂ ਨੂੰ ਹੱਥ ਨਾਲ ਹਿਲਾਇਆ ਕੋਈ ਉੱਤਰ ਨਹੀਂ ਮਿਲਿਆ। ਉਸ ਨੇ ਸੋਚਿਆ, ਸਾਈਂ ਜੀ ਹੁਣੇ-ਹੁਣੇ ਤਾਂ ਮਜ਼ਲਸ ਫਰਮਾ ਕੇ ਆਏ ਹਨ, ਏਨੀ ਛੇਤੀ ਨੀਂਦ ਕਿਵੇਂ ਆ ਗਈ?

ਉਹ ਘਬਰਾ ਗਿਆ ਤੇ ਉਸ ਨੇ ਸੋਚਿਆ ਕਿ ਸ਼ਾਇਦ ਦਾਤਾ ਜੀ ਦੇਹ ਛੱਡ ਕੇ ਰੂਪ ਬਦਲ ਗਏ ਹਨ। ਉਸ ਨੂੰ ਕੁਝ ਨਾ ਸੁੱਝਿਆ ਉਸ ਦੇ ਮੂੰਹੋਂ ਚੀਕ ਨਿੱਕਲ ਗਈ ਚੀਕ ਸੁਣ ਕੇ ਸੇਵਾਦਾਰ ਵੀ ਤੁਰੰਤ ਤੇਰਾਵਾਸ ਵੱਲ ਆ ਗਏ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਆਪਣੀ ਪਵਿੱਤਰ ਦੇਹ ’ਚ ਪਧਾਰੇ ’ਤੇ ਸੇਵਾਦਾਰ ਨੂੰ ਰੋਂਦੇ ਹੋਏ ਦੇਖਿਆ। ਪੂਜਨੀਕ ਬੇਪਰਵਾਹ ਜੀ (Shah Mastana ji Maharaj) ਨੇ ਕੋਲ ਖੜ੍ਹੇ ਪੁਰਾਣੇ ਸੇਵਾਦਾਰ ਨੂੰ ਫ਼ਰਮਾਇਆ, ‘‘ਇਹ ਤਾਂ ਬੱਚਾ ਹੈ, ਹੁਣੇ ਨਵਾਂ ਆਇਆ ਤੈਨੂੰ ਤਾਂ ਪਤਾ ਸੀ ਉਸ ਦੀ ਚੀਕ ਸੁਣ ਕੇ ਸਾਨੂੰ ਸਤਿਲੋਕ ਤੋਂ ਵਾਪਸ ਆਉਣਾ ਪਿਆ।’’