(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ (Desh Bhagat University) ਦੇ ਡੈਂਟਲ ਵਿਭਾਗ ਵੱਲੋਂ ਤੰਬਾਕੂ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਨੇੜਲੇ ਇਲਾਕਿਆਂ ਵਿੱਚ ਤੰਬਾਕੂ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਡੈਂਟਲ ਵਿਭਾਗ ਦੀ ਪ੍ਰਿੰਸੀਪਲ ਡਾ. ਉੱਨਤੀ ਪਿਤਾਲੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਡਾ. ਪਿਤਾਲੇ ਨੇ ਵਿਭਾਗ ਨੂੰ ਅਜਿਹੇ ਸਿਹਤ ਜਾਗਰੂਕਤਾ ਸੰਬੰਧੀ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਲੋਕਾਂ ਨੂੰ ਤੰਬਾਕੂ ਦੇ ਸੇਵਨ ਦੇ ਖ਼ਤਰਿਆਂ ਬਾਰੇ ਜਾਗਰੁਕ ਕੀਤਾ ਜਾਵੇ ਅਤੇ ਦੱਸਿਆ ਜਾਵੇ ਕਿ ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਮੌਤ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਅਤੇ ਨਵੀਂ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: Haryana Weather: ਭਿਆਨਕ ਗਰਮੀ ਦੇ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਇਸ ਮੌਕੇ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਤੰਬਾਕੂ ਦੇ ਮਾਰੂ ਪ੍ਰਭਾਵ ਦਰਸਾਉਂਦੇ ਪੋਸਟਰ ਤਿਆਰ ਕੀਤੇ ਗਏ। ਪੋਸਟਰ ਬਣਾਉਣ ਦੇ ਜੇਤੂ ਵਿਦਿਆਰਥੀਆਂ ਨੂੰ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸਰਟੀਫਿਕੇਟ ਦਿੱਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇੱਕ ਜਿੰਮੇਵਾਰ ਵਿਦਿਅਕ ਸੰਸਥਾ ਹੋਣ ਦੇ ਨਾਤੇ, ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਆਪਣੇ ਵਿਦਿਆਰਥੀਆਂ ਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਸਾਡਾ ਫਰਜ਼ ਹੈ। Desh Bhagat University
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਰੈਲੀ ਹੋਰਨਾਂ ਨੂੰ ਵੀ ਤੰਬਾਕੂ ਮੁਕਤ ਸਮਾਜ ਸ਼ਿਰਜਣ ਲਈ ਲਈ ਪ੍ਰੇਰਿਤ ਕਰੇਗੀ। ਜਾਗਰੂਕਤਾ ਰੈਲੀ ਦੌਰਾਨ ਤੰਬਾਕੂ ਦੇ ਸੇਵਨ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਰਚੇ ਵੰਡੇ ਗਏ ਤੇ ਰੈਲੀ ਦੀ ਸਮਾਪਤੀ ਤੰਬਾਕੂ ਵਿਰੁੱਧ ਲੜਾਈ ਜਾਰੀ ਰੱਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਪ੍ਰਣ ਨਾਲ ਹੋਈ। ਇਸ ਮੌਕੇ ਡਾ. ਰਵਨੀਤ ਕੌਰ, ਅਰਸ਼ਦੀਪ, ਰਾਜਬਿੰਦਰ ਅਤੇ ਡਾ. ਅਜੈ ਵੱਲੋਂ ਰੈਲੀ ਦਾ ਸੰਚਾਲਨ ਕੀਤਾ ਗਿਆ।