ਆਖ਼ਰਕਾਰ 25 ਦੀ ਫਾਸਟਵੇ ਇੱਕ ਸਾਲ ਵਿੱਚ ਕਿਵੇਂ ਬਣ ਗਈ 30 ਕਰੋੜ ਦੀ ਕੰਪਨੀ
ਅਸ਼ਵਨੀ ਚਾਵਲਾ, ਚੰਡੀਗੜ੍ਹ 23 ਜੂਨ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕੇਬਲ ਮਾਫੀਆ ਅਤੇ ਫਾਸਟਵੇ ਕੇਬਲ ਨੈੱਟਵਰਕ ਆਪਣੇ ਨਿਸ਼ਾਨੇ ‘ਤੇ ਲਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈ ਤਾਂ ਕੀ ਸਾਰਾ ਪੰਜਾਬ ਹੀ ਕਹਿੰਦਾ ਸੀ ਕਿ ਸੁਖਬੀਰ ਬਾਦਲ ਪੰਜਾਬ ਨੂੰ ਲੁੱਟ ਕੇ ਖਾ ਗਿਆ ਅਤੇ ਉਸ ਦੇ ਇਸ਼ਾਰੇ ‘ਤੇ ਹੀ ਕੇਬਲ ਮਾਫਿਆ ਅਤੇ ਫਾਸਟਵੇ ਕੇਬਲ ਨੈਟਵਰਕ ਪੰਜਾਬ ਨੂੰ 20-30 ਕਰੋੜ ਨਹੀਂ ਸਗੋਂ ਪਿਛਲੇ 5 ਸਾਲਾਂ ਵਿੱਚ 684 ਕਰੋੜ ਰੁਪਏ ਦਾ ਪੰਜਾਬ ਨੂੰ ਚੂਨਾ ਲਗਾ ਗਿਆ ਹੈ। ਜੇਕਰ ਮੈਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਜਾਜ਼ਤ ਦਿੱਤੀ ਤਾਂ ਇਨ੍ਹਾਂ ਸਾਰਿਆਂ ਨੂੰ ਪੁੱਠਾ ਟੰਗ ਦਿਆਂਗਾ ਅਤੇ ਸਾਰਾ ਟੈਕਸ ਇਕੱਠ ਕਰ ਦਿਆਂਗਾ।
ਸੁਖਬੀਰ ਦੇ ਸਹਾਰੇ ਫਾਸਟਵੇ ਨੇ ਲਗਾ ਦਿੱਤਾ 684 ਕਰੋੜ ਦਾ ਚੂਨਾ
ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੇਬਲ ਮਾਫਿਆ ਨੇ ਛੋਟੇ ਕੇਬਲ ਅਪਰੇਟਰਾਂ ਨੂੰ ਖ਼ਤਮ ਕਰਦੇ ਹੋਏ ਪੰਜਾਬ ਭਰ ਵਿੱਚ ਆਪਣਾ ਕਬਜ਼ਾ ਕਰ ਲਿਆ ਅਤੇ ਮਨੋਰੰਜਨ ਟੈਕਸ, ਲਾਈਨਾਂ ਵਿਛਾਉਣ ਅਤੇ ਖੰਬੇ ‘ਤੇ ਤਾਰਾ ਲਗਾਉਣ ਦੇ ਕਿਰਾਏ ਨੂੰ ਮਿਲਾ ਕੇ ਫਾਸਟਵੇ ਨੇ ਪਿਛਲੇ 5 ਸਾਲਾਂ ਦਰਮਿਆਨ ਪੰਜਾਬ ਸਰਕਾਰ ਨੂੰ 684 ਕਰੋੜ ਰੁਪਏ ਦਾ ਨੁਕਸਾਨ ਪਹੁੰਚਾ ਦਿੱਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਚਲ ਸਕੇ ਕਿ ਇੰਨੇ ਵੱਡੇ ਘਪਲੇ ਪਿਛੇ ਕਿਹੜੇ ਮਗਰਮੱਛ ਸ਼ਾਮਲ ਹਨ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਹੈ ਕਿ ਜਿਹੜੀ ਕੰਪਨੀ ਪੰਜਾਬ ਵਿੱਚ 25 ਲੱਖ ਰੁਪਏ ਲਗਾਉਂਦੇ ਹੋਏ ਆਪਣਾ ਕਾਰੋਬਾਰ ਸ਼ੁਰੂ ਕਰਦੀ ਹੈ ਤਾਂ ਸਿਰਫ਼ ਇੱਕ ਸਾਲ ਵਿੱਚ ਹੀ ਇਹ ਕੰਪਨੀ 30 ਕਰੋੜ ਰੁਪਏ ਦੀ ਕਿਵੇਂ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾ ਵਿੱਚ ਜਿਸ ਤਰੀਕੇ ਨਾਲ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉਸ ਨਾਲ ਕੇਂਦਰ ਸਰਕਾਰ ਤੋਂ 50 ਫੀਸਦੀ ਗ੍ਰਾਂਟ ਦੇ ਆਧਾਰ ‘ਤੇ 1 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਪੈਸਾ ਪੰਜਾਬ ਵਿੱਚ ਲਿਆਉਂਦੇ ਹੋਏ ਕਈ ਸ਼ਹਿਰਾਂ ਦਾ ਨਕਸ਼ਾ ਤੱਕ ਬਦਲਿਆ ਜਾ ਸਕਦਾ ਸੀ।
ਮੁੱਖ ਮੰਤਰੀ ਇਜ਼ਾਜਤ ਦੇਣ ਤਾਂ ਚੂਨਾ ਲਾਉਣ ਵਾਲਿਆਂ ਨੂੰ ਪੁੱਠਾ ਟੰਗ ਦਿਆਂਗਾ:ਸਿੱਧੂ
ਸਿੱਧੂ ਨੇ ਦੱਸਿਆ ਕਿ ਫਾਸਟਵੇ ਕੰਪਨੀ ਜਦੋਂ ਛੋਟੇ ਕੇਬਲ ਅਪਰੇਟਰਾਂ ਨੂੰ ਡਰਾਉਂਦੇ ਹੋਏ ਕੇਬਲ ਕਾਰੋਬਾਰ ਵਿੱਚੋਂ ਬਾਹਰ ਕੀਤਾ ਸੀ ਤਾਂ ਉਨ੍ਹਾਂ ਕੁਝ ਸਮਾਂ ਬਾਅਦ ਹੀ ਸਰਵਿਸ ਟੈਕਸ ਵਿਭਾਗ ਵੱਲੋਂ 250 ਕਰੋੜ ਰੁਪਏ ਜਮਾ ਕਰਵਾਉਣ ਦਾ ਨੋਟਿਸ ਦਿੱਤਾ ਗਿਆ ਸੀ ਪਰ ਫਾਸਟਵੇ ਨੇ ਸਿਰਫ਼ 23 ਕਰੋੜ ਰੁਪਏ ਹੀ ਜਮਾ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਨਵੰਬਰ 2013 ਵਿੱਚ ਕੇਬਲ ਅਤੇ ਮਲਟੀਕੰਪਲੈਕਸ ‘ਤੇ ਮਨੋਰੰਜਨ ਟੈਕਸ ਲਗਾਇਆ ਗਿਆ ਸੀ, ਜਿਸ ਦੇ ਦਾਇਰੇ ਵਿੱਚ 800 ਕੇਬਲ ਅਪਰੇਟਰ ਅਤੇ 18 ਮਲਟੀ ਕੰਪਲੈਕਸ ਆਉਂਦੇ ਹਨ ਪਰ ਇਨ੍ਹਾਂ ਵਿੱਚੋਂ ਸਿਰਫ਼ 150 ਹੀ ਟੈਕਸ ਦੇ ਰਹੇ ਹਨ।
ਇਸ ਰਾਹੀਂ 184 ਕਰੋੜ ਰੁਪਏ ਦਾ ਪੰਜਾਬ ਸਰਕਾਰ ਨੂੰ ਚੂਨਾ ਲੱਗਿਆ ਹੈ। ਇਸੇ ਤਰ੍ਹਾਂ ਸੈਟਅਪ ਬਾਕਸ ਲਗਾਉਣ ‘ਤੇ ਸੇਲ ਟੈਕਸ ਲਗਦਾ ਹੈ ਜਿਸ ਦਾ ਵਿਆਜ ਅਤੇ ਜੁਰਮਾਨਾ ਹੀ 220 ਕਰੋੜ ਰੁਪਏ ਬਣਦਾ ਹੈ, ਜਦੋਂ ਕਿ ਇਹ ਜਮਾ ਨਹੀਂ ਕਰਵਾਇਆ ਗਿਆ। ਇਥੇ ਹੀ ਤਾਰ ਵਿਛਾਉਣ ਲਈ ਸੜਕ ਨੂੰ ਤੋੜਨ ਅਤੇ ਮੇਨ ਹੋਲ ਖਰਾਬ ਕਰਨ ਏਵਜ ਵਿੱਚ ਵੀ ਪੈਸੇ ਜਮਾ ਕਰਵਾਉਣੇ ਸਨ ਪਰ ਕੋਈ ਪੈਸਾ ਨਹੀਂ ਜਮਾ ਕਰਵਾਇਆ ਗਿਆ। ਇਥੇ ਹੀ ਖੰਬੀਆਂ ‘ਤੇ ਲਗਾਈ ਗਈ ਤਾਰਾਂ ਦਾ ਵੀ ਕੋਈ ਕਿਰਾਇਆ ਨਹੀਂ ਦਿੱਤਾ ਗਿਆ। ਜਦੋਂ ਕਿ ਪ੍ਰਤੀ ਖੰਬਾ 100 ਰੁਪਏ ਕਿਰਾਇਆ ਬਣਦਾ ਹੈ ਪਰ ਪੈਸਾ ਇੱਕ ਵੀ ਨਹੀਂ ਆਇਆ।
ਸਿੱਧੂ ਨੇ ਕਿਹਾ ਕਿ ਇਹ ਮਾਮਲਾ ਕਾਫ਼ੀ ਜਿਆਦਾ ਗੰਭੀਰ ਹੈ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਇਜ਼ਾਜਤ ਦੇਣ ਤਾਂ ਚੂਨਾ ਲਗਾਉਣ ਵਾਲੇ ਸਾਰੇ ਲੋਕਾਂ ਨੂੰ ਪੁੱਠਾ ਟੰਗ ਦਿਆਂਗਾ।