ਹਾਈਕਮਾਨ ਵੱਲੋਂ ਮਿਲੇ ਥਾਪੜਿਆਂ ’ਤੇ ਉਮੀਦਵਾਰਾਂ ਨੇ ਪੇਂਡੂ ਖੇਤਰਾਂ ਨਾਲ ਸਬੰਧਿਤ ਵਿਧਾਨ ਸਭਾ ਹਲਕਿਆਂ ਨੂੰ ਕੀਤਾ ਕੇਂਦਰਿਤ | Lok Sabha Elaction 2024
- ਕਾਂਗਰਸ ਨੇ ਹਲੇ ਤੱਕ ਨਹੀਂ ਕੀਤਾ ਉਮੀਦਵਾਰ ਦਾ ਐਲਾਨ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੁਆਰਾ ‘ਇਸ ਵਾਰ, 70 ਪਾਰ’ ਦੇ ਟੀਚੇ ਨੂੰ ਪੂਰਾ ਕਰਨ ਲਈ ਵੋਟਰਾਂ ਨੂੰ ਉਤਸ਼ਾਹਿਤ ਕਰਨ ਦਾ ਸਿਲਸਿਲਾ ਵੱਡੇ ਪੱਧਰ ’ਤੇ ਵਿੱਢ ਰੱਖਿਆ ਹੈ ਉੱਥੇ ਦੂਜੇ ਪਾਸੇ ਪੇਂਡੂ ਵੋਟਰਾਂ ਨੂੰ ਖੁਸ਼ ਕਰਨਾ ਵੀ ਉਮੀਦਵਾਰਾਂ ਲਈ ਮੁੱਛ ਦਾ ਸਵਾਲ ਬਣਦਾ ਜਾ ਰਿਹਾ ਹੈ। ਆਪੋ- ਆਪਣੀ ਪਾਰਟੀ ਹਾਈਕਮਾਨ ਤੋਂ ਮਿਲੇ ਥਾਪੜੇ ਪਿੱਛੋਂ ਮੈਦਾਨ ’ਚ ਉੱਤਰ ਚੁੱਕੇ ਉਮੀਦਵਾਰਾਂ ਨੇ ਪੇਂਡੂ ਵੋਟਰਾਂ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਦੇਸ਼ ਅੰਦਰ ਚੋਣਾਂ ਦਾ ਤਿਉਹਾਰ ਪਿਛਲੇ ਹਫ਼ਤੇ 19 ਅਪਰੈਲ ਨੂੰ ਸ਼ੁਰੂ ਹੋ ਚੁੱਕਾ ਹੈ। ਜਿਸ ਤਹਿਤ ਕੁੱਲ ਸੱਤ ਪੜਾਵਾਂ ਦਰਮਿਆਨ ਵੱਖ-ਵੱਖ ਸੂਬਿਆਂ ਵਿੱਚ ਵੋਟਾਂ ਪੈਣਗੀਆਂ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਪੰਜਾਬ ਵਿੱਚ ਸਭ ਤੋਂ ਅਖੀਰ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। (Lok Sabha Elaction 2024)
ਜਿਸ ਦੇ ਲਈ ਨਾ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਸਗੋਂ ਵੱਖ-ਵੱਖ ਸਿਆਸੀ ਪਾਰਟੀਆਂ ਵੀ ਪੱਬਾਂ ਭਾਰ ਹੋ ਚੁੱਕੀਆਂ ਹਨ। ਲੋਕ ਸਭਾ ਹਲਕਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ’ਤੇ ਜਿੱਤ ਵਾਸਤੇ ਜ਼ੋਰ- ਅਜ਼ਮਾਈ ਲਈ ਹੁਣ ਤੱਕ ਤਿੰਨ ਮੁੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਪਿੱਛੋਂ ਉਮੀਦਵਾਰਾਂ ਤੇ ਉਨ੍ਹਾਂ ਦੇ ਚਹੇਤਿਆਂ ਨੇ ਪਹਿਲ ਦੇ ਅਧਾਰ ’ਤੇ ਹਲਕੇ ਅਧੀਨ ਪੈਂਦੇ ਪੇਂਡੂ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਰੁੱਸਿਆਂ ਨੂੰ ਮਨਾਉਣ ਤੇ ਆਪਣੀ ਜਿੱਤ ਪੱਕੀ ਕਰਨ ਦੇ ਇਰਾਦੇ ਨਾਲ ਆਗੂਆਂ/ਵਰਕਰਾਂ ਦੇ ਤੋੜ- ਜੋੜ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਨਾਲੋਂ-ਨਾਲ ਜਾਰੀ ਰੱਖਿਆ ਹੋਇਆ ਹੈ। (Lok Sabha Elaction 2024)
ਡਰਾ-ਧਮਕਾ ਗੱਡੀ ’ਚ ਬਿਠਾ ਖੋਹੇ 70 ਹਜ਼ਾਰ, ਮਾਮਲਾ ਦਰਜ਼
ਟਿਕਟ ਮਿਲਣ ਪਿੱਛੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸਰ ਪੱਪੀ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਪਹਿਲ ਦੇ ਅਧਾਰ ’ਤੇ ਪੇਂਡੂ ਖੇਤਰਾਂ ਨਾਲ ਸਬੰਧਿਤ ਵੋਟਰਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ। ਕਿਉਂਕਿ ਪੇਂਡੂ ਖੇਤਰਾਂ ਨਾਲ ਸਬੰਧਿਤ ਜ਼ਿਆਦਾਤਰ ਮਜ਼ਦੂਰ ਤਬਕੇ ਸਣੇ ਕਿਸਾਨ ਵੋਟਰਾਂ ਵੱਲੋਂ ਰਾਜ ਅਤੇ ਕੇਂਦਰ ਸਰਕਾਰਾਂ ਖਿਲਾਫ਼ ਆਪਣੀਆਂ ਮੰਗਾਂ ਦੇ ਸਬੰਧ ’ਚ ਸੰਘਰਸ਼ ਵਿੱਢ ਰੱਖਿਆ ਹੈ। ਜਦਕਿ ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਖੇਤਰ ’ਚ ਜ਼ਿਆਦਾ ਜ਼ੋਰ ਲਗਾ ਰਹੀ ਹੈ। ਕਾਂਗਰਸ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ, ਇਸ ਲਈ ਪਾਰਟੀ ਦੇ ਕਈ ਆਗੂਆਂ ਦੁਆਰਾ ਖੁਦ ਨੂੰ ਟਿਕਟ ਦਾ ਮਜ਼ਬੂਤ ਦਾਅਵੇਦਾਰ ਸਮਝਦੇ ਹੋਏ ਪੇਂਡੂ ਵੋਟਰਾਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ। (Lok Sabha Elaction 2024)
ਸਥਾਨਕ ਹਲਕੇ ’ਚ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਜਿੰਨ੍ਹਾਂ ਵਿੱਚੋਂ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ ਸ਼ਹਿਰੀ ਅਤੇ ਗਿੱਲ, ਦਾਖਾ ਅਤੇ ਜਗਰਾਉਂ ਪੇਂਡੂ ਖੇਤਰ ਨਾਲ ਸਬੰਧਿਤ ਹਨ। ਹੁਣ ਜਦ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ ਤਾਂ ਅਜਿਹੇ ਵਿੱਚ ਖਾਸਕਰ ਕਿਸਾਨ ਵੋਟਰਾਂ ਨੂੰ ਖੁਸ਼ ਕਰਨਾ ਟੇਢੀ ਖੀਰ ਬਣ ਸਕਦਾ ਹੈ। ਜਿਸ ਨੂੰ ਆਪਣੇ ਖਾਤੇ ਭੁਗਤਾਉਣ ਲਈ ਵੱਖ ਵੱਖ ਪਾਰਟੀ ਦੇ ਉਮੀਦਵਾਰ ਤੇ ਉਨ੍ਹਾਂ ਦੇ ਖਾਸਮਖਾਸ ਅੱਡੀ- ਚੋਟੀ ਦਾ ਜ਼ੋਰ ਲਗਾ ਰਹੇ ਹਨ।