”ਹਾਏ ਅੱਲਾ, ਭਾਬੀਜਾਨ, ਭਾਬੀਜਾਨ,ਜ਼ਰਾ ਭਾਗ ਕੇ ਆਉ, ਦੇਖੋ ਅੱਬੂਜਾਨ ਕੋ ਕਯਾ ਹੋ ਗਿਆ?” ਸ਼ਕੀਨਾਂ ਜਦੋਂ ਰਾਜ ਦੇ ਘਰ ਦਾਖਲ ਹੋਣ ਲੱਗੀ ਤਾਂ ਉਸਨੇ ਡਿਉੜੀ ਲੰਘ ਕੇ ਸੱਜੇ ਪਾਸੇ ਬਣੇ ਕਮਰੇ ਵਿੱਚ ਮੰਜੇ ਤੋਂ ਅੱਧਾ ਕੁ ਥੱਲੇ ਨੂੰ ਲਟਕ ਰਹੇ ਚੌਧਰੀ ਬ੍ਰਿਜ ਮੋਹਨ ਵੱਲ ਦੇਖ ਕੇ ਤ੍ਰਭਕਦੇ ਹੋਏ ਰਾਜ ਦੇ ਘਰ ਵਾਲੀ ਮੰਜੂ ਨੂੰ ਆਵਾਜ਼ ਮਾਰੀ ਤੇ ਖੁਦ ਬਿਜਲੀ ਵਰਗੀ ਤੇਜ਼ੀ ਨਾਲ ਚੌਧਰੀ ਬ੍ਰਿਜ ਮੋਹਨ ਦੇ ਕਮਰੇ ਵਿੱਚ ਦਾਖਲ ਹੋਈ ਤੇ ਉਸਨੂੰ ਸੰਭਾਲਣ ਲੱਗੀ ਪਰ ਬ੍ਰਿਜ ਮੋਹਨ ਦੇ ਪ੍ਰਾਣ ਪੰਖੇਰੂ ਤਾਂ ਕਦੋਂ ਦੇ ਉੱਡ ਚੁੱਕੇ ਸਨ ਅਜੇ ਘੰਟਾ ਕੁ ਪਹਿਲਾਂ ਤਾਂ ਮੰਜੂ ਆਪਣੇ ਸਹੁਰੇ ਬ੍ਰਿਜ ਮੋਹਨ ਨੂੰ ਚਮਚੇ ਨਾਲ ਪਾਣੀ ਪਿਲਾ ਕੇ ਗਈ ਸੀ ਬੱਸ ਇਸੇ ਤਰ੍ਹਾਂ ਇੱਕ ਤੋਂ ਦੋ, ਦੋ ਤੋਂ ਚਾਰ ਤੇ ਫਿਰ ਸਾਰੇ ਪਿੰਡ ਨੂੰ ਚੌਧਰੀ ਬ੍ਰਿਜ ਮੋਹਨ ਦੀ ਮੌਤ ਬਾਰੇ ਪਤਾ ਲੱਗ ਗਿਆ ਤੇ ਸਾਰਾ ਪਿੰਡ, ਕੀ ਬੱਚੇ, ਔਰਤਾਂ,ਬਜ਼ੁਰਗ, ਖੇਤਾਂ ਵਿੱਚ ਕੰਮ ਕਰਨ ਵਾਲੇ ਕੰਮ ਛੱਡ ਕੇ ਤੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਚੌਧਰੀ ਬ੍ਰਿਜ ਮੋਹਨ ਦੇ ਘਰ ਇਕੱਠੇ ਹੋ ਗਏ ਸਨ
ਉੱਤਰ ਪ੍ਰਦੇਸ਼ ਰਾਜ ਦੇ ਜ਼ਿਲ੍ਹੇ ਬਿਜਨੌਰ ਦਾ ਦੋ ਹਜ਼ਾਰ ਘਰਾਂ ਤੋਂ ਜ਼ਿਆਦਾ ਦੀ ਵਸੋਂ ਵਾਲੇ ਨੀਮ ਪਹਾੜੀ ਇਲਾਕੇ ਵਿੱਚ ਆਜ਼ਾਦੀ ਤੋਂ ਪਹਿਲਾਂ ਦਾ ਵੱਸਿਆ ਹੋਇਆ ਇੱਕ ਪਿੰਡ, ਜਿਸ ਵਿੱਚ ਇਹ ਤੈਅ ਕਰਨਾ ਮੁਸ਼ਕਿਲ ਸੀ ਕਿ ਇਸ ਪਿੰਡ ਵਿੱਚ ਮੁਸਲਮਾਨਾਂ ਦੇ ਘਰ ਜ਼ਿਆਦਾ ਸਨ ਕਿ ਹਿੰਦੂਆਂ ਦੇ, ਜਿਸ ਤਰ੍ਹਾਂ ਦੋ ਨਦੀਆਂ ਦੇ ਮਿਲਦੇ ਹੋਏ ਪਾਣੀ ਬਾਰੇ ਇਹ ਨਿਰਣਾ ਲੈਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੁੰਦਾ ਹੈ ਕਿ ਇਸ ਵਿੱਚੋਂ ਕਿਹੜਾ ਪਾਣੀ ਕਿਹੜੀ ਨਦੀ ਦਾ ਹੈ, ਇਸੇ ਤਰ੍ਹਾਂ ਇਹ ਲੋਕ ਵੀ ਮਿਲ ਕੇ ਰਹਿੰਦੇ ਸਨ ਇਸ ਪਿੰਡ ਦੀਆਂ ਈਦਾਂ ਤੇ ਦੀਵਾਲੀਆਂ ਇੱਕੋ ਜਿਹੀ ਸ਼ਾਨੋ-ਸ਼ੌਕਤ ਨਾਲ ਮਨਾਈਆਂ ਜਾਂਦੀਆਂ ਸਨ ਦੀਵਾਲੀ ਤੇ ਈਦ ਦੇ ਤਿਉਹਾਰਾਂ ਤੇ ਮਿਠਾਈਆਂ ਤੇ ਸ਼ੀਰਖੂਰਮੇ ਇੱਥੋਂ ਦੇ ਹਰ ਘਰ ‘ਚ ਬਣਦੀਆਂ ਸਨ ਇਹ ਰੀਤ ਕੋਈ ਅੱਜ ਦੀ ਨਹੀਂ, ਆਜ਼ਾਦੀ ਤੋਂ ਵੀ ਬਹੁਤ ਪਹਿਲਾਂ ਦੀ ਸੀ ਇੱਥੋਂ ਤੱਕ ਕਿ ਮਸਜਿਦ ਤੋਂ ਨਮਾਜ਼ ਦੀ ਆਜ਼ਾਨ ਸਮੇਂ ਪਿੰਡ ਦੇ ਕਾਫੀ ਲੋਕ ਮਸਜਿਦ ਵਿੱਚ ਮੌਜੂਦ ਹੁੰਦੇ ਸਨ ਤੇ ਬਾਕੀ ਦੇ ਆਪਣੇ ਘਰ ਜਾਂ ਖੇਤਾਂ ਵਿੱਚੋਂ ਹੀ ਉਸ ਖੁਦਾ ਦਾ ਸ਼ੁਕਰ ਅਦਾ ਕਰਦੇ ਇਹਨਾਂ ਦੇ ਸਭ ਤਿੱਥ-ਤਿਉਹਾਰ ਸਾਂਝੇ ਹੁੰਦੇ ਸਨ
”ਅਰੇ, ਕਹਾਂ ਮਰ ਗਏ ਥੇ ਸਭ ਕੇ ਸਭ? ਹਮ ਕਬ ਸੇ ਆਪਕੀ ਰਾਹ ਦੇਖ ਰਹੇਂ ਹੈ” ਰਹਿਮਾਨ ਨੇ ਆਪਣੇ ਖੇਤ ਵਿੱਚ ਗਰਮ-ਗਰਮ ਗੁੜ ਖਾਣ ਆਏ ਪਿੰਡ ਦੇ ਬੱਚਿਆਂ ਨੂੰ ਕਿਹਾ ਜਿਨ੍ਹਾਂ ਨੂੰ ਉਹ ਬਹੁਤ ਦੇਰ ਤੋਂ ਉਡੀਕ ਰਿਹਾ ਸੀ ਕਿ ਪਿੰਡ ਦੀ ਬਾਲ ਸੈਨਾ ਅਜੇ ਤੱਕ ਗਰਮ-ਗਰਮ ਗੁੜ ਖਾਣ ਕਿਉਂ ਨਹੀਂ ਆਈ? ਕਿਸੇ ਦੇ ਕਮਾਦ ਦੇ ਖੇਤਾਂ ਵਿੱਚ ਗੁੜ ਬਣਾਉਣ ਦਾ ਕੰਮ ਚਲਦਾ ਹੋਵੇ ਜਾਂ ਕਿਸੇ ਦੀ ਕਣਕ ਵੱਢਣੀ ਹੋਵੇ ਜਾਂ ਸਰ੍ਹੋਂ ਕੱਢਣੀ ਹੋਵੇ, ਕਿਸੇ ਦਾ ਮਕਾਨ ਬਣਦਾ ਹੋਵੇ, ਕਿਸੇ ਦੇ ਪੁੱਤ ਧੀ ਦਾ ਵਿਆਹ ਹੋਵੇ, ਕਿਸੇ ਦੇ ਘਰ ਸੱਥਰ ਵਿਛਿਆ ਹੋਵੇ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਸਾਰੇ ਇੱਕ-ਦੂਸਰੇ ਦੀ ਮੱਦਦ ਲਈ ਆਪਣੇ-ਆਪ ਪਹੁੰਚ ਜਾਂਦੇ ਸਨ
ਪਿੰਡ ਦੇ ਹਰ 8-10 ਘਰਾਂ ਵਿੱਚੋਂ ਕਿਸੇ ਇੱਕ ਘਰ ਵਿੱਚ ਜਗ੍ਹਾ ਏਨੀ ਕੁ ਖੁੱਲ੍ਹੀ ਹੁੰਦੀ ਕਿ ਉਸ ਵਿੱਚ ਅੰਬ, ਅਨਾਰ, ਅਮਰੂਦ, ਕੇਲੇ, ਮੌਸਮੀਆਂ, ਅੰਗੂਰ, ਬੇਰੀਆਂ ਤੇ ਹੋਰ ਪਹਾੜੀ ਫਲਾਂ ਦੇ ਤੇ ਅਨੇਕਾਂ ਛਾਂਦਾਰ ਦਰੱਖਤ ਲੱਗੇ ਹੁੰਦੇ, ਜਿਨ੍ਹਾਂ ਵਿੱਚੋਂ ਬਹੁਤੇ ਦਰੱਖਤ ਤਾਂ ਬਾਰਾਂ ਮਹੀਨੇ ਫਲ ਦੇਣ ਵਾਲੇ ਹੁੰਦੇ ਹਨ ਤੇ ਉਸ ਘਰ ਵਾਲਿਆਂ ਨੇ ਕਈ-ਕਈ ਦਰੀਆਂ, ਬੋਰੀਆਂ, ਚਟਾਈਆਂ, ਸਾਫ ਕਰਕੇ ਤਹਿ ਮਾਰ ਕੇ ਆਪਣੇ ਲੰਮੇ ਬਣੇ ਵਰਾਂਡੇ ਵਿੱਚ ਰੱਖੀਆਂ ਹੁੰਦੀਆਂ ਦਰੱਖਤਾਂ ਥੱਲੇ ਕਈ ਘੜੇ ਪਾਣੀ ਦੇ ਭਰ ਕੇ ਦਰੱਖਤਾਂ ਨਾਲ ਲੱਗੀਆਂ ਇੱਟਾਂ ਤੇ ਮਿੱਟੀ ਦੀਆਂ ਥੜ੍ਹੀਆਂ ‘ਤੇ ਰੱਖੇ ਹੁੰਦੇ ਜਿਨ੍ਹਾਂ ਘਰਾਂ ਵਿੱਚ ਜਗ੍ਹਾ ਥੋੜ੍ਹੀ ਹੁੰਦੀ ਤੇ ਮੈਂਬਰ ਜ਼ਿਆਦਾ ਹੁੰਦੇ ਤੇ ਉਹਨਾਂ ਦੇ ਵਾਧੂ ਮੈਂਬਰ ਦੁਪਹਿਰੇ ਉਹਨਾਂ ਦੇ ਘਰ ਜਾ ਵੜਦੇ, ਦਰੱਖਤਾਂ ਦੀ ਛਾਂ ਥੱਲੇ ਦੁਪਹਿਰਾ ਕੱਟਣ ਦਰੀਆਂ ਵਗੈਰਾ ਚੁੱਕ ਕੇ ਦਰੱਖਤਾਂ ਦੀ ਸੰਘਣੀ ਛਾਂ ਥੱਲੇ ਵਿਛਾ ਕੇ ਆਰਾਮ ਕਰਦੇ ਤ੍ਰੇਹ ਲੱਗਣ ‘ਤੇ ਪਾਣੀ ਪੀਂਦੇ ਅਤੇ ਭੁੱਖ ਲੱਗਣ ‘ਤੇ ਦਰੱਖਤਾਂ ਨਾਲੋਂ ਫਲ ਤੋੜ ਕੇ ਖਾਂਦੇ ਤੇ ਕਈ ਵਾਰ ਦੁਪਹਿਰ ਵਾਲੀ ਗੁੜ ਦੀ ਬਣੀ ਚਾਹ ਵੀ ਅਗਲੇ ਦੇ ਘਰੋਂ ਹੀ ਪੀਣੀ ਛੋਟੇ ਬੱਚੇ ਤਾਂ ਜਿਸ ਘਰ ਖੇਡ ਰਹੇ ਹੁੰਦੇ, ਸਾਰੇ ਰਲ ਕੇ ਰੋਟੀ ਉੱਥੇ ਹੀ ਖਾ ਲੈਂਦੇ ਆਪਣੇ ਘਰ ਬਣੀ ਰੋਟੀ ਕਦੇ ਹੀ ਖਾਂਦੇ ਪਿੰਡ ਦੀਆਂ ਔਰਤਾਂ ਆਂਢ-ਗੁਆਂਢ ਦੇ ਬੱਚਿਆਂ ਨੂੰ ਵੀ ਕਦੀ ਭੁੱਖਾ ਨਹੀਂ ਜਾਣ ਦਿੰਦੀਆਂ ਸਨ ਤੇ ਕਹਿੰਦੀਆਂ, ”ਮੋਇਆ, ਖਾਣਾ ਖਾ ਕੇ ਜਾਈਉ, ਵਰਨਾ ਤੁਮ੍ਹਾਰੀ ਅੰਮਾ ਮੁਝ ਸੇ ਨਰਾਜ਼ ਹੋਗੀ”
”ਸਲਾਮ-ਏ-ਏਕਮ, ਚੌਧਰੀ ਸਾਹਿਬ, ਕਹੀਏ ਕਿਧਰ ਕੋ ਜਾਨਾ ਹੁਆ? ਆਜ ਤੋ ਆਪ ਹਮਾਰੇ ਗਰੀਬਖਾਨੇ ਮੇਂ ਚਾਏ-ਨਾਸ਼ਤਾ ਕਰ ਕੇ ਜਾਈਏਗਾ” ਅਬਦੁਲ ਗਫ਼ਾਰ ਖਾਂ, ਜੋ ਗਲੀ ਵਿੱਚ ਡਾਹੀ ਮੰਜੀ ‘ਤੇ ਆਪਣੇ ਘਰ ਦੀ ਕੰਧ ਨਾਲ ਢੋਹ ਲਾ ਕੇ ਬੈਠਾ ਸੀ , ਨੇ ਆਪਣੇ ਘਰ ਕੋਲੋਂ ਲੰਘਦੇ ਚੌਧਰੀ ਬ੍ਰਿਜ ਮੋਹਨ ਨੂੰ ਅਪਣੱਤ ਨਾਲ ਕਿਹਾ
”ਵਾਲ-ਏਕਮ-ਸਲਾਮ, ਮੀਆਂ ਜੀ, ਆਜ ਤੋ ਆਪ ਕੇ ਘਰ ਚਾਏ-ਨਾਸ਼ਤਾ ਜ਼ਰੂਰ ਕਰ ਕੇ ਜਾਊਂਗਾ” ਚੌਧਰੀ ਬ੍ਰਿਜ ਮੋਹਨ ਨੇ ਅਬਦੁਲ ਗਫਾਰ ਖਾਂ ਨੂੰ ਉਸ ਨਾਲ ਹੱਥ ਮਿਲਾਉਂਦੇ ਹੋਏ ਜਵਾਬ ਦਿੱਤਾ ਅਬਦੁਲ ਗਫਾਰ ਖਾਂ ਨੇ ਆਪਣਾ ਬਚਪਨ ਤੇ ਜਵਾਨੀ ਇਸੇ ਪਿੰਡ ਵਿੱਚ ਲੰਘਾਈ ਸੀ ਤੇ ਹੁਣ ਬੁੱਢੀ ਉਮਰੇ ਵੀ ਉਹ ਇਸ ਪਿੰਡ ਦੀ ਰੌਣਕ ਸੀ ਉਸਨੇ ’47 ਦੀ ਵੰਡ ਦੇ ਡਰਾਵਣੇ ਮੰਜ਼ਰ ਆਪਣੀਆਂ ਇਨ੍ਹਾਂ ਅੱਖਾਂ ਨਾਲ ਵੇਖੇ ਸਨ ਅੱਜ ਵੀ ਜਦੋਂ ਉਹ ਦ੍ਰਿਸ਼ ਉਸ ਦੀਆਂ ਯਾਦਾਂ ਦੇ ਕੈਨਵਸ ‘ਤੇ ਉੱਤਰਦੇ ਤਾ ਉਹ ਕੰਬ ਜਾਂਦਾ ਪਰ ਸ਼ੁਕਰ ਇਹਨਾਂ ਪਿੰਡ ਵਾਸੀਆਂ ਦਾ, ਜਿਹਨਾਂ ਨੇ ਉਨ੍ਹਾਂ ਕਾਲੀਆਂ-ਬੋਲੀਆਂ ਹਨ੍ਹੇਰੀਆਂ ਵਿੱਚ ਉਹਨਾਂ ਦੇ ਫੁੱਲ ਦੀ ਨਹੀਂ ਲੱਗਣ ਦਿੱਤੀ ਅਬਦੁਲ ਗਫਾਰ ਖਾਂ ਦੇ ਰਿਸ਼ਤੇਦਾਰ, ਜੋ ਇਸ ਪਿੰਡ ਤੋਂ ਬਾਹਰ ਰਹਿੰਦੇ ਸਨ, ਉੱਜੜ ਕੇ ਵੀ ਮੁਹਾਜ਼ਰ ਦੇ ਮੁਹਾਜ਼ਰ ਹੀ ਰਹੇ ਮਤਲਬ ਉਹ ਜਿੱਥੇ ਵੀ ਗਏ, ਉਹਨਾਂ ਨੂੰ ਕੋਈ ਸਤਿਕਾਰ ਜਾਂ ਆਸਰਾ ਨਹੀਂ ਮਿਲਿਆ ਪਰ ਇਸ ਪਿੰਡ ਵਿੱਚ ਉਹ ਅੱਜ ਅਰਸੇ ਬਾਅਦ ਵੀ ਬਾਇੱਜ਼ਤ ਆਬਾਦ ਸਨ ਪਿੰਡ ਵਿੱਚ ਵੈਸੇ ਤਾਂ ਹਰ ਇੱਕ ਨਾਲ ਪਿਆਰ ਕੀਤਾ ਜਾਂਦਾ ਤੇ ਹਰੇਕ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਪਰ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਦਾ ਵਿਸ਼ੇਸ਼ ਅਦਬ-ਆਦਾਬ ਸੀ ਉਸ ਦੇ ਦੋ ਪੁੱਤਰ ਤੇ ਚਾਰ ਧੀਆਂ ਸਨ ਤੇ ਇਹ ਸਾਰੇ ਬਾਲ-ਬੱਚੇਦਾਰ ਸਨ ਉਸਦੀਆਂ ਧੀਆਂ ਦਾ ਨਿਕਾਹ ਵੀ ਇੱਥੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਹੀ ਕੀਤਾ ਗਿਆ ਸੀ ਉਸਦਾ ਸੋਚਣਾ ਸੀ ਕਿ ਪੁੱਤਰ-ਧੀਆਂ ਦੇ ਰਿਸ਼ਤੇ ਨੇੜੇ-ਤੇੜੇ ਹੀ ਕੀਤੇ ਜਾਣ ਤਾਂ ਕਿ ਉਹਨਾਂ ਦੇ ਦੁੱਖ-ਸੁੱਖ ‘ਤੇ ਰਾਤ-ਬਰਾਤੇ ਵੀ ਪਹੁੰਚਿਆ ਜਾ ਸਕੇ ਤੇ ਇਸੇ ਤਰ੍ਹਾਂ ਉਹ ਵੀ ਆਸਾਨੀ ਨਾਲ ਆ-ਜਾ ਸਕਣ ਉਸਦੀ ਸੋਚ ਸੀ, ਉੱਚੇ ਇੱਟ ਨਾ ਰੱਖੀਏ ਤੇ ਧੀ ਨਾ ਦੇਈਏ ਦੂਰ, ਇੱਟ ਡਿੱਗੂਗੀ ਸੱਟ ਲੱਗੂਗੀ ਤੇ ਧੀ ਮਰੂਗੀ ਝੂਰ ਇਸੇ ਕਰਕੇ ਸ਼ਕੀਨਾਂ ਵੀ 10-15 ਦਿਨਾਂ ਤੋਂ ਆਪਣੇ ਵਾਲਿਦ ਨੂੰ ਮਿਲਣ ਸਵੇਰੇ ਆ ਜਾਂਦੀ ਤੇ ਸ਼ਾਮੀ ਚਲੀ ਜਾਂਦੀ ਸੀ ਇਸੇ ਲਈ ਉਹ ਪਿੰਡ ਆਈ ਸੀ ਸਾਡੇ ਸ਼ਹਿਰਾਂ ਵਿੱਚ ਤਾਂ ਇੱਕ ਗਲੀ ਦਾ ਫਾਸਲਾ ਵੀ ਕਾਫੀ ਦੂਰ ਲੱਗਦਾ ਹੈ ਪਰ ਪਿੰਡਾਂ ਵਿੱਚ ਦੂਰ-ਨੇੜੇ ਦਾ ਕੋਈ ਅੜਿੱਕਾ ਨਹੀਂ, ਉੱਥੇ ਤਾਂ ਦਿਲ ਹਮੇਸ਼ਾ ਹੀ ਨੇੜੇ ਹੁੰਦੇ ਹਨ ਧੀਆਂ ਜਦੋਂ ਵੀ ਪਿੰਡ ਆਉਂਦੀਆਂ ਤੇ ਪਲ ਦੋ ਪਲ ਹੀ ਸਹੀ, ਘਰ-ਘਰ ਜਾ ਕੇ ਸਭ ਦੀ ਖੈਰੀਅਤ ਪੁੱਛਦੀਆਂ
ਚੌਧਰੀ ਬ੍ਰਿਜ ਮੋਹਨ ਮਿਲਟਰੀ ਵਿੱਚੋਂ ਰਿਟਾਇਰ ਸੂਬੇਦਾਰ ਸੀ ਉਸਨੇ ਘਾਟ-ਘਾਟ ਦਾ ਪਾਣੀ ਪੀਤਾ ਸੀ ਪਿੰਡ ਵਿੱਚ ਉਸਦਾ ਖਾਸ ਰੁਤਬਾ ਸੀ ਸਾਰਾ ਪਿੰਡ ਉਸਤੋਂ ਪੁੱਛ ਕੇ ਹਰ ਕੰਮ ਕਰਦਾ ਸੀ ਵੱਡੀਆਂ-ਵੱਡੀਆਂ ਮੁੱਛਾਂ, ਸ਼ੇਵ ਕੀਤੀ ਦਾਹੜੀ, ਉਸਦੇ ਭਰਵੇਂ ਚਿਹਰੇ ਦਾ ਰੋਹਬ ਹੀ ਵੱਖਰਾ ਸੀ ਉਸਦੇ ਤਿੰਨ ਪੁੱਤਰ ਵੱਡਾ ਅਸ਼ੋਕ ਕੁਮਾਰ ਸ਼ਹਿਰ ਵਿੱਚ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਲੱਗਾ ਹੋਇਆ ਸੀ ਜੋ ਆਪਣੇ ਪਰਿਵਾਰ ਨਾਲ ਸ਼ਹਿਰ ਵਿੱਚ ਹੀ ਰਹਿੰਦਾ ਸੀ, ਰਾਜ ਪਿੰਡ ਵਿੱਚ ਡਾਕਟਰੀ ਦੀ ਪ੍ਰੈਕਟਿਸ ਕਰਦਾ ਸੀ ਤੇ ਛੋਟਾ ਗਗਨ ਪ੍ਰਾਈਵੇਟ ਵਕਾਲਤ ਕਰਦਾ ਸੀ ਵੱਡੇ ਦੋਨੋਂ ਵਿਆਹੇ ਹੋਏ ਸੀ ਤੇ ਛੋਟਾ ਅਜੇ ਕੁਆਰਾ ਸੀ, ਉਹ ਸਰਕਾਰੀ ਵਕੀਲ ਜਾਂ ਜੱਜ ਬਣ ਕੇ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਚੌਧਰੀ ਦਾ ਘਰ ਬੜਾ ਖੁੱਲ੍ਹਾ-ਡੁੱਲਾ ਬਣਿਆ ਹੋਇਆ ਸੀ ਜਿਸ ਵਿੱਚ ਕਈ ਕਮਰੇ, ਖੁੱਲ੍ਹੀ-ਡੁੱਲੀ ਰਸੋਈ ਤੇ Àੁੱਪਰ ਦੋ-ਤਿੰਨ ਚੁਬਾਰੇ ਬਣੇ ਹੋਏ ਸਨ ਵੱਡੇ ਦਰਵਾਜ਼ੇ ਦੇ ਖੱਬੇ ਪਾਸੇ ਵਾਲੇ ਵੱਡੇ ਕਮਰੇ ਵਿੱਚ ਵਾਣ ਦੇ ਬਣੇ ਤਿੰਨ-ਚਾਰ ਮੰਜੇ ਡਾਹੇ ਹੁੰਦੇ ਤੇ ਉੱਪਰ ਛੱਤ ਵਾਲਾ ਪੱਖਾ ਲੱਗਾ ਹੋਇਆ ਸੀ ਇਹ ਕਮਰਾ ਸਿਰਫ ਮਹਿਮਾਨਾਂ ਦੇ ਬੈਠਣ-ਉੱਠਣ ਵਾਸਤੇ ਹੀ ਰੱਖਿਆ ਸੀ ਚੌਧਰੀ ਦਾ ਸੁਭਾਅ ਅਖਰੋਟ ਵਰਗਾ ਸੀ, ਉੱਪਰੋਂ ਸਖਤ ਤੇ ਅੰਦਰੋਂ ਨਰਮ ਆਪਣੇ ਘਰ ਦੇ ਨਾਲ ਹੀ ਉਸਨੇ ਕਾਨਿਆਂ ਦਾ ਛੱਪਰ ਪਾ ਕੇ, ਖੁਰਲੀਆਂ ਵਗੈਰਾ ਬਣਾ ਕੇ ਤੂੜੀ-ਚਾਰੇ ਦਾ ਇੰਤਜਾਮ ਕਰਕੇ ਰੱਖਿਆ ਹੋਇਆ ਅਵਾਰਾ ਪਸ਼ੂਆਂ ਲਈ ਚੌਧਰੀ ਦੇ ਲੜਕੇ ਆਪਣੀ 15 ਵਿਘੇ ਜ਼ਮੀਨ ਨਾਲ ਦੇ ਪਿੰਡ ਦੇ ਦੋ ਕਿਸਾਨਾਂ ਕੋਲ ਹਿੱਸੇ-ਠੇਕੇ ‘ਤੇ ਦੇ ਛੱਡਦੇ ਇਸ ਕੰਮ ਦੀ ਜ਼ਿੰਮੇਵਾਰੀ ਸਿਰਫ ਡਾਕਟਰ ਰਾਜ ਦੀ ਹੁੰਦੀ ਜ਼ਮੀਨ ਦੇ ਨਾਲ ਕਮਾਲੂਦੀਨ ਮਹਿਰੇ ਦਾ ਖੇਤ ਲੱਗਦਾ ਸੀ ਹਿੱਸੇ-ਠੇਕੇ ਵਾਲੇ ਉਸ ਨਾਲ ਕਿਸੇ ਨਾ ਕਿਸੇ ਗੱਲ ‘ਤੇ ਖਹਿਬੜਦੇ ਰਹਿੰਦੇ ਕਮਾਲੂਦੀਨ ਨੇ ਇਸ ਨੂੰ ਛੋਟੀ-ਮੋਟੀ ਗੱਲ ਸਮਝ ਕੇ ਆਈ-ਗਈ ਕਰ ਦਿੱਤਾ ਤੇ ਰਾਜ ਜਾਂ ਚੌਧਰੀ ਨੂੰ ਦੱਸਣਾ ਮੁਨਾਸਿਬ ਨਾ ਸਮਝਿਆ ਹਿੱਸੇ-ਠੇਕੇ ਵਾਲਿਆਂ ਨੇ ਕਮਾਲੂਦੀਨ ਨਾਲ ਕਿੜ ਕੱਢਣ ਲਈ ਗਾਹੇ-ਬਗਾਹੇ ਰਾਜ ਦੀ ਦੁਕਾਨ ‘ਤੇ ਆ ਕੇ ਕੰਨ ਭਰਨੇ ਸ਼ੁਰੂ ਕਰ ਦਿੱਤੇ
”ਡਾਕਟਰ ਸਾਹਿਬ, ਜਿਸ ਤਰਹਾ ਸੇ ਕਮਾਲੂਦੀਨ ਹਰ ਵਾਰ ਆਪਣੀ ਛੇ ਇੰਚ ਜ਼ਮੀਨ ਆਪ ਕੇ ਖੇਤੋਂ ਕੀ ਤਰਫ ਬਢਾ ਰਹਾ ਹੈ, ਹਮੇਂ ਤੋ ਕੋਈ ਫਰਕ ਨਹੀਂ ਪੜਤਾ, ਪਰ ਏਕ ਦਿਨ ਆਪ ਕੀ ਜ਼ਮੀਨ ਆਪ ਕੀ ਨਹੀਂ ਰਹੇਗੀ, ਕਮਾਲੂਦੀਨ ਕੀ ਹੋ ਜਾਏਗੀ” ਉਹਨਾਂ ਦੋਨਾਂ ਕਿਸਾਨਾਂ ‘ਚੋਂ ਇੱਕ ਨੇ ਕਿਹਾ ਤੇ ਦੂਸਰੇ ਨੇ ਇਸ ਪ੍ਰਤੀ ਚਿੰਤਾ ਜਤਾਉਣ ਦਾ ਨਾਟਕ ਕੀਤਾ
”ਐਸਾ ਕਭੀ ਨਹੀਂ ਹੋ ਸਕਤਾ ਹਮ ਸਭ ਯਹਾਂ ਏਕ ਪਰਿਵਾਰ ਕੀ ਤਰਹ ਰਹਤੇ ਹੈਂ” ਰਾਜ ਨੇ ਉਹਨਾਂ ਨੂੰ ਕਿਹਾ
”ਹਮੇਂ ਤੋ ਪਹਲੇ ਹੀ ਮਾਲੂਮ ਥਾ ਕਿ ਯਹਾਂ ਪਰ ਹਮਾਰੀ ਬਾਤ ਪਰ ਵਿਸ਼ਵਾਸ ਨਹੀਂ ਹੋਗਾ” ਉਹਨਾਂ ਦੋਨਾਂ ਵਿੱਚੋਂ ਦੂਸਰੇ ਕਿਸਾਨ ਨੇ ਕਿਹਾ
”ਅਗਰ ਯਹ ਬਾਤ ਝੂਠ ਨਿਕਲੀ ਤੋ ਦੇਖ ਲੇਨਾ!” ਡਾਕਟਰ ਰਾਜ ਨੇ ਉਹਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਪਰ ਡਾਕਟਰ ਸਾਹਿਬ ਨੇ ਕਦੇ ਜ਼ਹਿਮਤ ਨਹੀਂ ਕੀਤੀ ਕਿ ਜਾ ਕੇ ਖੇਤ ਦੀ ਹਾਲਤ ਦੇਖ ਲਵਾਂ ਕਿ ਉਹ ਸੱਚ ਬੋਲਦੇ ਹਨ ਜਾਂ ਝੂਠ
ਪਾਣੀ ਦੀ ਬੂੰਦ-ਬੂੰਦ ਵੀ ਜੇ ਪੱਥਰ ਉੱਤੇ ਡਿੱਗਦੀ ਰਹੇ ਤਾਂ ਉਸ ਵਿੱਚ ਵੀ ਤਰੇੜ ਆ ਜਾਂਦੀ ਹੈ, ਰਾਜ ਤਾਂ ਵਿਚਾਰਾ ਫਿਰ ਵੀ ਹੱਡ-ਮਾਸ ਦਾ ਬਣਿਆ ਹੋਇਆ ਸੀ ਉਸਨੇ ਆਪਣੇ ਭਰਾਵਾਂ ਨਾਲ ਗੱਲ ਕਰਕੇ ਸਾਰੇ ਇਕੱਠੇ ਕਰ ਲਏ, ਪਰ ਇਸ ਬਾਰੇ ਉਹਨਾਂ ਨੇ ਚੌਧਰੀ ਨੂੰ ਕੁੱਝ ਵੀ ਨਹੀਂ ਦੱਸਿਆ ਤੇ ਕਮਾਲੂਦੀਨ ਦੇ ਘਰ ਜਾ ਕੇ ਉਸ ਦੀ ਹੱਬ-ਦੱਬ ਕਰ ਦਿੱਤੀ
”ਤੁਮ੍ਹਾਰੀ ਹਿੰਮਤ ਕੈਸੇ ਹੁਈ ਹਮਾਰੇ ਖੇਤ ਕੀ ਔਰ ਬੜ੍ਹਨੇ ਕੀ?” ਸਾਰਿਆਂ ਨੇ ਰਲ ਕੇ ਕਮਾਲੂਦੀਨ ਨੂੰ ਕੁੱਟਿਆ ਵੀ ਤੇ ਗਾਲ੍ਹਾਂ ਵੀ ਕੱਢੀਆਂ ਤੇ ਕਮਾਲੂਦੀਨ ਵਿਚਾਰਾ ਮਿੰਨਤਾਂ ਹੀ ਕਰਦਾ ਰਿਹਾ, ”ਭਾਈਜਾਨ, ਖੁਦਾ ਕੀ ਕਸਮ, ਹਮਨੇ ਕੋਈ ਭੀ ਗੁਨਾਹ ਨਹੀਂ ਕਿਆ ਹੈ” ਪਰ ਇਹਨਾਂ ਤਿੰਨਾਂ ਦੇ ਕੰਨਾਂ ਵਿੱਚ ਤਾਂ ਬਿਗਾਨੀ ਚੁੱਕ ਦੀ ਲੁੱਕ ਭਰੀ ਹੋਈ ਸੀ ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਕਮਾਲੂਦੀਨ ਦੀ ਗੱਲ ਨਹੀਂ ਸੁਣੀ ਕਮਾਲੂਦੀਨ ਜੇ ਘਰ ਇਕੱਲਾ ਹੁੰਦਾ ਤਾਂ ਫਿਰ ਵੀ ਗੱਲ ਆਈ-ਗਈ ਹੋ ਜਾਣੀ ਸੀ, ਪਰ ਮਾੜੀ ਕਿਸਮਤ ਨੂੰ ਉਸਦੇ ਘਰ ਵਾਲੀ ਨੇ ਰੌਲਾ ਪਾ ਦਿੱਤਾ ਤੇ ਗੱਲ ਨੂੰ ਕੁੱਝ ਇਸ ਤਰ੍ਹਾਂ ਵਧਾ-ਚੜ੍ਹਾ ਕੇ ਦੱਸਿਆ ਕਿ ਸਾਰੇ ਪਿੰਡ ਦੇ ਮੁਸਲਮਾਨ ਅਬਦੁਲ ਗਫਾਰ ਖਾਂ ਤੇ ਉਸ ਦੇ ਪਰਿਵਾਰ ਸਮੇਤ ਇੱਕ ਪਾਸੇ ਤੇ ਇਹ ਤਿੰਨੇ ਭਰਾ ਇੱਕ ਪਾਸੇ ਗੱਲ ਪੰਚਾਇਤ ਤੱਕ ਪਹੁੰਚੀ ਤੇ ਪੰਚਾਇਤ ਨੇ ਚੌਧਰੀ ਤੋਂ ਪੁੱਛ-ਦੱਸ ਕੀਤੀ ਚੌਧਰੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਹਿੱਸੇ-ਠੇਕੇ ਵਾਲੇ ਬੁਲਾ ਲਏ ਸਾਰਾ ਪਿੰਡ ‘ਕੱਠਾ ਹੋ ਗਿਆ ਤੇ ਪੰਚਾਇਤ ਵੀ ਬੁਲਾਈ ਗਈ ਤੇ ਪਹਿਲਾਂ ਤਾਂ ਉਹਨਾਂ ਨੇ ਕਮਾਲੂਦੀਨ ‘ਤੇ ਝੂਠੇ-ਸੱਚੇ ਦੋਸ਼ ਲਾਏ ਪਰ ਜਦ ਪੰਚਾਇਤ ਵੱਲੋਂ ਤੇ ਚੌਧਰੀ ਵੱਲੋਂ ਹਿੱਸੇ-ਠੇਕੇ ਵਾਲਿਆਂ ‘ਤੇ ਤਨਕੀਹਾਂ ਹੋਈਆਂ ਤੇ ਉਹਨਾਂ ਦੋਨਾਂ ਨੇ ਪਿੰਡ ਦਾ ਭੂਤਰਿਆ ਹਜ਼ੂਮ ਦੇਖਿਆ ਤਾਂ ਸਾਰਾ ਕੁੱਝ ਸੱਚੋ-ਸੱਚ ਬਕ ਦਿੱਤਾ ਕਿ ਅਸੀਂ ਤਾਂ ਆਪਣੀ ਰੰਜ਼ਿਸ ਕੱਢਣ ਲਈ ਰਾਜ ਨੂੰ ਕਮਾਲੂਦੀਨ ਖਿਲਾਫ ਭੜਕਾਇਆ ਸੀ ਰਾਜ ਨੇ ਮਾਰਿਆ ਆਪਣੇ ਮੱਥੇ ‘ਤੇ ਹੱਥ ਤੇ ਇਨ੍ਹਾਂ ਤਿੰਨਾਂ ਭਰਾਵਾਂ ਨੇ ਕਮਾਲੂਦੀਨ ਤੋਂ ਹੱਥ ਜੋੜ ਕੇ ਮੁਆਫੀ ਮੰਗੀ
”ਅਬ ਘਰ ਚਲੋ” ਚੌਧਰੀ ਨੇ ਉਹਨਾਂ ਤਿੰਨਾਂ ਭਰਾਵਾਂ ਨੂੰ ਗੁੱਸੇ ਵਿੱਚ ਹੁਕਮ ਦਿੱਤਾ, ਜੋ ਪੰਚਾਇਤ ਤੇ ਪਿੰਡ ਦੇ ਸਾਹਮਣੇ ਸਿਰ ਝੁਕਾਈ ਖੜ੍ਹੇ ਸਨ ਘਰ ਆ ਕੇ ਚੌਧਰੀ ਨੇ ਉਹਨਾਂ ਤਿੰਨਾਂ ਦੀ ਉਹ ਖੁੰਭ ਠੱਪੀ ਕਿ ਉਹਨਾਂ ਦੇ ਪੁੱਤ-ਪੋਤਰੇ ਵੀ ਯਾਦ ਰੱਖਣ ਪਰ ਆਪ ਚੌਧਰੀ ਇਸ ਨਮੋਸ਼ੀ ‘ਚੋਂ ਨਿੱਕਲ ਨਾ ਸਕਿਆ ਤੇ ਉਸ ਨੇ ਮੰਜਾ ਮੱਲ ਲਿਆ ਇਸ ਸਮੇਂ ਦੌਰਾਨ ਚੌਧਰੀ ਇਹ ਹੀ ਸੋਚਦਾ ਰਿਹਾ ਕਿ ਮੈਂ ਜਦੋਂ ਤੋਂ ਸੁਰਤ ਸੰਭਾਲੀ ਹੈ, ਸਾਰੇ ਪਿੰਡ ਵਾਲੇ ਮੇਰਾ, ਆਪਣੇ ਮਾਂ-ਪਿਉ ਤੇ ਭੈਣਾਂ-ਭਰਾਵਾਂ ਵਾਂਗ ਮਾਣ-ਸਤਿਕਾਰ ਕਰਦੇ ਰਹੇ ਹਨ, ਪਰ ਮੇਰੇ ਆਪਣੇ ਜਾਇਆਂ ਨੇ ਅੱਜ ਨਮੋਸ਼ੀ ਦਾ ਮਣਾਂ-ਮੂੰਹੀਂ ਵਜ਼ਨ ਮੇਰੀ ਆਤਮਾ ‘ਤੇ ਰੱਖ ਦਿੱਤਾ ਹੈ, ਜਿਸਨੂੰ ਮੈਂ ਕਦੇ ਦਰਕਿਨਾਰ ਨਹੀਂ ਕਰ ਸਕਦਾ ਬੇਸ਼ੱਕ ਸਾਰੇ ਪਿੰਡ ਦੇ ਮੁਸਲਮਾਨ ਨੌਜਵਾਨ, ਔਰਤਾਂ ਤੇ ਬੱਚਿਆਂ ਨੇ ਉਹਨਾਂ ਦੇ ਘਰ ਆ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਇਹ ਗੱਲ ਆਪਣੇ ਦਿਲ ਤੋਂ ਭੁਲਾ ਚੁੱਕੇ ਹਾਂ ਤੇ ਤੁਸੀਂ ਵੀ ਹੁਣ ਇਹ ਸੋਚ ਛੱਡ ਦੇਵੋ ਪਰ ਸੋਚਾਂ ‘ਤੇ ਸਾਡਾ ਜ਼ੋਰ ਕਿੱਥੇ ਹੁੰਦਾ ਹੈ ਇਸ ਘੋੜੇ ਨੂੰ ਤਾਂ ਜਿਨ੍ਹਾਂ ਠੱਲੀਏ ਇਹ ਹੋਰ ਤੇਜ਼ ਹੁੰਦਾ ਹੈ ਤੇ ਚੌਧਰੀ ਇਹੀ ਸੋਚਦਾ ਇਸ ਜਹਾਨ ਵਿੱਚੋਂ ਤੁਰ ਗਿਆ ਕਿ ਉਹ ਸਾਰੀ ਉਮਰ ਪਿਆਰ ਦਾ ਵਪਾਰ ਕਰਦਾ ਰਿਹਾ ਪਰ ਉਸ ਦੀ ਔਲਾਦ ਨੇ ਇਹ ਕੇਹਾ ਵਣਜ ਕਰ ਦਿੱਤਾ ਜਿਸ ਦੀ ਖੱਟੀ ਉਸ ਨੂੰ ਉੱਠਣ ਨਹੀਂ ਦੇ ਰਹੀ?
ਜਗਸੀਰ ਸਿੰਘ ਤਾਜੀ, ਬਠਿੰਡਾ, ਮੋ. 99889-95533