ਵੱਡੇ ਘਪਲੇ ਦਾ ਸ਼ੱਕ
ਅਸ਼ਵਨੀ ਚਾਵਲਾ ਚੰਡੀਗੜ੍ਹ, 22 ਜੂਨ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਰਾਹੀਂ ਵੰਡੀ ਗਈ 95 ਕਰੋੜ ਰੁਪਏ ਦੇ ਲਗਭਗ ਖੇਡ ਕਿੱਟਾਂ ਦੀ ਹੁਣ ਜਾਂਚ ਹੋਵੇਗੀ।
ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਭਰੋਸਾ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦਰ ਬੇਰੀ ਵੱਲੋਂ ਉਠਾਏ ਗਏ ਸਵਾਲ ਦੇ ਸਬੰਧ ਵਿੱਚ ਵਿਧਾਨ ਸਭਾ ‘ਚ ਦਿਵਾਇਆ।
ਮੁੱਖ ਮੰਤਰੀ ਨੇ ਦਿੱਤਾ ਭਰੋਸਾ
ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਵਾਅਦਾ ਕੀਤਾ ਹੈ ਕਿ ਸੂਬੇ ਭਰ ਦੇ ਨੌਜਵਾਨਾਂ ਦੀ ਵਰਤੋਂ ਲਈ ਬਣੀਆਂ ਕਿੱਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਹੇਰਾ-ਫੇਰੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਜੇ ਇਸ ਸਬੰਧ ਵਿੱਚ ਕੋਈ ਬੇਨਿਯਮੀ ਸਾਹਮਣੇ ਆਈ ਤਾਂ ਉਸ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਸਦਨ ਵਿੱਚ ਦੱਸਿਆ ਕਿ ਲਾਭਪਾਤਰੀਆਂ ਦੀ ਚੋਣ ਪਿਛਲੀ ਸਰਕਾਰ ਨੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੀ ਲਾਭਪਾਤਰੀ ਚੋਣ ਕਮੇਟੀ ਵੱਲੋਂ ਕਰਵਾਈ ਸੀ ਅਤੇ ਇਸ ਕਮੇਟੀ ਦਾ ਕੋਈ ਵੀ ਸਿਆਸੀ ਵਿਅਕਤੀ ਮੈਂਬਰ ਨਹੀਂ ਸੀ।
ਪੰਜਾਬ ਦੇ ਨੌਜਵਾਨਾਂ ਦੇ ਸਮੁੱਚੇ ਵਿਕਾਸ ਲਈ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਖੇਡਾਂ ਨੌਜਵਾਨਾਂ ਦੇ ਵਿਕਾਸ ਦਾ ਅਹਿਮ ਪੱਖ ਹਨ। ਉਨ੍ਹਾਂ ਕਿਹਾ ਕਿ ਖੇਡ ਸਰਗਰਮੀਆਂ ਵਿੱਚ ਸ਼ਮੂਲੀਅਤ ਕਰਵਾਉਣ ਨਾਲ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਵਿੱਚ ਮੱਦਦ ਮਿਲੇਗੀ।