ਇਤਿਹਾਸ ਦਾ ਸਭ ਤੋਂ ‘ਕਾਲਾ ਦਿਨ’ ਐ ਅੱਜ : ਪਰਕਾਸ਼ ਸਿੰਘ ਬਾਦਲ

ਪਿਛਲੇ 70 ਸਾਲਾਂ ਵਿੱਚ ਨਹੀਂ ਦੇਖਿਆ ਕਿ ਸਪੀਕਰ ਖੁਦ ਕੁਟਵਾਏ ਵਿਧਾਇਕਾਂ ਨੂੰ

ਅਸ਼ਵਨੀ ਚਾਵਲਾ, ਚੰਡੀਗੜ੍ਹ, 22 ਜੂਨ: ਕਾਂਗਰਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਇਸ਼ਾਰੇ ‘ਤੇ ਹੁਣ ਸਪੀਕਰ ਰਾਹੀਂ ਪੰਜਾਬ ਦੇ ਲੱਖਾਂ ਲੋਕਾਂ ਤੋਂ ਚੁਣੇ ਹੋਏ ਵਿਧਾਇਕਾਂ ਨੂੰ ਮਾਰਸ਼ਲਾਂ ਤੋਂ ਕੁਟਵਾਇਆ ਜਾ ਰਿਹਾ ਹੈ। ਅੱਜ ਦਾ ਦਿਨ ਵਿਧਾਨ ਸਭਾ ਦੇ ਇਤਿਹਾਸ ਵਿੱਚ ਸਭ ਤੋਂ ਜਿਆਦਾ ‘ਕਾਲਾ ਦਿਨ’ ਹੈ। ਉਨ੍ਹਾਂ ਆਪਣੇ 70 ਸਾਲ ਦੇ ਤਜਰਬੇ ਵਿੱਚ ਇਹੋ ਜਿਹਾ ਮਾੜਾ ਦਿਨ ਨਹੀਂ ਦੇਖਿਆ ਹੈ।

ਜ਼ਖ਼ਮੀ ਆਪ ਵਿਧਾਇਕਾਂ ਨੂੰ ਹਸਪਤਾਲ ਵਿਖੇ ਮਿਲਣ ਲਈ ਪੁੱਜੇ ਪਰਕਾਸ਼ ਸਿੰਘ ਬਾਦਲ

ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਸਾਬਕਾ ਮੁੱਖ ਮੰਤਰੀ ਇਥੇ ਆਮ ਆਦਮੀ ਪਾਰਟੀ ਦੇ ਜੇਰੇ ਇਲਾਜ ਦੋਹੇ ਵਿਧਾਇਕਾਂ ਦਾ ਹਾਲ ਚਾਲ ਪੁੱਛਣ ਲਈ ਆਏ ਹੋਏ ਸਨ।

ਕਿਹਾ, ਮਾਰਸ਼ਲ ਦੀ ਕੀ ਹਿੰਮਤ ਉਹ ਲਾਹ ਦੇਣ ਵਿਧਾਇਕਾਂ ਦੀਆਂ ਪੱਗਾਂ ਅਤੇ ਮਹਿਲਾ ਵਿਧਾਇਕਾਂ ਦੀ ਚੁੰਨੀ

ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮਾਰਸ਼ਲਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਇਸ਼ਾਰੇ ‘ਤੇ ਵਿਧਾਇਕਾਂ ਦਾ ਕੁਟਾਪਾ ਚਾੜ੍ਹਿਆ ਹੈ, ਨਹੀਂ ਤਾਂ ਮਾਰਸ਼ਲਾਂ ਦੀ ਕੀ ਔਕਾਤ ਉਹ ਇੱਕ ਵਿਧਾਇਕ ਦਾ ਕੁਟਾਪਾ ਚਾੜ੍ਹ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਜਿਹੜਾ ਹੋਇਆ ਹੈ, ਇਹ ਨਾ ਤਾਂ ਭੁੱਲਣ ਯੋਗ ਹੈ ਅਤੇ ਨਾ ਹੀ ਮੁਆਫ਼ ਕਰਨ ਯੋਗ ਹੈ। ਇਸ ਸਬੰਧੀ ਅਕਾਲੀ ਦਲ ਜਲਦ ਹੀ ਆਪਣੀ ਰਣਨੀਤੀ ਬਣਾਉਂਦੇ ਹੋਏ ਅੰਦੋਲਨ ਕਰੇਗਾ ਪਰ ਉਨ੍ਹਾਂ ਸ਼ੁੱਕਰਵਾਰ ਨੂੰ ਦਿੱਲੀ ਜਾਣਾ ਹੈ, ਕਿਉਂਕਿ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਜਾਣੇ ਹਨ। ਦਿੱਲੀ ਤੋਂ ਵਾਪਸੀ ਕਰਨ ਤੋਂ ਬਾਅਦ ਹੀ ਅਕਾਲੀ ਦਲ ਦੇ ਪ੍ਰਧਾਨ ਨਾਲ ਬਹਿ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।