ਭਾਜਪਾ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਪਰਮਪਾਲ ਕੌਰ ਨੇ ਕੀਤਾ ਦਾਅਵਾ | BJP Candidate
ਬਠਿੰਡਾ (ਸੁਖਜੀਤ ਮਾਨ)। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਠਿੰਡਾ ਪੁੱਜੇ ਸੇਵਾ ਮੁਕਤ ਆਈਏਐਸ ਪਰਮਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕਟ ’ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਉਨ੍ਹਾਂ ਦੇ ਆਉਣ ਨਾਲ ਸੀਟ ਦਿਲਚਸਪ ਜ਼ਰੂਰ ਬਣ ਗਈ ਹੈ ਪਰ ਹਾਟ ਨਹੀਂ ਕਿਉਂਕਿ ਉਨ੍ਹਾਂ ਨੂੰ ਕੋਈ ਚੁਣੌਤੀ ਨਹੀਂ। ਕੋਈ ਨੇੜੇ-ਤੇੜੇ ਵੀ ਨਹੀਂ ਆਵੇਗਾ, ਹਾਟ ਸੀਟ ਤਾਂ ਹੋਵੇਗੀ ਜੇਕਰ ਕੋਈ ਮੁਕਾਬਲਾ ਹੋਵੇ।’ (BJP Candidate)
‘ਮੇਰੇ ਆਉਣ ਨਾਲ ਸੀਟ ਦਿਲਚਸਪ ਬਣੀ ਪਰ ਹਾਟ ਨਹੀਂ, ਮੈਨੂੰ ਕੋਈ ਚੁਣੌਤੀ ਨਹੀਂ’ | BJP Candidate
ਟਿਕਟ ਮਿਲਣ ਤੋਂ ਬਾਅਦ ਹੁਣ ਸਿਕੰਦਰ ਸਿੰਘ ਮਲੂਕਾ ਵੱਲੋਂ ਉਨ੍ਹਾਂ ਦਾ ਸਾਥ ਦੇਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੋ ਵੀ ਉਮੀਦਵਾਰ ਹੁੰਦਾ ਹੈ, ਉਹ ਸਭ ਦੇ ਸਾਥ ਦੀ ਉਮੀਦ ਕਰਦਾ ਹੈ ਤੇ ਫਿਰ ਘਰ ਦਿਆਂ ਦੇ ਸਾਥ ਦੀ ਉਮੀਦ ਕਿਉਂ ਨਹੀਂ ਕਰਾਂਗੇ। ਚੋਣ ਮੁੱਦਿਆਂ ਸਬੰਧੀ ਉਨ੍ਹਾਂ ਦੱਸਿਆ ਕਿ ਅਮਨ-ਕਾਨੂੰਨ ਵੱਡਾ ਮੁੱਦਾ ਹੈ, ਲੁੱਟਾਂ-ਖੋਹਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਵਿਕਾਸ ਵੀ ਮੁੱਖ ਮੁੱਦਿਆਂ ’ਚ ਸ਼ਾਮਲ ਹੈ।
ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤੇ ਜਾਣ ਦੇ ਮਸਲੇ ’ਤੇ ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਕਿਸਾਨ ਹਨ ਤੇ ਉਮੀਦ ਹੈ ਉਨ੍ਹਾਂ ਦਾ ਵਿਰੋਧ ਕਿਸਾਨਾਂ ਵੱਲੋਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ’ਚ ਉਹ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜਾਣਗੇ। ਇਸ ਮੌਕੇ ਉਨ੍ਹਾਂ ਨੂੰ ਟਿਕਟ ਮਿਲਣ ’ਤੇ ਭਾਜਪਾ ਵਰਕਰਾਂ ਤੇ ਆਗੂਆਂ ਵੱਲੋਂ ਲੱਡੂ ਵੀ ਵੰਡੇ ਗਏ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਮੇਤ ਹੋਰ ਆਗੂ ਤੇ ਵਰਕਰ ਮੌਜ਼ੂਦ ਸਨ। (BJP Candidate)
ਇਹ ਲੋਕ ਸਭਾ ਚੋਣਾਂ ਅਗਲੀਆਂ ਵਿਧਾਨ ਸਭਾ ਦੀ ਤਿਆਰੀ : ਪਰਮਪਾਲ ਕੌਰ | BJP Candidate
ਪਰਮਪਾਲ ਕੌਰ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਉਨ੍ਹਾਂ ਦੀ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ। ਜੇਕਰ ਲੋਕ ਸਭਾ ਚੋਣਾਂ ’ਚ ਜਿੱਤਾਂਗੇ ਤਾਂ ਹੌਂਸਲਾ ਵਧੇਗਾ ਫਿਰ ਵਿਧਾਨ ਸਭਾ ਚੋਣਾਂ ਜਿੱਤ ਕੇ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਫਿਰ ਕੇਂਦਰ ਤੇ ਸੂਬਾ ਸਰਕਾਰ ਦਾ ਤਾਲਮੇਲ ਕਰਕੇ ਡਬਲ ਇੰਜਣ ਦੀ ਸਰਕਾਰ ਬਣੇਗੀ। ਅਜਿਹਾ ਹੋਣ ਨਾਲ ਵਿਕਾਸ ਹੋਵੇਗਾ ਕਿਉਂਕਿ ਕੇਂਦਰ ਦੀਆਂ ਜਿੰਨੀਆਂ ਵੀ ਸਕੀਮਾਂ, ਉਹਨਾਂ ਨੂੰ ਤੋੜ ਮਰੋੜ ਕੇ ਨਹੀਂ, ਸਗੋਂ ਸਹੀ ਢੰਗ ਨਾਲ ਇੱਥੇ ਲਾਗੂ ਕੀਤੀਆਂ ਜਾਣਗੀਆਂ।
2011 ਬੈਚ ਦੇ ਆਈਏਐੱਸ ਅਧਿਕਾਰੀ ਸਨ ਪਰਮਪਾਲ ਕੌਰ
ਪਰਮਪਾਲ ਕੌਰ ਨੇ ਆਪਣੀ ਨੌਕਰੀ ਪੀਸੀਐੱਸ ਅਧਿਕਾਰੀ ਵਜੋਂ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ੁਰੂ ਕੀਤੀ ਸੀ। ਉਹ ਕਈ ਜ਼ਿਲ੍ਹਿਆਂ ’ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੀ ਰਹੇ। ਤਰੱਕੀ ਮਿਲਣ ’ਤੇ ਉਹ ਡਿਪਟੀ ਡਾਇਰੈਕਟਰ ਬਣੇ। 2015 ’ਚ ਉਹ ਆਈਏਐੱਸ ਬਣੇ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਵਧੀਕ ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਸੇਵਾਵਾਂ ਨਿਭਾਈਆਂ। ਸੇਵਾ ਮੁਕਤੀ ਲੈਣ ਮੌਕੇ ਉਹ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਸਨ। ਉਨ੍ਹਾਂ ਨੇ ਇਸੇ ਸਾਲ 31 ਅਕਤੂਬਰ ਨੂੰ ਸੇਵਾ ਮੁਕਤ ਹੋਣਾ ਸੀ ਪਰ ਸਵੈ ਇੱਛਾ ਤਹਿਤ ਪਹਿਲਾਂ ਹੀ ਸੇਵਾ ਮੁਕਤੀ ਲੈ ਕੇ ਸਿਆਸੀ ਮੈਦਾਨ ’ਚ ਕੁੱਦ ਪਏ।
Also Read : ਪਟਿਆਲਾ ਲੋਕ ਸਭਾ ਸੀਟ: ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਹੋਇਆ ਐਲਾਨ, ਅਗਲੇ ਦਿਨਾਂ ’ਚ ਭਖੇਗਾ ਅਖਾੜਾ