AAP Rajya Sabha Members: ਆਪ ਦੇ ਰਾਜ ਸਭਾ ਮੈਂਬਰ ਚੋਣ ਦੰਗਲ ’ਚ ਨਹੀਂ ਹੋਏ ਸਰਗਰਮ, ਨਹੀਂ ਕਰ ਰਹੇ ਉਮੀਦਵਾਰਾਂ ਲਈ ਪ੍ਰਚਾਰ

AAP Rajya Sabha Members

ਭਗਵੰਤ ਮਾਨ ਦੇ ਮੋਢੇ ’ਤੇ ਪਈ ਪ੍ਰਚਾਰ ਦੀ ਜ਼ਿੰਮੇਵਾਰੀ, ਰਾਜ ਸਭਾ ਮੈਂਬਰ ਦਾ ਨਹੀਂ ਹੋ ਰਿਹੈ ਫਾਇਦਾ | AAP Rajya Sabha Members

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਦੇ ਦੰਗਲ ਵਿੱਚੋਂ ਆਮ ਆਦਮੀ ਪਾਰਟੀ ਦੇ 7 ਵਿੱਚੋਂ 6 ਰਾਜ ਸਭਾ ਮੈਂਬਰ ਦਿਖਾਈ ਹੀ ਨਹੀਂ ਦੇ ਰਹੇ ਹਨ। ਰਾਜ ਸਭਾ ਮੈਂਬਰ ਦੀ ਗੈਰ ਹਾਜ਼ਰੀ ’ਚ ਪ੍ਰਚਾਰ ਦਾ ਸਾਰਾ ਜਿੰਮਾ ਭਗਵੰਤ ਮਾਨ ’ਤੇ ਆ ਗਿਆ ਹੈ ਤੇ ਇਨ੍ਹਾਂ ਰਾਜ ਸਭਾ ਮੈਂਬਰ ਦੀ ਗੈਰ ਹਾਜ਼ਰੀ ਨੂੰ ਲੈ ਕੇ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਆਖ਼ਰਕਾਰ ਇਹੋ ਜਿਹਾ ਕਿਹੜੀ ਪਰੇਸ਼ਾਨੀ ਜਾਂ ਫਿਰ ਮਜ਼ਬੂਰੀ ਆ ਗਈ ਕਿ ਇਹ ਪ੍ਰਚਾਰ ਨਹੀਂ ਕਰ ਰਹੇ। ਪੰਜਾਬ ਵਿੱਚ ਸਿਰਫ਼ ਸੰਦੀਪ ਪਾਠਕ ਵੱਲੋਂ ਹੀ ਚੋਣ ਪ੍ਰਚਾਰ ਦੀ ਜਿੰਮੇਵਾਰੀ ਸੰਭਾਲੀ ਹੋਈ ਹੈ। (AAP Rajya Sabha Members)

ਉਨ੍ਹਾਂ ਵੱਲੋਂ ਹੀ ਹਰ ਲੋਕ ਸਭਾ ਸੀਟ ਨੂੰ ਲੈ ਕੇ ਨਾ ਸਿਰਫ਼ ਮੀਟਿੰਗਾਂ ਕੀਤੀ ਜਾ ਰਹੀਆ ਹਨ, ਸਗੋਂ ਪ੍ਰਚਾਰ ਦੀ ਰੂਪ ਰੇਖਾ ਵੀ ਤਿਆਰ ਕੀਤੀ ਜਾ ਰਹੀ ਹੈ ਪਰ ਪੰਜਾਬ ਤੋਂ ਬਾਹਰ ਦੀ ਵੀ ਸੰਦੀਪ ਪਾਠਕ ’ਤੇ ਜਿੰਮੇਵਾਰੀ ਹੋਣ ਕਰਕੇ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਜਿਆਦਾ ਸਮਾਂ ਨਹੀਂ ਦੇ ਸਕਣਗੇ ਤਾਂ ਸਿੱਧੇ ਤੌਰ ’ਤੇ ਇਨ੍ਹਾਂ 6 ਰਾਜ ਸਭਾ ਮੈਂਬਰਾਂ ਦੀ ਘਾਟ ਵੀ ਦਿਖਾਈ ਦੇਵੇਗੀ। ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ 92 ਵਿਧਾਇਕਾਂ ਨਾਲ ਕਾਬਜ਼ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਹਿੱਸੇ ਆਉਣ ਵਾਲੀ 7 ਰਾਜ ਸਭਾ ਸੀਟਾਂ ’ਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ।

ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਵਲੋਂ ਆਪਣੇ ਲੀਡਰਾਂ ਨੂੰ ਛੱਡ ਕੇ ਪੰਜਾਬ ਦੇ ਕਈ ਵੱਡੀਆਂ ਹਸਤੀਆਂ ਨੂੰ ਰਾਜ ਸਭਾ ਵਿੱਚ ਭੇਜਦੇ ਹੋਏ ਇਹ ਵਿਸ਼ਵਾਸ ਕੀਤਾ ਸੀ ਕਿ ਜਿਥੇ ਉਹ ਪੰਜਾਬ ਦੇ ਭੱਲੇ ਲਈ ਰਾਜ ਸਭਾ ਵਿੱਚ ਮੁੱਦੇ ਚੁੱਕਣਗੇ ਤਾਂ ਸਮਾਂ ਆਉਣ ’ਤੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਜਾਏਗਾ ਪਰ ਆਮ ਆਦਮੀ ਪਾਰਟੀ ਦੀਆਂ ਇਨ੍ਹਾਂ ਉਮੀਦਾਂ ’ਤੇ 7 ’ਚੋਂ 6 ਰਾਜ ਸਭਾ ਮੈਂਬਰਾਂ ਵੱਲੋਂ ਪਾਣੀ ਹੀ ਫੇਰਿਆ ਜਾ ਰਿਹਾ ਹੈ। ਇਸ ਸਮੇਂ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਸ ਸਮੇਂ ਦੇਸ਼ ਦੇ ਕੋਨੇ-ਕੋਨੇੇ ’ਚ ਤਾਂ ਪ੍ਰਚਾਰ ਕੀ ਕਰਨਾ ਸੀ, ਇਨ੍ਹਾਂ 7 ’ਚੋਂ 6 ਰਾਜ ਸਭਾ ਮੈਂਬਰਾਂ ਵੱਲੋਂ ਪੰਜਾਬ ’ਚ ਵੀ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ।

ਇਸ ਵਿੱਚ ਸਭ ਤੋਂ ਜਿਆਦਾ ਹੈਰਾਨਗੀ ਰਾਜ ਸਭਾ ਮੈਂਬਰ ਰਾਘਵ ਚੱਢਾ ’ਤੇ ਹੋ ਰਹੀ ਹੈ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹੋਣ ਦੇ ਨਾਲ ਹੀ ਪੰਜਾਬ ਵਿੱਚ ਉਹ ਕਾਫ਼ੀ ਜਿਆਦਾ ਅਸਰ ਵੀ ਰੱਖਦੇ ਹਨ ਪਰ ਉਨਾਂ ਵੱਲੋਂ ਇਸ ਸਮੇਂ ਹਰ ਪਾਸੇ ਹੀ ਗੈਰ ਹਾਜ਼ਰੀ ਦਰਜ਼ ਕਰਵਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਰਾਘਵ ਚੱਢਾ ਦੀ ਹੀ ਗੈਰ ਹਾਜ਼ਰੀ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਬੱਬ ਵੀ ਬਣ ਰਹੀ ਹੈ, ਕਿਉਂਕਿ ਰਾਘਵ ਚੱਢਾ ਦੀ ਗੈਰ ਮੌਜੂਦਗੀ ਕਰਕੇ ਵਿਰੋਧੀ ਧਿਰਾਂ ਵਲੋਂ ਵੀ ਤਿੱਖੇ ਸੁਆਲ ਕੀਤੇ ਜਾ ਰਹੇ ਹਨ। ਰਾਘਵ ਚੱਢਾ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ ਵੀ ਪ੍ਰਚਾਰ ਤੋਂ ਆਪਣੇ ਆਪ ਨੂੰ ਦੂਰ ਰੱਖ ਰਹੇ ਹਨ, ਇਸੇ ਤਰੀਕੇ ਦੇ ਨਾਲ ਹੀ ਵਿਕਰਮ ਸਾਹਨੀ, ਬਲਬੀਰ ਸਿੰਘ ਸੀਚੇਵਾਲ, ਸੰਜੀਵ ਅਰੋੜਾ ਤੇ ਅਸ਼ੋਕ ਮਿੱਤਲ ਵੀ ਪ੍ਰਚਾਰ ਤੋਂ ਕਾਫ਼ੀ ਜਿਆਦਾ ਦੂਰੀ ਬਣਾ ਕੇ ਰੱਖੀ ਹੋਈ ਹੈ।