ਉਮੀਦਵਾਰ ਦੀ ਭਾਲ ’ਚ ਕਾਂਗਰਸ ਨੇ ਵੋਟਰਾਂ ਦੇ ਮੋਬਾਇਲਾਂ ਦੀਆਂ ਖੜਕਾਈਆਂ ਘੰਟੀਆਂ

Congress

ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੀ ਚੋਣ ਲੈ ਕੇ Congress ਦੁਚਿੱਤੀ ’ਚ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਆਮ ਚੋਣਾਂ ’ਚ ਲੋਕ ਸਭਾ ਹਲਕਾ ਲੁਧਿਆਣਾ ਵਾਸਤੇ ਉਮੀਦਵਾਰ ਲੱਭਣ ਨੂੰ ਲੈ ਕੇ ਕਾਂਗਰਸ ਪਾਰਟੀ ਦੁਚਿੱਤੀ ਵਿੱਚ ਪੈ ਗਈ ਹੈ। ਇਸੇ ਲਈ ਵੋਟਰਾਂ ਦੀ ਨਬਜ਼ ਟਟੋਲਣ ਵਾਸਤੇ ਪਾਰਟੀ ਵੱਲੋਂ ਮੋਬਾਇਲ ਸਰਵੇਖਣ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਵਿੱਚ ਵੋਟਰਾਂ ਪਾਸੋਂ ਚਾਰ ਚਿਹਰਿਆਂ ਦੇ ਨਾਵਾਂ ’ਤੇ ਰਾਇ ਮੰਗ ਰਹੀ ਹੈ। (Congress)

ਕਾਂਗਰਸ ਕੋਲ ਭਾਵੇਂ ਲੁਧਿਆਣਾ ਲੋਕ ਸਭਾ ਸੀਟ ਲਈ ਪਾਰਟੀ ਦੇ ਹੀ ਕਈ ਪ੍ਰਮੁੱਖ ਚਿਹਰੇ ਸਥਾਨਕ ਸ਼ਹਿਰ ’ਚ ਹੀ ਮੌਜੂਦ ਹਨ ਪਰ ਫ਼ਿਰ ਵੀ ਪਾਰਟੀ ਵੱਲੋਂ ਉਮੀਦਵਾਰ ਦੀ ਚੋਣ ’ਚ ਵੋਟਰਾਂ ਦੀ ਰਾਇ ਨੂੰ ਮੁੱਖ ਰੱਖਦਿਆਂ ਮੋਬਾਇਲ ਸਰਵੇਖਣ ਕਰਵਾਇਆ ਜਾ ਰਿਹਾ ਹੈ। ਕਾਂਗਰਸ ਜਿੱਥੇ ਪਿਛਲੀਆਂ ਲਗਾਤਾਰ ਦੋ ਲੋਕ ਸਭਾ ਚੋਣਾਂ ’ਚ ਜੇਤੂ ਚੱਲੇ ਆ ਰਹੇ ਆਪਣੇ ਚੋਣ ਰਥ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਉੱਥੇ ਹੀ ਮੌਜੂਦਾ ਚੋਣਾਂ ’ਚ ਉਮੀਦਵਾਰ ਦੀ ਚੋਣ ’ਚ ਪਾਰਟੀ ਕਿਸੇ ਤਰ੍ਹਾਂ ਕੀ ਕੁਤਾਹੀ ਤੋਂ ਵੀ ਡਰ ਰਹੀ ਹੈ।

ਉਮੀਦਵਾਰ ਦੀ ਚੋਣ ਲਈ ਵੋਟਰਾਂ ਤੋਂ ਮੰਗ ਰਹੀ ਹੈ ਰਾਇ

ਸ਼ਾਇਦ ਇਸੇ ਲਈ ਸਥਾਨਕ ਸੀਟ ਤੋਂ ਪਾਰਟੀ ਦੁਆਰਾ ਉਮੀਦਵਾਰ ਦੀ ਚੋਣ ’ਚ ਮੋਬਾਇਲ ਘੰਟੀਆਂ ਖੜਕਾ ਕੇ ਵੋਟਰਾਂ ਦਾ ਮਨ ਭਾਂਪ ਰਹੀ ਹੈ। ਵੋਟਰਾਂ ਨੂੰ ਆ ਰਹੀਆਂ ਇੰਨ੍ਹਾਂ ਫੋਨ ਕਾਲਾਂ ਵਿੱਚ ਪਾਰਟੀ ਦੁਆਰਾ ਆਪਣੇ ਚਾਰ ਆਗੂਆਂ ਦੇ ਨਾਂਅ ‘ਆਪਸ਼ਨ’ ’ਚ ਰੱਖ ਕੇ ਵੋਟਰਾਂ ਦੀ ਰਾਇ ਲਈ ਜਾ ਰਹੀ ਹੈ ਜਿਸ ਵਿੱਚ ਵੋਟਰ ਕਿਸ ਨੂੰ ਆਪਣਾ ਉਮੀਦਵਾਰ ਚਾਹੁੰਦੇ ਹਨ, ਪੁੱਛਿਆ ਜਾ ਰਿਹਾ ਹੈ। ਕਾਂਗਰਸ ਵੱਲੋਂ ਆਪਣੇ ਮੋਬਾਇਲ ਸਰਵੇਖਣ ਵਿੱਚ ਪਹਿਲੇ ਨੰਬਰ ’ਤੇ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਦਾ ਨਾਂਅ ਰੱਖਿਆ ਗਿਆ ਹੈ। ਜਿਹੜੇ ਕਾਂਗਰਸ ਦੀ ਟਿਕਟ ’ਤੇ ਦੋ ਵਾਰ ਐੱਮਪੀ ਦੀ ਚੋਣ ਲੜ ਚੁੱਕੇ ਹਨ ਅਤੇ ਇੱਕ ਵਾਰ ਚੋਣ ਜਿੱਤ ਕੇ ਕਾਂਗਰਸ ਦੀ ਵਜ਼ਾਰਤ ’ਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

Also Read : ਹਰਿਆਣਾ ’ਚ ਚੱਲਦੇ ਰਹਿਣਗੇ ਪੈਟਰੋਲ ਪੰਪ, ਟਲੀ ਹੜਤਾਲ

ਦੂਜੇ ਨੰਬਰ ’ਤੇ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦਾ ਨਾਂਅ ਰੱਖਿਆ ਗਿਆ ਹੈ। ਜਦਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੀਜੇ ਅਤੇ ਰਵਨੀਤ ਸਿੰਘ ਬਿੱਟੂ ਦੇ ਤਾਏ ਦੇ ਪੁੱਤ ਗੁਰਕੀਰਤ ਸਿੰਘ ਕੋਟਲੀ ਦਾ ਨਾਂਅ ਚੌਥੇ ਸਥਾਨ ’ਤੇ ਰੱਖ ਕੇ ਵੋਟਰਾਂ ਦੀ ਰਾਇ ਲਈ ਜਾ ਰਹੀ ਹੈ। ਹਾਲਾਂਕਿ ਇਹ ਮੋਬਾਇਲ ਸਰਵੇਖਣ ਕਿਸ ਵੱਲੋਂ ਕਰਵਾਇਆ ਜਾ ਰਿਹਾ ਹੈ, ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਕਾਂਗਰਸੀ ਉਮੀਦਵਾਰ ਦੀ ਚੋਣ ਨੂੰ ਲੈ ਕੇ ਹੋ ਰਿਹਾ ਇਹ ਮੋਬਾਇਲ ਸਰਵੇਖਣ ਚਰਚਾ ’ਚ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸਥਾਨਕ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਕਾਂਗਰਸ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਲਈ ਸਥਾਨਕ ਹਲਕੇ ਤੋਂ ਆਪਣੇ ਲਈ ਉਮੀਦਵਾਰ ਦੀ ਭਾਲ ਸਿਰਦਰਦੀ ਸਾਬਤ ਹੋ ਰਹੀ ਹੈ।