‘ਧਰਨੇ ’ਤੇ ਸ਼ੁਭਕਰਨ ਫੋਨ ਨਹੀਂ ਚੁੱਕਦਾ ਸੀ ਵੀ ਘਰੇ ਨਾ ਸੱਦ ਲੈਣ’

KISAN
 ਬਠਿੰਡਾ : ਸ਼ਹੀਦ ਕਿਸਾਨ ਸ਼ੁੱਭਕਰਨ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਪੁੱਜੀਆਂ ਪਿੰਡ ਵਾਸੀ ਮਹਿਲਾਵਾਂ ਤੇ ਰਿਸ਼ਤੇਦਾਰ।

ਬਿਰਧ ਦਾਦੀ ਨੂੰ ਨਹੀਂ ਆ ਰਿਹਾ ਪੋਤੇ ਦੀ ਮੌਤ ਦਾ ਸੱਚ (Kisan Andolan)

(ਸੁਖਜੀਤ ਮਾਨ) ਬਠਿੰਡਾ। ‘13 ਤਰੀਖ ਨੂੰ ਧਰਨੇ ’ਤੇ ਗਿਆ ਸੀ ਮੈਨੂੰ ਘਰੇ ਕਹਿ ਕੇ ਗਿਆ ਸੀ, ਵੀ ਬੇਬੇ ਦੋ ਦਿਨਾਂ ਨੂੰ ਆ ਜਾਵਾਂਗੇ’ ਇਹ ਬੋਲ ਬੱਲ੍ਹੋ ਵਾਸੀ ਉਸ ਬਿਰਧ ਦਾਦੀ ਦੇ ਹਨ ਜਿਸਦਾ ਪੋਤਰਾ ਸ਼ੁਭਕਰਨ ਸਿੰਘ ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਨਾਲ ਜਹਾਨੋਂ ਤੁਰ ਗਿਆ ਨੌਜਵਾਨ ਦੀ ਮਾਂ ਦੀ ਮੌਤ ਮਗਰੋਂ ਦਾਦੀ ਨੇ ਪਾਲਿਆ ਸੀ ਪਰ ਹੁਣ ਉਸਦੇ ਤੁਰ ਜਾਣ ਨਾਲ ਦਾਦੀ ਦੇ ਮੂੰਹੋਂ ਬੋਲ ਵੀ ਨਹੀਂ ਨਿੱਕਲ ਰਿਹਾ। Kisan Andolan

ਬੱਲ੍ਹੋ ਪਿੰਡ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਘਰ ਜਿੱਥੇ ਦਾਦੀ ਨੇ ਪੋਤੇ ਦਾ ਚਾਵਾਂ ਨਾਲ ਵਿਆਹ ਕਰਨਾ ਸੀ, ਉੱਥੇ ਹੁਣ ਸੱਥਰ ਵਿਛ ਗਿਆ ਦੁੱਖ-ਸੁੱਖ ਸਾਂਝਾ ਕਰਨ ਆਉਣ ਵਾਲਿਆਂ ਨਾਲ ਗੱਲਾਂ ਕਰਦੀ ਸ਼ੁਭਕਰਨ ਸਿੰਘ ਦੀ ਦਾਦੀ ਦੱਸਦੀ ਹੈ ਕਿ ਉਸਦਾ ਤੇ ਛੋਟੀ ਕੁੜੀ ਦਾ ਵਿਆਹ ਕਰਨਾ ਸੀ ਪਰ ਆਹ ਭਾਣਾ ਵਰਤ ਗਿਆ ਹੰਝੂ ਵਹਾਉਂਦੀ ਦਾਦੀ ਨੂੰ ਯਕੀਨ ਨਹੀਂ ਆ ਰਿਹਾ ਕਿ ਸ਼ੁੱਭ ਨਹੀਂ ਰਿਹਾ ਉਹ ਆਖਦੀ ਹੈ ਕਿ ਜਦੋਂ ਕੋਈ ਤੁਰਿਆ ਆਉਂਦਾ ਦੇਖਦੀ ਹਾਂ ਤਚ ਲੱਗਦਾ ਹੈ ਸ਼ੁੱਭ ਆਉਂਦਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਦਿੱਲੀ ’ਚ ਲੱਗੇ ਕਿਸਾਨੀ ਮੋਰਚੇ ’ਚ ਗਿਆ ਸੀ ਧਰਨੇ ’ਤੇ ਗਏ ਪੋਤੇ ਨਾਲ ਕੀਤੀ ਗਈ ਕੋਈ ਆਖਰੀ ਗੱਲਬਾਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ‘ਉਹ ਤਾਂ ਇਹ ਕਹਿ ਕੇ ਘਰੋਂ ਗਿਆ ਸੀ ਵੀ ਬੇਬੇ ਦੋ ਦਿਨਾਂ ਨੂੰ ਆ ਜਾਊਂਗਾ, ਉੱਥੇ ਗਏ ਨੇ ਫੋਨ ਨਹੀਂ ਚੁੱਕਿਆ ਵੀ ਮੈਨੂੰ ਘਰੇ ਨਾ ਸੱਦ ਲੈਣ’ ਪੋਤੇ ਦਾ ਵਿਆਹ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਵਿਆਹ ਕਰਨਾ ਸੀ ਤੇ ਉਹ ਖੁਦ ਕਹਿੰਦਾ ਸੀ ਕਿ ਕੁੜੀ ਦਾ ਵੀ ਹੁਣ ਵਿਆਹ ਕਰਾਂਗੇ। Kisan Andolan

ਇਹ ਵੀ ਪੜ੍ਹੋ: ਮੋਤੀ ਮਹਿਲ ਦੇ ਅੱਗੇ ਲੱਗੇ ਧਰਨੇ ’ਚ ਸ਼ਹੀਦ ਹੋਏ ਨੌਜਵਾਨ ਸ਼ੁੱਭਕਰਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਸ਼ੁੱਭਕਰਨ ਸਿੰਘ ਦੇ ਜੀਜੇ ਨੇ ਦੱਸਿਆ ਕਿ ਉਹ ਇਕੱਲਾ ਧਰਨੇ ’ਤੇ ਹੀ ਨਹੀਂ ਜਾਂਦਾ ਸੀ ਸਗੋਂ ਧਰਨਾਕਾਰੀਆਂ ਲਈ ਲੰਗਰ ਆਦਿ ਬਣਾਉਣ ਦੀ ਪੂਰੀ ਸੇਵਾ ਕਰਦਾ ਸੀ ਹੁਣ ਵੀ ਖਨੌਰੀ ਬਾਰਡਰ ’ਤੇ ਰੋਟੀਆਂ ਬਣਾਉਂਦੇ ਦੀਆਂ ਵੀਡੀਓ ਆਈਆਂ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਫੋਨ ਕਰਕੇ ਕਹਿੰਦੇ ਸੀ ਕਿ ਆ ਜਾ ਤਾਂ ਅੱਗੋਂ ਕਹਿੰਦਾ ਸ਼ਹੀਦੀ ਪਾ ਕੇ ਹੀ ਆਊਂਗਾ, ਜੋ ਸੱਚ ਹੋ ਗਿਆ ਜਦੋਂ ਦਿੱਲੀ ਪਹਿਲਾਂ ਸੰਘਰਸ਼ ਚੱਲਿਆ ਸੀ ਤਾਂ ਉਸ ਵੇਲੇ ਵੀ 15-20 ਦਿਨ ਦਿੱਲੀ ਲਗਾ ਕੇ ਇੱਕ-ਦੋ ਦਿਨ ਘਰੇ ਲਗਾ ਕੇ ਫਿਰ ਮੁੜ ਜਾਂਦਾ ਸੀ। Kisan Andolan

ਉਨ੍ਹਾਂ ਦੱਸਿਆ ਕਿ ਉਸਦੀ ਭੈਣ ਨੇ ਵੀ ਨਾ ਜਾਣ ਲਈ ਕਿਹਾ ਸੀ ਤੇ ਦਾਦੀ ਨੂੰ ਵੀ ਕਿਹਾ ਸੀ ਕਿ ਜਾਣ ਨਾ ਦਿਓ ਪਰ ਉਹ ਜਿਦ ਕਰਕੇ ਗਿਆ ਪਿੰਡ ਵਾਸੀ ਆਖਦੇ ਨੇ ਕਿ ਜਦੋਂ ਖਨੌਰੀ ਬਾਰਡਰ ਤੋਂ ਵੀਡੀਓ ਆਈ ਸੀ ਸ਼ੁਭਕਰਨ ਨੂੰ ਚੁੱਕੀ ਜਾਂਦੇ ਦੀ ਤਾਂ ਲੱਗਦਾ ਸੀ ਕਿ ਥੋੜ੍ਹੀ-ਬਹੁਤੀ ਸੱਟ ਲੱਗੀ ਹੈ ਪਰ ਹੁਣ ਸੱਚ ਨਹੀਂ ਆ ਰਿਹਾ ਕਿ ਉਹ ਸਾਡੇ ਵਿਚਕਾਰ ਨਹੀਂ ਰਿਹਾ ਸ਼ੁੱਭਕਰਨ ਸਿੰਘ ਦੇ ਨਾਲ ਪੜ੍ਹਦੇ ਰਹੇ ਦੋਸਤਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਬੜਾ ਸਾਊ ਸੁਭਾਅ ਦਾ ਸੀ ਮਿਹਨਤ ਤੋਂ ਪਾਸਾ ਨਹੀਂ ਵੱਟਦਾ ਸੀ ਇਸੇ ਕਰਕੇ ਪੜ੍ਹਾਈ ਛੱਡ ਕੇ ਆਪਣੀ ਦੋ ਏਕੜ ਜ਼ਮੀਨ ’ਚ ਖੇਤੀ ਕਰਨ ਲੱਗ ਪਿਆ ਸੀ। Kisan Andolan

ਪਰਿਵਾਰ ਦੀ ਬਾਂਹ ਫੜੇ ਸਰਕਾਰ : ਪਿੰਡ ਵਾਸੀ

ਸ਼ੁਭਕਰਨ ਸਿੰਘ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣ ਵਾਲੇ ਪਿੰਡ ਵਾਸੀਆਂ ਨੇ ਆਖਿਆ ਕਿ ਦੋ ਭੈਣਾਂ ਦੇ ਇਕਲੌਤੇ ਨੌਜਵਾਨ ਭਰਾ ਦੇ ਚਲੇ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਦੁੱਖ ਦੀ ਇਸ ਘੜੀ ’ਚ ਪਰਿਵਾਰ ਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਨਾ ਸਹਿਣਯੋਗ ਸਦਮੇ ’ਚੋਂ ਥੋੜ੍ਹਾ-ਬਹੁਤ ਬਾਹਰ ਆ ਸਕਣ।