ਹਰਿਆਣਾ-ਪੰਜਾਬ ’ਚ ਅਗਲੇ 3 ਦਿਨਾਂ ਲਈ ਰੈੱਡ ਅਲਰਟ ਜਾਰੀ | Weather Update
ਨਵੀਂ ਦਿੱਲੀ (ਏਜੰਸੀ)। ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਭਾਵੇਂ ਕੁਝ ਸੂਬਿਆਂ ਵਿੱਚ ਦਿਨ ਵੇਲੇ ਸੂਰਜ ਚਮਕ ਰਿਹਾ ਹੈ ਪਰ ਠੰਢ ਤੇ ਧੁੰਦ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਰਿਹਾ ਹੈ। ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਸੰਘਣੀ ਤੋਂ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉੱਤਰੀ-ਪੱਛਮੀ ਭਾਰਤ ਵਿੱਚ ਅਗਲੇ ਚਾਰ ਦਿਨਾਂ ਤੱਕ ਕੋਲਡ ਡੇ ਤੋਂ ਲੈ ਕੇ ਸਖ਼ਤ ਠੰਢ ਦੇ ਹਾਲਾਤ ਜਾਰੀ ਰਹਿਣਗੇ। ਉਸ ਤੋਂ ਬਾਅਦ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ ਤਿੰਨ ਦਿਨਾਂ ਤੱਕ ਕਈ ਇਲਾਕਿਆਂ ’ਚ ਸੀਤ ਲਹਿਰ ਜਾਰੀ ਰਹੇਗੀ ਅਤੇ ਉਸ ਤੋਂ ਬਾਅਦ ਇਹ ਘੱਟ ਜਾਵੇਗੀ। ਸਵੇਰ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਦਰਮਿਆਨ ਭਾਰਤੀ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਹਰਿਆਣਾ ਲਈ ਰੈੱਡ ਅਲਰਟ ਜਾਰੀ ਕੀਤਾ ਹੈ। (Weather Update)
ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਸਮੇਤ ਤਿੰਨ ‘ਤੇ ਕਤਲ ਦੇ ਦੋਸ਼ ਹੇਠ FIR ਦਰਜ਼
ਇਸ ਤੋਂ ਬਾਅਦ ਵੀ ਯੈਲੋ ਅਲਰਟ 17 ਜਨਵਰੀ ਤੱਕ ਜਾਰੀ ਰਹੇਗਾ। ਇਸ ਧੁੰਦ ਵਾਲੀ ਸਥਿਤੀ ਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਰਾਜਸਥਾਨ, ਦਿੱਲੀ, ਐੱਨਸੀਆਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਬਿਹਾਰ ਵਿੱਚ ਵੀ ਰਹੇਗਾ। ਮੌਸਮ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਰਦੀ ਦੇ ਇਸ ਮੌਸਮ ਵਿੱਚ ਬਿਨਾਂ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਜੇਕਰ ਠੰਢ ਪੈ ਜਾਵੇ ਤਾਂ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਬਾਹਰ ਹਲਕਾ ਜਿਹਾ ਧੂੰਆਂ ਕਰਨਾ ਚਾਹੀਦਾ ਹੈ, ਤਾਂ ਜੋ ਫ਼ਸਲਾਂ ਨੂੰ ਠੰਢ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਪਰ ਜ਼ਿਆਦਾ ਧੂੰਆਂ ਪ੍ਰਦੂਸ਼ਣ ਨੂੰ ਸੱਦਾ ਦੇ ਸਕਦਾ ਹੈ। (Weather Update)
ਹਰਿਆਣਾ-ਪੰਜਾਬ ’ਚ ਕੋਲਡ ਡੇ ਤੇ ਕੋਲਡ ਵੇਵ ਦੀ ਦੀ ਸਥਿਤੀ ਬਣੀ, ਰੇਵਾੜੀ ਰਿਹਾ ਸਭ ਤੋਂ ਠੰਢਾ | Weather Update
ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਸੁਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਪੂਰੇ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਅਤੇ ਹਰਿਆਣਾ ’ਚ ਕੋਲਡ ਡੇ ਤੇ ਕੋਲਡ ਵੇਵ ਭਾਵ ਸੀਤ ਲਹਿਰ ਦੀ ਸਥਿਤੀ ਬਣੀ ਰਹੀ। ਇਹ ਸਰਦੀਆਂ ਦੇ ਮੌਸਮ ਦੀ ਸਭ ਤੋਂ ਖਤਰਨਾਕ ਸਥਿਤੀ ਮੰਨੀ ਜਾਂਦੀ ਹੈ। ਕਿਉਂਕਿ ਜਦੋਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ, ਤਾਂ ਘੱਟੋ-ਘੱਟ ਤਾਪਮਾਨ ਦੇ ਨਾਲ-ਨਾਲ ਵੱਧ ਤੋਂ ਵੱਧ ਤਾਪਮਾਨ ਵੀ ਡਿੱਗ ਜਾਂਦਾ ਹੈ। ਜਦੋਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਇਕੱਠੇ ਡਿੱਗਦੇ ਹਨ। (Weather Update)
ਤਾਂ ਰਾਤ ਦੇ ਨਾਲ-ਨਾਲ ਦਿਨ ਵੇਲੇ ਵੀ ਠੰਢ ਦਾ ਅਹਿਸਾਸ ਵਧ ਜਾਂਦਾ ਹੈ। ਸ਼ਨਿੱਚਰਵਾਰ ਨੂੰ ਵੀ ਉੱਤਰੀ ਭਾਰਤ ’ਚ ਹਰਿਆਣਾ ਸਭ ਤੋਂ ਠੰਢਾ ਰਿਹਾ। ਹਰਿਆਣਾ ਦੇ ਰੇਵਾੜੀ ਦੇ ਬਾਵਲ ’ਚ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਗਿਆਨੀ ਸੁਰਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਅਗਲੇ ਚਾਰ-ਪੰਜ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਂਦੇ ਰਹਿਣ ਦੀ ਸੰਭਾਵਨਾ ਹੈ।