ਨਵਾਂ ਸਾਲ ਹਰ 365/366 ਦਿਨ ਬਾਅਦ ਆਉਂਦਾ ਹੈ ਅਤੇ ਗੁਜ਼ਰ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵੀ ਗੁਜ਼ਰਦੀ ਜਾ ਰਹੀ ਹੈ ਪਰ ਸਾਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਗੁਜ਼ਾਰਨ ਲਈ ਆਪਸੀ ਵੈਰ-ਵਿਰੋਧ ਨੂੰ ਭੁਲਾ ਕੇ ਇੱਕ-ਦੂਸਰੇ ਨਾਲ ਪਿਆਰ, ਇੱਜਤ, ਮਾਣ ਅਤੇ ਸਤਿਕਾਰ ਨਾਲ ਪੇਸ਼ ਆਉਣਾ ਬਹੁਤ ਜਰੂਰੀ ਹੈ। ਸਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ 2024 ਦੀ ਆਮਦ ’ਤੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਵੀ ਵੈਰ-ਵਿਰੋਧ, ਦੁਸ਼ਮਣੀਆਂ, ਈਰਖਾ, ਨਰਾਜ਼ਗੀਆਂ ਇੱਕ-ਦੂਸਰੇ ਨਾਲ ਚੱਲ ਰਹੀਆਂ ਹਨ ਉਨ੍ਹਾਂ ਸਾਰੀਆਂ ਨਰਾਜ਼ਗੀਆਂ ਅਤੇ ਦੁਸ਼ਮਣੀਆਂ ਨੂੰ ਭੁਲਾ ਕੇ ਸਾਰਿਆਂ ਨਾਲ ਬਹੁਤ ਪਿਆਰ, ਮਾਣ ਅਤੇ ਆਦਰ-ਸਤਿਕਾਰ ਨਾਲ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ। (New Year 2024)
ਕਿਸੇ ਨਾਲ ਦੁਸ਼ਮਣੀ ਜਾਂ ਆਪਸੀ ਵੈਰ-ਵਿਰੋਧ ਰੱਖ ਕੇ ਅਸੀਂ ਕਦੇ ਵੀ ਜ਼ਿੰਦਗੀ ’ਚ ਖੁਸ਼ ਨਹੀਂ ਰਹਿ ਸਕਦੇ ਅਤੇ ਨਾ ਹੀ ਉਹ ਇਨਸਾਨ ਖੁਸ਼ ਰਹਿ ਸਕਦਾ ਜਿਸ ਨਾਲ ਅਸੀਂ ਦੁਸ਼ਮਣੀ ਨਿਭਾ ਰਹੇ ਤਾਂ ਫਿਰ ਕੀ ਫਾਇਦਾ ਇਹੋ-ਜਿਹੀਆਂ ਦੁਸ਼ਮਣੀਆਂ ਦਾ ਜਿਸ ਨਾਲ ਦੋਵਾਂ ਘਰਾਂ ਨੂੰ ਹੀ ਨੁਕਸਾਨ ਪਹੁੰਚੇ। ਸਾਨੂੰ ਵੱਧ ਤੋਂ ਵੱਧ ਲੋਕ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ। ਵੱਧ ਤੋਂ ਵੱਧ ਗਰੀਬ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ। ਜੇਕਰ ਹੋ ਸਕੇ ਤਾਂ ਸਾਨੂੰ ਆਪਣੀ ਮਿਹਨਤ ਦੀ ਕਮਾਈ ’ਚੋਂ ਦਸਵੰਧ ਕੱਢ ਕੇ ਉਨ੍ਹਾਂ ਮਰੀਜਾਂ ਦੀ ਮੱਦਦ ਕਰਨੀ ਚਾਹੀਦੀ ਹੈ ਜਿਹੜੇ ਗਰੀਬ ਮਰੀਜ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹਨ ਅਤੇ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ’ਚ ਮੱਦਦ ਕਰਨੀ ਚਾਹੀਦੀ ਹੈ। (New Year 2024)
ਇਹ ਵੀ ਪੜ੍ਹੋ : 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਜਰੂਰੀ ਨਹੀਂ ਕਿ ਸਮਾਜ ਸੇਵਾ ਜਾਂ ਲੋਕ ਭਲਾਈ ਸਿਰਫ ਪੈਸੇ ਕੋਲ ਹੋਣ ’ਤੇ ਹੀ ਕੀਤੀ ਜਾ ਸਕਦੀ ਹੈ ਜੇਕਰ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਵੀ ਅਸੀਂ ਕਿਸੇ ਦੀ ਮੱਦਦ ਕਰਕੇ ਪੁੰਨ ਦਾ ਕੰਮ ਕਰ ਸਕਦੇ ਹਾਂ ਜਿਵੇਂ ਕਿਸੇ ਬਜ਼ੁਰਗ ਨੂੰ ਸੜਕ ਪਾਰ ਕਰਵਾ ਦਿੱਤੀ, ਕਿਸੇ ਐਕਸੀਡੈਂਟ ਵਾਲੇ ਮਰੀਜ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ, ਸੜਕ ’ਤੇ ਜ਼ਖ਼ਮੀ ਹੋਏ ਮਰੀਜ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ, ਘਰ ਆਏ ਕਿਸੇ ਗਰੀਬ ਨੂੰ ਰੋਟੀ ਖਵਾ ਦਿੱਤੀ ਆਦਿ। ਜਿਹੜੀਆਂ ਗਲਤੀਆਂ ਅਸੀਂ ਸਾਲ 2023 ’ਚ ਕੀਤੀਆਂ ਹਨ, ਸਾਨੂੰ ਉਨ੍ਹਾਂ ਗਲਤੀਆਂ ਤੋਂ ਸਬਕ ਸਿੱਖਦੇ ਹੋਏ ਸਾਲ 2024 ’ਚ ਪ੍ਰਵੇਸ਼ ਕਰਦੇ ਸਮੇਂ ਇਹ ਵੀ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਸਾਲ 2023 ਵਾਲੀਆਂ ਗਲਤੀਆਂ ਦੁਬਾਰਾ ਨਹੀਂ ਕਰਾਂਗੇ ਅਤੇ ਸਾਫ ਨੀਅਤ ਨਾਲ ਸਾਰੇ ਕੰਮ ਕਰਾਂਗੇ। (New Year 2024)