ਸੈਸੀਐੱਲਟੀ ਸਰਟੀਫਿਕੇਟ ਵਾਪਸ ਲਏ ਜਾਣ ਕਾਰਨ ਕਾਲਜ ਨੂੰ ਤਾਲਾ ਜੜਨ ਦੀ ਆਈ ਨੌਬਤ
- ਕਾਲਜ ਦੇ 1550 ਵਿਦਿਆਰਥੀਆਂ ਨੂੰ ਹੋਰਨਾਂ ਕਾਲਜਾਂ ‘ਚ ਕੀਤਾ ਜਾਵੇਗਾ ਤਬਦੀਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਪੰਜਾਬ ਸਰਕਾਰ ਨੇ ਗਿਆਨ ਸਾਗਰ ਮੈਡੀਕਲ ਕਾਲਜ ਤੋਂ ਕਾਲਜ ਚਲਾਉਣ ਦੀ ਪ੍ਰਵਾਨਗੀ ਵਾਪਸ ਲੈ ਲਈ ਹੈ, ਜਿਸ ਕਾਰਨ ਹੁਣ ਕਾਲਜ ਨੂੰ ਤਾਲਾ ਜੜਨ ਦੀ ਨੌਬਤ ਆ ਗਈ ਹੈ। ਸਰਕਾਰ ਵੱਲੋਂ ਇਸ ਕਾਲਜ ਦੇ ਵਿਦਿਆਥੀਆਂ ਨੂੰ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚ ਤਬਦੀਲ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਗਿਆਨ ਸਾਗਰ ਕਾਲਜ ਅੰਦਰ 1550 ਵਿਦਿਆਰਥੀਆਂ ਨੇ ਮੈਡੀਕਲ, ਡੈਂਟਲ, ਨਰਸਿੰਗ ਤੇ ਫਿਜੀਓਥਰੈਪੀ ਕੋਰਸਾਂ ‘ਚ ਦਾਖਲਾ ਲਿਆ ਹੋਇਆ ਸੀ।
ਉਕਤ ਕਾਲਜ ਦੇ ਵਿਵਾਦਿਤ ਪਲਰਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਮਾਲਕ ਸਨ ਜੋ ਕਿ ਆਪਣੇ ਨਿਵੇਸ਼ਕਾਂ ਨਾਲ ਕੀਤੇ ਕਥਿਤ ਘਪਲੇ ਕਾਰਨ ਜੇਲ੍ਹ ਅੰਦਰ ਬੰਦ ਹਨ। ਇਸ ਕਾਲਜ ਨੂੰ ਗਿਆਨ ਸਾਗਰ ਐਜੂਕੇਸ਼ਨ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸ ਤੋਂ ਅੱਜ ਸਰਕਾਰ ਨੇ ਸੈਸੀਐੱਲਟੀ ਸਰਟੀਫਿਕੇਟ ਵਾਪਸ ਲੈ ਲਏ ਹਨ। ਸਰਕਾਰ ਵੱਲੋਂ ਕਾਲਜ ਅੰਦਰਲੇ ਵਿਦਿਆਰਥੀਆਂ ਨੂੰ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚ ਸ਼ਿਫਟ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦਾ ਭਵਿੱਖ ਖਰਾਬ ਨਾ ਹੋਵੇ। ਹਾਈਕੋਰਟ ਅੰਦਰ ਅੱਜ ਐਡਵੋਕੇਟ ਜਨਰਲ ਤੇ ਸੈਕਟਰੀ ਹੈਲਥ ਵੱਲੋਂ ਪੇਸ਼ ਹੋ ਕਿ ਕਿਹਾ ਗਿਆ ਕਿ ਟਰੱਸਟ ਕੋਲ ਕਾਲਜ ਸਬੰਧੀ ਕੋਈ ਪਲਾਨ ਨਹੀਂ ਹੈ ਤੇ ਇਹ ਵੀ ਪਤਾ ਨਹੀਂ ਕਿ ਸੀਬੀਆਈ ਵੱਲੋਂ ਇਸ ਕਾਲਜ ਨੂੰ ਅਟੈਚ ਕੀਤਾ ਗਿਆ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਕਾਲਜ ਅਥਾਰਟੀ ਵੱਲੋਂ ਪਿਛਲੇ ਦਿਨੀਂ ਹੈਲਥ ਵਿਭਾਗ ਨਾਲ ਮੀਟਿੰਗ ਵੀ ਕੀਤੀ ਗਈ ਸੀ।
ਤਿੰਨ ਹਜ਼ਾਰ ਮੁਲਾਜ਼ਮਾਂ ਦੇ ਭਵਿੱਖ ‘ਤੇ ਲਟਕੀ ਤਲਵਾਰ
ਇੱਧਰ ਕਾਲਜ ਦੇ 3 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੇ ਭਵਿੱਖ ‘ਤੇ ਤਲਵਾਰ ਲਟਕ ਗਈ ਹੈ ਕਿਉਂÎਕਿ ਸਰਕਾਰ ਵੱਲੋਂ ਇਨ੍ਹਾਂ ਬਾਰੇ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ। ਖਾਸ ਦੱਸਣਯੋਗ ਹੈ ਕਿ ਇਸ ਕਾਲਜ ਦਾ ਸਟਾਫ ਪਿਛਲੇ 7 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਧਰਨਿਆਂ ਦੇ ਰਾਹ ਪਿਆ ਹੋਇਆ ਸੀ ਤੇ ਕਾਂਗਰਸ ਸਰਕਾਰ ਵੱਲੋਂ ਇਸਦੇ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਇਸ ਤੋਂ ਅਧਿਕਾਰ ਵਾਪਸ ਲੈ ਲਏ ਹਨ।
ਸਿਹਤ ਮੰਤਰੀ ਨੇ ਕੀਤੀ ਪੁਸ਼ਟੀ
ਇਸ ਸਬੰਧੀ ਜਦੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਟੀਫਿਕੇਟ ਵਾਪਸ ਲੈਣ ਦਾ ਪ੍ਰੋਸੈੱਸ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਦਿਨਾਂ ਤੱਕ ਬੱਚਿਆਂ ਨੂੰ ਵੱਖ-ਵੱਖ ਕਾਲਜਾਂ ‘ਚ ਸਿਫਟ ਕਰ ਦਿੱਤਾ ਜਾਵੇਗਾ।