ਮੋਹਾਲੀ (ਐੱਮ ਕੇ ਸ਼ਾਇਨਾ)। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੋਹਾਲੀ ’ਚ ਲਾਇਆ ਪੱਕਾ ਮੋਰਚਾ ਦਿਨ ਵੀ ਜਾਰੀ ਰਿਹਾ ਦੂਜੇ ਦਿਨ ਵੀ ਕਿਸਾਨ ਆਪਣੀਆਂ ਮੰਗਾਂ ਮਨਵਾਉਣ ’ਤੇ ਅੜੇ ਰਹੇ ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ’ਚ ਧਰਨੇ ਵਾਲੀ ਥਾਂ ’ਤੇ ਪੁੱਜੇ। ਕਿਸਾਨ ਖਾਣ-ਪੀਣ ਦਾ ਸਾਰਾ ਸਮਾਨ ਟਰਾਲੀਆਂ ’ਚ ਲੈ ਕੇ ਆਏ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ਨੇ ਰੋਟੀਆਂ ਪਕਾਉਣ ਦੇ ਨਾਲ ਨਾਲ ਸਾਰੇ ਕੰਮ ਕਰਨੇ ਸਿਖਾ ਦਿੱਤੇ ਹਨ। ਹੁਣ ਉਨ੍ਹਾਂ ਦਾ ਇੱਥੋਂ ਵੀ ਪਿੰਡ ਮੁੜਨ ਨੂੰ ਦਿਲ ਨਹੀਂ ਕਰਨਾ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਨਾਲ 2 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ। (Mohali News)
ਹੁਣ ਉਹ ਆਪਣੀਆਂ ਮੰਗਾਂ ਮਨਵਾਏ ਬਿਨ੍ਹਾਂ ਕਿਧਰੇ ਨਹੀਂ ਹਿੱਲਣਗੇ। ਕਿਸਾਨ ਚੰਡੀਗੜ੍ਹ ਦੇ ਗਵਰਨਰ ਹਾਊਸ ਦੇ ਬਾਹਰ ਧਰਨਾ ਦੇਣਾ ਚਾਹੁੰਦੇ ਹਨ। ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਮੁਹਾਲੀ ਦੇ ਏਅਰਪੋਰਟ ਰੋਡ ’ਤੇ ਆ ਗਏ ਹਨ ਅਤੇ ਕੱਲ੍ਹ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਚਕੂਲਾ ਦੇ ਸੈਕਟਰ-5 ਸਥਿਤ ਖੇਤਾਂ ’ਚ ਕਿਸਾਨ ਹੜਤਾਲ ’ਤੇ ਬੈਠੇ ਹਨ। ਕੱਲ੍ਹ ਕਿਸਾਨ ਰਾਜਪਾਲ ਭਵਨ ਵੱਲ ਜਾਣਾ ਚਾਹੁੰਦੇ ਸਨ ਪਰ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਭਾਰੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ, ਜਿਸ ਕਾਰਨ ਕਿਸਾਨਾਂ ਨੇ ਇੱਥੇ ਆਪਣਾ ਤਿੰਨ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਹੈ। (Mohali News)
ਇਹ ਵੀ ਪੜ੍ਹੋ : ਚੀਨ ’ਚ ਫੈਲੀ ਰਹੱਸਮਈ ਬੀਮਾਰੀ ਨੂੰ ਲੈ ਕੇ ਰਾਜ਼ਸਥਾਨ ’ਚ ਅਲਰਟ ਜਾਰੀ
ਕਿਸਾਨਾਂ ਦੇ ਧਰਨੇ ਦੇ ਮੱਦੇਨਜਰ ਚੰਡੀਗੜ੍ਹ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪੁਲਿਸ ਨੇ ਤਿੰਨ ਲੇਅਰਾਂ ’ਚ ਸੁਰੱਖਿਆ ਪ੍ਰਬੰਧ ਕੀਤੇ ਹਨ। ਪਹਿਲੀ ਪਰਤ ’ਚ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਸਾਮਲ ਹਨ। ਦੂਜੀ ਪਰਤ ’ਚ ਦਿੱਲੀ ਤੋਂ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਬੁਲੇਟ ਪਰੂਫ ਵਾਹਨ ਜਿਵੇਂ ਵਜਰਾ ਵਾਹਨ ਅਤੇ ਵਾਟਰ ਕੈਨਨ ਤਾਇਨਾਤ ਕੀਤੇ ਗਏ ਹਨ। ਬੀਐਸਐੱਫ ਨੂੰ ਤੀਜੀ ਪਰਤ ’ਚ ਤਾਇਨਾਤ ਕੀਤਾ ਗਿਆ ਹੈ। (Mohali News)
ਬੀਐੱਸਐੱਫ ਆਪਣੇ ਹਥਿਆਰਾਂ ਨਾਲ ਤਾਇਨਾਤ ਹੈ। ਕਿਸਾਨਾਂ ਨੂੰ ਇੱਥੋਂ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ। ਉਥੇ ਹੀ ਟਰਾਈ ਸਿਟੀ ਦੇ ਲੋਕਾਂ ਨੂੰ ਇਹਨਾਂ ਧਰਨਿਆਂ ਕਾਰਨ ਆਉਣ ਜਾਣ ’ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ 23 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਉਣਾ, ਕਿਸਾਨਾਂ ਨੂੰ 10 ਹਜਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ, ਪੰਜਾਬ ’ਚ ਆਏ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜਾ ਦੇਣ ਦੀ ਮੰਗ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਦਰਜ਼ ਕੇਸ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। (Mohali News)
ਅੱਜ ਹੋਵੇਗੀ ਰਾਜਪਾਲ ਨਾਲ ਮੀਟਿੰਗ | Mohali News
ਸੰਯੁਕਤ ਕਿਸਾਨ ਮੋਰਚਾ ਦੇ ਵਫਦ ਦੀ ਮੰਗਲਵਾਰ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਹੋਵੇਗੀ। ਇਸ ਤੋਂ ਇਲਾਵਾ ਕਿਸਾਨ ਆਗੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕਾਰਨ ’ਤੇ ਅੜੇ ਹਨ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਉਨ੍ਹਾਂ ਦੀ ਪੰਜਾਬ ਦੇ ਕੁਝ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਅਤੇ ਸਰਕਾਰ ਨਾਲ ਰਾਬਤਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨਾਲ ਸੰਬੰਧਿਤ ਕਿਸਾਨਾਂ ਦੀਆਂ 10 ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ ਪਰ ਕਿਸਾਨ ਆਗੂ ਮੁੱਖ ਮੰਤਰੀ ਨਾਲ ਬਕਾਇਦਾ ਇੱਕ ਮੀਟਿੰਗ ਕਰਨੀ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਧਰਨਾ ਕੱਲ੍ਹ ਸਮਾਪਤ ਕਰਨਾ ਹੈ ਜਾਂ ਫਿਰ ਇਸ ਨੂੰ ਅੱਗੇ ਵਧਾਇਆ ਜਾਵੇ। (Mohali News)