ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Cadaver Organ Donation
ਮਾਨਸਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਮਾਨਸਾ ਵਾਸੀ ਦਵਾਰਕੀ ਦੇਵੀ ਇੰਸਾਂ (75) ਨੇ ਬਲਾਕ ਮਾਨਸਾ ਦੇ 47ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਉਨ੍ਹਾਂ ਵੱਲੋਂ ਦਾਨ ਕੀਤੀ ਗਈ ਮਿ੍ਰਤਕ ਦੇਹ ਨਾਲ ਮੈਡੀਕਲ ਦੇ ਵਿਦਿਆਰਥੀਆਂ ਨੂੰ ਖੋਜ਼ਾਂ ਕਰਨ ’ਚ ਮੱਦਦ ਮਿਲੇਗੀ। ਸਰੀਰਦਾਨੀ ਦਵਾਰਕੀ ਦੇਵੀ ਇੰਸਾਂ ਨੂੰ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਧ ਸੰਗਤ ਅਤੇ ਸ਼ਹਿਰ ਦੇ ਪਤਵੰਤਿਆਂ ਨੇ ‘ਸਰੀਰਦਾਨੀ ਦਵਾਰਕੀ ਦੇਵੀ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। (Cadaver Organ Donation)
ਵੇਰਵਿਆਂ ਮੁਤਾਬਿਕ ਸਰੀਰਦਾਨੀ ਦਵਾਰਕੀ ਦੇਵੀ ਇੰਸਾਂ ਪਤਨੀ ਸ੍ਰੀ ਰਾਮ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦਾ ਸਮੁੱਚਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਣ ਕਰਕੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਦਵਾਰਕੀ ਦੇਵੀ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚਲਦਿਆਂ ਜਿਉਂਦੇ ਜੀਅ ਇਹ ਪ੍ਰਣ ਕੀਤਾ ਸੀ ਕਿ ਉਸ ਦੀ ਮੌਤ ਉਪਰੰਤ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ। ਉਨ੍ਹਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰਾਂ ਜੀਵਨ ਜਿੰਦਲ ਇੰਸਾਂ, ਰਮੇਸ਼ ਕੁਮਾਰ ਮੇਸ਼ੀ ਇੰਸਾਂ, ਧੀਆਂ ਰਾਣੀ ਇੰਸਾਂ, ਲਕਸ਼ਮੀ ਇੰਸਾਂ, ਪਿੰਕੀ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਮਿ੍ਰਤਕ ਦੇਹ ਵਨਕਟੇਸ਼ਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਵਨਕਟੇਸ਼ਵਰਾ ਨਗਰ, ਨੇੜੇ ਰਾਜਬਪੁਰ ਗਰਜੌਲਾ, ਜ਼ਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ ਹੈ। ਇਸ ਮੌਕੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਅਤੇ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ ਨੇ ਮਿ੍ਰਤਕ ਦੇਹ ਲਿਜਾਣ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਅੰਤਿਮ ਵਿਦਾਇਗੀ
ਸ਼ਹਿਰ ਦੀਆਂ ਵੱਖ-ਵੱਖ ਗਲੀਆਂ ’ਚੋਂ ਹੁੰਦੀ ਹੋਈ ਗੱਡੀ, ਜਿਸਦੇ ਨਾਲ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜੂਦ ਸੀ, ਉਨ੍ਹਾਂ ਵੱਲੋਂ ‘ਸਰੀਰਦਾਨੀ ਦਵਾਰਕੀ ਦੇਵੀ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾਏ ਗਏ। ਬਾਰਾਂ ਹੱਟਾਂ ਚੌਂਕ ’ਚ ਪੁੱਜ ਕੇ ਸਾਧ-ਸੰਗਤ ਵੱਲੋਂ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਜੋਨ ਡੀ ਦੇ ਪ੍ਰੇਮੀ ਸੇਵਕ ਵੇਦ ਪ੍ਰਕਾਸ਼ ਇੰਸਾਂ, ਬਲਾਕ ਪ੍ਰੇਮੀ ਸੇਵਕ ਸੁਖਦੇਵ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਅਤੇ ਭੈਣਾਂ, ਵੱਖ-ਵੱਖ ਜੋਨਾਂ ਦੇ ਜਿੰਮੇਵਾਰ ਸੇਵਾਦਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਬਹੁਤ ਹੀ ਵਧੀਆ ਉਪਰਾਲਾ : ਸਿਵਲ ਸਰਜਨ
ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਇਸ ਮੌਕੇ ਆਖਿਆ ਕਿ ਦਵਾਰਕੀ ਦੇਵੀ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਦੁੱਖ ਦੀ ਘੜੀ ਦੇ ਬਾਵਜ਼ੂਦ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ, ਜੋ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੇ ਵਿਦਿਆਰਥੀ ਜੋ ਖੋਜਾਂ ਕਰਦੇ ਹਨ, ਉਨ੍ਹਾਂ ਨੂੰ ਕਾਫੀ ਮੱਦਦ ਮਿਲੇਗੀ। ਉਨ੍ਹਾਂ ਅਪੀਲ ਕੀਤੀ ਕਿ ਸਭ ਨੂੰ ਮਰਨ ਉਪਰੰਤ ਆਪਣਾ ਸਰੀਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਮਰਨ ਤੋਂ ਬਾਅਦ ਸਰੀਰ ਕੰਮ ਆ ਸਕੇ, ਜਿਸ ਰਾਹੀਂ ਬਿਮਾਰੀਆਂ ਦੇ ਇਲਾਜ ਆਦਿ ਲਈ ਖੋਜਾਂ ਕੀਤੀਆਂ ਜਾ ਸਕਣ।
ਸਾਧ-ਸੰਗਤ ਕਰਦੀ ਹੈ ਮਾਨਵਤਾ ਭਲਾਈ ਦੇ 159 ਕਾਰਜ਼ : 85 ਮੈਂਬਰ
85 ਮੈਂਬਰ ਪੰਜਾਬ ਬਿੰਦਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ ਅਤੇ ਸ਼ਿਵ ਇੰਸਾਂ ਨੇ ਇਸ ਮੌਕੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਸਾਧ-ਸੰਗਤ ਵੱਲੋਂ 159 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਉਨ੍ਹਾਂ ’ਚੋਂ ਹੀ ਇੱਕ ਕਾਰਜ਼ ਮਰਨ ਉਪਰੰਤ ਸਰੀਰਦਾਨ ਕਰਨਾ ਹੈ, ਜੋ ਅੱਜ ਦਵਾਰਕੀ ਦੇਵੀ ਇੰਸਾਂ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਾਨਸਾ ਬਲਾਕ ’ਚੋਂ 46 ਸਰੀਰਦਾਨ ਹੋ ਚੁੱਕੇ ਹਨ ਅਤੇ ਦਵਾਰਕੀ ਦੇਵੀ ਇੰਸਾਂ ਨੇ 47ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ।