ਅੰਮ੍ਰਿਤਸਰ (ਰਾਜਨ ਮਾਨ)। ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ (Farmers) ਵੱਲੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋ 20 ਅਕਤੂਬਰ ਨੂੰ ਮੋਹਾਲੀ ਚੱਲੋ ਸੱਦੇ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋ 20 ਅਕਤੂਬਰ ਨੂੰ ਮੋਹਾਲੀ ਚੱਲੋ ਸੱਦੇ ਨੂੰ ਕਾਮਯਾਬ ਬਣਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਮੋਹਾਲੀ ਪ੍ਰੋਗਰਾਮ ਵਿੱਚ ਪਹੁੰਚਣ।
ਇਸੇ ਦੌਰਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਐੱਮ ਐੱਸ ਪੀ ਤੇ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਮੰਨ ਉਸ ਤੇ ਅਮਲ ਕਰਨ ਦੀ ਬਜਾਏ ਹਾੜ੍ਹੀ ਦੀਆਂ ਫ਼ਸਲਾਂ ਦੇ ਮੁੱਲ ਜਿਸ ਵਿੱਚ ਕਣਕ ਦੇ ਮੁੱਲ ਵਿੱਚ 150 , ਜੌ ਵਿੱਚ 115, ਛੋਲਿਆਂ ਵਿੱਚ 105 ,ਮਸਰ ਵਿੱਚ 425, ਸਰੋਂ ਵਿੱਚ 200 ਅਤੇ ਸੂਰਜਮੁਖੀ ਵਿੱਚ 150 ਰੁਪਏ ਦਾ ਨਿਗੂਣਾ ਵਾਧਾ ਕਰਕੇ ਮਜ਼ਾਕ ਕੀਤਾ ਹੈ ਜਦੋਂ ਕਿ ਲਾਗਤ ਮੁੱਲ ਵਿੱਚ ਪਿਛਲੇ ਸਮੇਂ ਅਥਾਹ ਵਾਧਾ ਹੋਇਆ ਹੈ ਜਿਸ ਵਿੱਚ ਖਾਦ, ਡੀਜ਼ਲ ਬੀਜ ਦੇ ਭਾਅ ਲਗਾਤਾਰ ਵਧ ਰਹੇ ਹਨ ।
18 ਜਥੇਬੰਦੀਆਂ ਇਸ ਫ਼ਸਲਾਂ ਦੇ ਮੁੱਲ ਵਿੱਚ ਕੀਤੇ ਵਾਧੇ ਨੂੰ ਮੂਲੋਂ ਰੱਦ ਕਰਦਿਆਂ ਮੰਗ ਕਰਦੀਆਂ ਹਨ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ. ਐਸ. ਪੀ. ਗਰੰਟੀ ਕਨੂੰਨ ਬਣਾਇਆ ਜਾਵੇ ਅਤੇ ਸਾਰੀਆਂ ਫਸਲਾਂ ਦਾ ਰੇਟ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ C2+50% ਦੇ ਫਾਰਮੂਲੇ ਨਾਲ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਸ ਮੰਗ ਨੂੰ ਮੰਨਵਾਉਣ ਲਈ ਆਉਂਦੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਨਗੀਆਂ।
ਇਹ ਮੰਗ ਕਰ ਰਹੀਆਂ ਨੇ Farmers ਜੱਥੇਬੰਦੀਆਂ
ਕਿਸਾਨ ਜਥੇਬੰਦੀਆਂ ਦੇ ਆਗੂਆਂ ਸਰਵਨ ਸਿੰਘ ਪੰਧੇਰ, ਬਲਦੇਵ ਸਿੰਘ ਜ਼ੀਰਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਅਮਰਜੀਤ ਸਿੰਘ ਮੋਹਰੀ ਨੇ ਦੱਸਿਆ ਕਿਸਾਨਾਂ ਦੀਆਂ ਮੰਗਾਂ ਜਿਵੇਂ ਹੜ੍ਹਾਂ, ਗੜ੍ਹੇ ਮਾਰੀ ਤੇ ਗੁਲਾਬੀ ਸੁੰਡੀ ਨਾਲ ਹੋਏ ਫਸਲਾਂ ਦੇ ਨੁਕਸਾਨ ਮੁਆਵਜ਼ਾ ਦੇਣਾ, ਐੱਮ ਐੱਸ ਪੀ ਗਰੰਟੀ ਕਾਨੂੰਨ ਬਣਾਉਣਾ, ਕਿਸਾਨਾਂ ਤੇ ਮਜ਼ਦੂਰਾਂ ਦਾ ਕੁੱਲ ਕਰਜ਼ਾ ਮੁਆਫ਼ ਕਰਨਾ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਰਹਿੰਦਾ ਮੁਆਵਜ਼ਾ ਦੇਣਾ, ਜੁਮਲਾ ਮੁਸ਼ਤਰਕਾ ਮਾਲਕਾਨ ਤੇ ਅਬਾਦਕਾਰ ਵਾਲੀ ਜ਼ਮੀਨ ਕਿਸਾਨਾਂ ਦੇ ਨਾਮ ਕਰਨ, ਘਰਾਂ ਵਿੱਚ ਬਿਜਲੀ ਦੇ ਸਮਾਰਟ ਮੀਟਰ ਲਗਾਉਣੇ ਤੁਰੰਤ ਬੰਦ ਕਰਨ,
ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੇ ਮੜੇ ਕੇਸ ਰੱਦ ਕਰਨ, ਬਣਾਏ ਜਾ ਰਹੇ ਹਾਈਵੇਆਂ ਦੇ ਨੀਚੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ, ਨਸ਼ਿਆ ਦੇ ਰੋਕ ਥਾਮ ਕਰਨ, ਫਗਵਾੜਾ ਖੰਡ ਮਿੱਲ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਕਿਸਾਨਾਂ ਦੀ ਪੈਮੇਂਟ ਸਰਕਾਰ ਦੀ ਜ਼ਿੰਮੇਵਾਰੀ ਕਰਨ ਅਤੇ ਮੀਟਿੰਗਾਂ ਵਿੱਚ ਹੋਰ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਨੂੰ ਲਈ ਕੇ 18 ਜੱਥੇਬੰਦੀਆ ਪਹਿਲਾਂ ਹੀ ਸੰਘਰਸ਼ ਕਰ ਰਹੀਆਂ ਹਨ। ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋ 20 ਅਕਤੂਬਰ ਨੂੰ ਮੋਹਾਲੀ ਚੱਲੋ ਸੱਦੇ ਨੂੰ ਕਾਮਯਾਬ ਬਣਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਚੜ੍ਹ ਕੇ ਮੋਹਾਲੀ ਪ੍ਰੋਗਰਾਮ ਵਿੱਚ ਪਹੁੰਚਣ।