ਆਮ ਲੋਕਾਂ ’ਚ ਬੈਠੇ ਆਪ ਵਿਧਾਇਕ ਨੂੰ ਮਨਾਉਂਦੇ ਰਹੇ ਸਰਕਾਰੀ ਅਧਿਕਾਰੀ
- ਸਰਕਾਰੀ ਅਧਿਕਾਰੀਆਂ ਦੇ ਮਨਾਉਣ ਬਾਵਜੂਦ ਆਪ ਵਿਧਾਇਕ ਨੇ ਸਾਂਝੀ ਨਾ ਕੀਤੀ ਸਟੇਜ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਨਿੱਜੀ ਫਾਰਮ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਰੱਖਿਆ ਸਰਕਾਰੀ ਪ੍ਰੋਗਰਾਮ ਉਸ ਸਮੇਂ ਵਿਵਾਦਾਂ ’ਚ ਆ ਗਿਆ ਜਦੋਂ ਸਰਕਾਰੀ ਸਮਾਰੋਹ ਦੌਰਾਨ ਹਲਕੇ ਦੇ ਆਪ ਵਿਧਾਇਕ ਨੇ ਕੈਬਨਿਟ ਮੰਤਰੀ ਨਾਲ ਸਟੇਜ ਸਾਂਝੀ ਕਰਨ ਥਾਂ ਆਮ ਲੋਕਾਂ ’ਚ ਬੈਠਣ ਨੂੰ ਤਰਜੀਹ ਦੇ ਦਿੱਤੀ। ਦੱਸਣਯੋਗ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਹਲਕਾ ਨਾਭਾ ਵਿਖੇ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਦੇ ਉਦਘਾਟਨ ਸੰਬੰਧੀ ਪ੍ਰੋਗਰਾਮ ਰੱਖਿਆ ਸੀ ਜਿਸ ਦਾ ਚੋਣਵੇਂ ਪੱਤਰਕਾਰਾਂ ਨੂੰ ਭੇਜਿਆ ਸੱਦਾ ਪੱਤਰ ਜਿੱਥੇ ਚਰਚਾ ਦਾ ਵਿਸ਼ਾ ਬਣ ਗਿਆ ਉਥੇ ਸੱਦਾ ਪੱਤਰ ’ਚ ਦਿੱਤੇ ਵੇਰਵੇ ’ਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਨਦਾਰਦ ਨਾਮ ਨੇ ਸਿਆਸੀ ਸਵਾਲਾਂ ਨੂੰ ਜਨਮ ਦੇ ਦਿੱਤਾ। (MLA Gurdev Dev Mann)
ਇਹ ਵੀ ਪੜ੍ਹੋ : ਮੋਹਾਲੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਅੱਗ, ਅੱਠ ਲੋਕ ਝੁਲਸੇ
ਵੇਰਵੇ ਅਨੁਸਾਰ ਉਦਘਾਟਨ ਦੀ ਜਿੰਮੇਵਾਰੀ ਪੰਜਾਬ ਦੇ ਬਾਗਬਾਨੀ, ਸੂਚਨਾ ਤੇ ਲੋਕ ਸੰਪਰਕ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੰਭਾਲੀ। ਇਸ ਮੌਕੇ ਹਲਕਾ ਨਾਭਾ ਤੋਂ ਸਰਗਰਮ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਜੱਸੀ ਸੋਹੀਆ ਵਾਲਾ ਲਗਾਤਾਰ ਕੈਬਨਿਟ ਮੰਤਰੀ ਜੋੜੇਮਾਜਰਾ ਅਤੇ ਹਾਜਰੀਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਸਥਿਤੀ ਉਸ ਸਮੇਂ ਦਿਲਚਸਪ ਹੋ ਗਈ ਜਦੋਂ ਹਲਕੇ ਤੋਂ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਰਕਾਰੀ ਸਮਾਰੋਹ ’ਚ ਦਾਖਲਾ ਲਿਆ ਅਤੇ ਕੈਬਨਿਟ ਮੰਤਰੀ ਨਾਲ ਸਟੇਜ ਸਾਂਝੀ ਕਰਨ ਦੀ ਥਾਂ ਆਉਦੇ ਹੀ ਉਹ ਆਮ ਲੋਕਾਂ ਨਾਲ ਬੈਠ ਗਏ।
ਆਪ ਵਿਧਾਇਕ ਦੇ ਇਸ ਵਿਵਹਾਰ ਨਾਲ ਸਮਾਰੋਹ ਅਤੇ ਸਰਕਾਰੀ ਅਧਿਕਾਰੀਆਂ ’ਚ ਖੱਲਬਲੀ ਮੱਚ ਗਈ। ਕੁੱਝ ਸਮੇਂ ਬਾਦ ਆਪ ਵਿਧਾਇਕ ਨੂੰ ਮਨਾਉਂਦੇ ਖੇਤੀਬਾੜੀ ਅਧਿਕਾਰੀ ਵਿਧਾਇਕ ਨੂੰ ਟਸ ਤੋਂ ਮਸ ਹੁੰਦੇ ਦੇਖ ਹਾਰ ਗਏ ਅਤੇ ਸਮਾਰੋਹ ਚਲਾਉਣ ਲੱਗੇ। ਦੂਜੇ ਪਾਸੇ ਹਲਕਾ ਵਿਧਾਇਕ ਦੇਵ ਮਾਨ ਆਪਣੇ ਸਮੱਰਥਕਾ ਨਾਲ ਬਿਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੱਤੇ ਸਰਕਾਰੀ ਸਮਾਰੋਹ ਤੋਂ ਰਵਾਨਾ ਹੋ ਗਏ। ਅੱਜ ਦੇ ਵਾਪਰੇ ਸਿਆਸੀ ਘਟਨਾਕ੍ਰਮ ਅਤੇ ਖੇਤੀਬਾੜੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਅੱਜ ਦਾ ਸਰਕਾਰੀ ਸਮਾਰੋਹ ਵਿਧਾਇਕ ਵਰਸਿਜ਼ ਚੇਅਰਮੈਨ ਬਣ ਕੇ ਰਹਿ ਗਿਆ ਅਤੇ ਆਪ ਪਾਰਟੀ ਦੀ ਅੰਦਰੂਨੀ ਲੜਾਈ ਨੂੰ ਆਮ ਲੋਕਾਂ ਦੇ ਸਾਹਮਣੇ ਲਿਆ ਦਿੱਤਾ। ਅੱਜ ਦੇ ਸਿਆਸੀ ਦਿਖਾਵੇ ਦੇ ਆਗਾਮੀ ਸਮੇਂ ’ਚ ਕੀ ਨਤੀਜੇ ਹੋਣਗੇ, ਉਸ ਲਈ ਭਾਵੇਂ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਹਲਕੇ ’ਚ ਚਰਚਾਵਾਂ ਦਾ ਦੌਰ ਜਰੂਰ ਸ਼ੁਰੂ ਹੋ ਗਿਆ ਹੈ।