ਅਣ-ਅਧਿਕਾਰਤ ਝੋਨੇ ਜਾਂ ਚਾਵਲ ਦੀ ਆਮਦ ਹੋਣ ’ਤੇ ਦੋਸ਼ੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਜੂਦਾ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਝੋਨੇ ਜਾਂ ਚੌਲਾਂ ਦੀ ਬੋਗਸ ਖਰੀਦ/ ਗ਼ੈਰ ਕਾਨੂੰਨੀ ਰੀਸਾਇਲਿੰਗ ਕਰਨ ਦੇ ਖਦਸ਼ਿਆਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ ਪੁਲਿਸ ਸਮੇਤ ਵੱਖ-ਵੱਖ ਟੀਮਾਂ ਗਠਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। (Patiala News)
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਫ਼ ਸੀਜਨ 2023-24 ਦੌਰਾਨ ਝੋਨੇ ਦੀ ਖਰੀਦ ਦਾ ਸੀਜਨ ਮਿਤੀ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸਮੂਹ ਖਰੀਦ ਏਜੰਸੀਆਂ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਸਥਾਪਤ ਕੀਤੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੇ ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਕੀਤੀ ਜਾਣੀ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਪਰੰਤੂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੂਜੇ ਰਾਜਾਂ ਤੋਂ ਘੱਟ ਰੇਟ ’ਤੇ ਝੋਨਾ/ਚਾਵਲ ਖਰੀਦ ਕੇ ਪੰਜਾਬ ਵਿੱਚ ਐਮ.ਐਸ.ਪੀ. ’ਤੇ ਵੇਚਣ ਲਈ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਅਣਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਆਮਦ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਐਸ.ਡੀ.ਐਮਜ਼ ਦੀ ਅਗਵਾਈ ਹੇਠ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਡਿਪਟੀ ਕਮਿਸ਼ਨਰ ਨੇ ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਐਸ.ਡੀ.ਐਮਜ਼, ਜ਼ਿਲ੍ਹਾ ਮੰਡੀ ਅਫ਼ਸਰ, ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੂੰ ਭੇਜ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਪੱਧਰ ’ਤੇ ਪੁਲਿਸ ਟੁੱਕੜੀਆਂ ਦੂਜੇ ਸੂਬਿਆਂ ਦੇ ਨਾਲ ਲੱਗਦੇ ਬੈਰੀਅਰਾਂ ਉਪਰ ਪੁਲਿਸ ਨਾਕੇ ਲਗਾਕੇ ਹਰ ਮਾਰਕੀਟ ਕਮੇਟੀ ਪੱਧਰ ਉਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ ਦੀ ਚੈਕਿੰਗ ਕੀਤੀ ਜਾਵੇਗੀ। ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ ਖਾਸ ਤੌਰ ਉਤੇ ਰੋਜ਼ਾਨਾ ਸ਼ਾਮ ਜਾਂ ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗ਼ੈਰ ਕਾਨੂੰਨੀ ਝੋਨੇ ਅਤੇ ਚਾਵਲ ਦੇ ਪਾਏ ਜਾਣ ਵਾਲੇ ਟਰੱਕ ਜਾਂ ਗੁਦਾਮ ਜਬਤ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੀ ਜਾਵੇਗੀ। (Patiala News)