ਕਿੱਥੇ ਖ਼ਰਚ ਕਰ ਦਿੱਤੈ ਕਰਜ਼ ਵਿੱਚ ਲਏ 50 ਹਜ਼ਾਰ ਕਰੋੜ ਰੁਪਏ, ਹਿਸਾਬ ਕਿਤਾਬ ਦੇਵੇ ਮੁੱਖ ਮੰਤਰੀ (Banwari Lal Purohit)
- ਆਰਡੀਐਫ ਦਾ ਮਾਮਲਾ ਸੁਪਰੀਮ ਕੋਰਟ ’ਚ ਵਿਚਾਰਧੀਨ, ਨਹੀਂ ਕਰ ਸਕਦੈ ਜਿਆਦਾ ਕੁਝ : ਰਾਜਪਾਲ
(ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜ਼ਕਾਲ ਦੌਰਾਨ ਲਏ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ ਕਿਥੇ ਖ਼ਰਚ ਕਰ ਦਿੱਤਾ ਹੈ ? ਇਸ ਸੁਆਲ ਨੂੰ ਮੁੱਖ ਰਖਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਮੁੱਖ ਮੰਤਰੀ ਤੋਂ 50 ਹਜ਼ਾਰ ਕਰੋੜ ਰੁਪਏ ਦਾ ਹਿਸਾ ਕਿਤਾਬ ਪੁੱਛਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੱਤਰ ਲਿਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੱਡਾ ਨਿਸ਼ਾਨਾ ਲਗਾਇਆ ਹੈ। ਇਸ ਨਾਲ ਹੀ ਆਰਡੀਐਫ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੱਕ ਇੰਤਜ਼ਾਰ ਕਰਨ ਲਈ ਕਿਹਾ ਹੈ। ਜਿਸ ਤੋਂ ਸਾਫ ਜਾਹਰ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਆਰਡੀਐਫ ਮਾਮਲੇ ਵਿੱਚ ਕੁਝ ਵੀ ਨਹੀਂ ਕਰਨਗੇ, ਜਦੋਂ ਕਿ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਕਿਤਾਬ ਪੁੱਛ ਕੇ ਸਰਕਾਰ ਨੂੰ ਹੋਰ ਜਿਆਦਾ ਮੁਸ਼ਕਿਲ ਵਿੱਚ ਪਾ ਦਿੱਤਾ ਗਿਆ ਹੈ। (Banwari Lal Purohit)
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰ ਲਿਖਦੇ ਹੋਏ ਕੇਂਦਰ ਕੋਲ ਆਰਡੀਐਫ ਦੇ ਫਸੇ ਹੋਏ 5637 ਕਰੋੜ ਰੁਪਏ ਨੂੰ ਲੈ ਕੇ ਦੇਣ ਲਈ ਕੇਂਦਰ ਅੱਗੇ ਮੁੱਦਾ ਚੁੱਕਣ ਦੀ ਮੰਗ ਕੀਤੀ ਸੀ। ਇਸ ਵਿੱਚ ਮੁਕੰਮਲ ਡਿਟੇਲ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਸੀ। ਮੁੱਖ ਮੰਤਰੀ ਦੇ ਪੱਤਰ ਲਿਖਣ ਤੋਂ ਬਾਅਦ 24 ਘੰਟੇ ਵਿੱਚ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਾਪਸੀ ਪੱਤਰ ਲਿਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਮੁਸ਼ਕਿਲ ਖੜੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇਸ ਵਾਰ ਦੀਵਾਲੀ ’ਤੇ ਨਹੀਂ ਚੱਲਣਗੇ ਪਟਾਕੇ
ਬਨਵਾਰੀ ਲਾਲ ਪੁਰੋਹਿਤ ਵੱਲੋਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਆਰਡੀਐਫ ਮਾਮਲੇ ਵਿੱਚ ਕੀਤੀ ਗਈ ਬੇਨਤੀ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜ਼ਰੂਰ ਚੁੱਕਿਆ ਜਾਏਗਾ ਅਤੇ ਰਾਜਪਾਲ ਆਪਣੀ ਡਿਊਟੀ ਨੂੰ ਚੰਗੀ ਤਰਾਂ ਨਿਭਾਉਣ ਤੋਂ ਪਿੱਛੇ ਨਹੀਂ ਹਟਣਗੇ ਪਰ ਇਹ ਮਾਮਲ ਚੁੱਕਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪੁੱਜ ਗਈ ਹੈ। ਇਸ ਲਈ ਸੁਪਰੀਮ ਕੋਰਟ ਦੇ ਫੈਸਲੇ ਆਉਣ ਤਕ ਦਾ ਇੰਤਜਾਰ ਕੀਤਾ ਜਾਣਾ ਚਾਹੀਦਾ ਹੈ। (Banwari Lal Purohit)
ਇਥੇ ਹੀ ਉਨਾਂ ਲਿਖਿਆ ਹੈ ਕਿ ਉਨਾਂ ਦੀ ਜਾਣਕਾਰੀ ਵਿੱਚ ਆਇਆ ਹੈ ਕਿ ਇਸ ਸਰਕਾਰ ਵੱਲੋਂ ਹੁਣ ਤੱਕ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਹੈ। ਇਸ 50 ਹਜ਼ਾਰ ਕਰੋੜ ਰੁਪਏ ਦੀ ਵੱਡੀ ਰਕਮ ਨੂੰ ਕਿਥੇ ਖ਼ਰਚ ਕੀਤਾ ਗਿਆ ਹੈ, ਇਸ ਬਾਰੇ ਡਿਟੇਲ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਆਰਡੀਐਫ ਦੇ ਮੁੱਦੇ ਨੂੰ ਚੁੱਕਣ ਮੌਕੇ ਇਹ ਦੱਸਿਆ ਜਾ ਸਕੇ ਕਿ ਪੰਜਾਬ ਸਰਕਾਰ ਹਰ ਇੱਕ ਪੈਸੇ ਨੂੰ ਸਮਾਜ ਕਲਿਆਨ ਲਈ ਜਿੰਮੇਵਾਰ ਤਰੀਕੇ ਨਾਲ ਖ਼ਰਚ ਕੀਤਾ ਗਿਆ ਹੈ। ਇਸ ਲਈ ਜਲਦ ਤੋਂ ਜਲਦ ਇਹ ਜਾਣਕਾਰੀ ਮੁਹੱਈਆ ਕਰਵਾਈ ਜਾਵੇ।