ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ

Patients

ਵਿਸ਼ਵ ਮਰੀਜ਼ ਸੁਰੱਖਿਆ ਦਿਵਸ ’ਤੇ ਵਿਸ਼ੇਸ਼ | Patients

ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਹਰ ਸਾਲ 17 ਸਤੰਬਰ ਨੂੰ ਮਰੀਜਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੁਰੱਖਿਅਤ ਸਿਹਤ ਸਹੂਲਤਾਂ ਦੀ ਜਰੂਰਤ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਮਰੀਜ ਸੁਰੱਖਿਆ ਦਿਵਸ 2023 ਦਾ ਥੀਮ ਹੈ, ‘ਮਰੀਜਾਂ ਨੂੰ ਮਰੀਜਾਂ ਦੀ ਸੁਰੱਖਿਆ ਲਈ ਉਤਸ਼ਹਿਤ ਕਰਨਾ’। ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਵਿਸ਼ਵ ਸਿਹਤ ਸਗੰਠਨ ਦੁਆਰਾ ਅਧਿਕਾਰਿਤ ਸੰਸਾਰ ਆਮ ਸਿਹਤ ਸੁਰੱਖਿਆ ਸਬੰਧਿਤ ਦਿਨਾਂ ਵਿੱਚੋਂ ਇੱਕ ਹੈ।

ਇਸ ਦਿਵਸ ਨੂੰ ਮਨਾਉਣ ਦੀ ਇਹ ਮਾਨਤਾ ਹੈ ਕਿ ਸੁਰੱਖਿਅਤ ਸਿਹਤ ਸਹੂਲਤਾਂ ਲਈ ਮਰੀਜਾਂ ਦਾ ਆਪਣਾ, ਪਰਿਵਾਰਿਕ ਮੈਂਬਰਾਂ ਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਦਾ ਸਮੂਹਿਕ ਰੋਲ ਹੁੰਦਾ ਹੈ। ਅਜਿਹੇ ਸਬੂਤ ਪਾਏ ਗਏ ਹਨ ਕਿ ਜੇ ਮਰੀਜ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਾਲੀ ਸਮੁੱਚੀ ਟੀਮ ਦਾ ਹਿੱਸੇਦਾਰ ਬਣਾਇਆ ਜਾਵੇ ਤਾਂ ਮਰੀਜ਼ ਦੀ ਸੰਤੁਸ਼ਟੀ ਅਤੇ ਇਲਾਜ ਪ੍ਰਣਾਲੀ ਦੇ ਵਧੀਆ ਨਤੀਜਿਆਂ ਦੀ ਪ੍ਰਾਪਤੀ ਹੁੰਦੀ ਹੈ ਸਿਹਤ ਸੁਰੱਖਿਆ ਟੀਮ ਦੇ ਕਿਰਿਆਸ਼ੀਲ ਮੈਂਬਰ ਬਣ ਕੇ ਖੁਦ ਮਰੀਜ ਹੀ ਸਿਹਤ ਸੁਰੱਖਿਆ ਪ੍ਰਣਾਲੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ

ਮਰੀਜ਼ਾਂ ਦੀ ਅਵਾਜ ਬੁਲੰਦ ਕਰੋ (ਐਲੀਵੇਟ ਦ ਵੋਆਇਸ ਔਫ ਪੇਸ਼ੈਂਟਸ) ਦੇ ਸਲੋਗਨ ਤਹਿਤ ਵਿਸ਼ਵ ਸਿਹਤ ਸੰਗਠਨ ਵੱਲੋਂ ਸਿਹਤ ਸਹੂਲਤਾਂ ਪਾਲਿਸੀਆਂ ਬਣਾਉਣ ਵਾਲਿਆਂ ਨੂੰ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਸਿਹਤ ਸਹੂਲਤਾਂ ਨਾਲ ਸਬੰਧਿਤ ਪਾਲਿਸੀ ਬਣਾਉਣ ਸਮੇਂ ਮਰੀਜ਼ਾਂ ਦੀ ਵੀ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਮਰੀਜ਼ ਆਪਣੀ ਸਿਹਤ ਸੁਰੱਖਿਆ ਲਈ ਸਹੀ ਰਣਨੀਤੀ ਬਣਾ ਸਕਣ। ਮਰੀਜ਼, ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਸਮੁਦਾਇ ਆਦਿ ਮਿਲ ਕੇ ਸਿਹਤ ਸਹੂਲਤਾਂ ਲਈ ਆਪਣੀਆਂ ਉਮੀਦਾਂ, ਚਿੰਤਾਵਾਂ, ਮਰੀਜ ਕੇਂਦਰਿਤ ਇਲਾਜ ਪ੍ਰਣਾਲੀ, ਮਰੀਜ ਦਾ ਸਿਹਤ ਸਹੂਲਤਾਂ ਵਿੱਚ ਵਿਸ਼ਵਾਸ ਤੇ ਬਰਾਬਰਤਾ ਲਈ ਆਪਣੀ-ਆਪਣੀ ਅਵਾਜ ਉਠਾ ਸਕਣ, ਇਸ ਲਈ ਉਨ੍ਹਾਂ ਨੂੰ ਉੱਚਿਤ ਪਲੇਟਫਾਰਮ ਮੁਹੱਈਆ ਕਰਵਾਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਤੜਕਸਾਰ ਆਈ ਬੁਰੀ ਖ਼ਬਰ, ਹਾਦਸੇ ‘ਚ ਚਾਰ ਦੀ ਮੌਤ

ਅਜੋਕੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਡਾਕਟਰਾਂ ਅਤੇ ਹੋਰ ਸਿਹਤ ਕਰਮੀਆਂ ਕੋਲ ਮਰੀਜ਼ ਲਈ ਉੱਚਿਤ ਸਮਾਂ ਹੀ ਨਹੀਂ ਹੁੰਦਾ ਜਿਸ ਕਾਰਨ ਨਾ ਮਰੀਜ ਆਪਣੀ ਬਿਮਾਰੀ, ਲੱਛਣਾਂ ਅਤੇ ਸਿਹਤ ਸਹੂਲਤ ’ਤੇ ਆਉਣ ਵਾਲੇ ਖਰਚ ਬਾਰੇ ਖੁੱਲ੍ਹ ਕੇ ਜਿਕਰ ਕਰ ਸਕਦਾ ਹੈ ਤੇ ਨਾ ਹੀ ਡਾਕਟਰ ਸ਼ਤ ਪ੍ਰਤੀਸ਼ਤ ਬਿਮਾਰੀ ਦੀ ਜਾਂਚ ਕਰਕੇ ਮਰੀਜ ਨੂੰ ਘੱਟ ਤੋਂ ਘੱਟ, ਸਿਰਫ ਲੋੜੀਂਦੀ ਦਵਾਈ ਲਿਖਦਾ ਹੈ। ਬਿਮਾਰੀ ਦੇ ਕਾਰਨ ਦੀ ਦਵਾਈ ਨਾ ਲੈ ਕੇ ਵਧੇਰੇ ਰੋਗੀ ਸਿਰਫ ਲੱਛਣਾਂ ਅਧਾਰਿਤ ਅਣਲੋੜੀਂਦੀਆਂ ਦਵਾਈਆਂ ਦਾ ਸੇਵਨ ਕਰਦੇ ਰਹਿੰਦੇ ਹਨ ਜਿਸ ਦਾ ਨਤੀਜਾ ਇਹ ਕਿ ਅੱਜ ਲੱਖਾਂ ਮਰੀਜ ਦਵਾਈਆਂ ਦੇ ਦੁਸ਼ਪ੍ਰਭਾਵ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਕਿ ਗੁਰਦੇ ਫੇਲ੍ਹ ਹੋਣਾ ਆਦਿ ਤੋਂ ਪੀੜਤ ਹਨ।

ਰਾਜ ਅਤੇ ਕੇਂਦਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਰੀਜਾਂ ਅਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਦੇਖਭਾਲ ਕਰਨ ਵਾਲੇ ਪੈਰਾਮੈਡੀਕਲ ਸਟਾਫ ਦੇ ਸਹੀ ਅਨੁਪਾਤ ਦਾ ਪ੍ਰੋਟੋਕੋਲ ਬਣਾਇਆ ਜਾਵੇ ਤੇ ਹਰ ਸਿਹਤ ਕੇਂਦਰ ਵਿੱਚ ਯੋਗ ਮਨੋਵਿਗਿਆਨੀਆਂ ਦੀ ਭਰਤੀ ਕੀਤੀ ਜਾਵੇ ਤਾਂ ਕਿ ਮਰੀਜ ਖੁੱਲ੍ਹ ਕੇ ਆਪਣੀ ਸਮੱਸਿਆ, ਉਸਦੇ ਹੱਲ ਤੇ ਹੋਰ ਦਿੱਕਤਾਂ ਪ੍ਰਤੀ ਵਿਚਾਰ-ਵਿਟਾਂਦਰਾ ਕਰ ਸਕੇ।  ਵੱਖ-ਵੱਖ ਬਿਮਾਰੀਆਂ ਵਾਲੇ ਮਰੀਜਾਂ ਨਾਲ ਸਬੰਧਿਤ ਸਰਕਾਰੀ ਸਕੀਮਾਂ ਬਾਰੇ ਮਰੀਜਾਂ ਨੂੰ ਜਾਗਰੂਕ ਕਰਨ ਲਈ ਵੀ ਮਨੋਵਿਗਿਆਨੀਆਂ ਨੂੰ ਟ੍ਰੇਨਿੰਗ ਦੇ ਕੇ ਮਰੀਜਾਂ ਦੇ ਮਾਰਗਦਰਸ਼ਨ ਲਈ ਪਹਿਲਕਦਮੀਆਂ ਕੀਤੀਆਂ ਜਾਣ। ਸੋ ਆਉ! ਪ੍ਰਣ ਕਰੀਏ ਕਿ ਸਮੁੱਚੇ ਭਾਰਤ ਨੂੰ ਵਿਸ਼ਵ ਵਿੱਚ ਸਿਹਤ ਸਹੂਲਤਾਂ ਵਿੱਚ ਨੰਬਰ ਇੱਕ ’ਤੇ ਲੈ ਕੇ ਆਉਣ ਲਈ ਆਪਣਾ ਯੋਗਦਾਨ ਪਾਈਏ।

ਵਿਨੋਦ ਗਰਗ
ਮਨੋਵਿਗਿਆਨੀ, ਮੋ. 98763-71788