ਬਾਜ਼ਾਰ ਹੋਏ ਬੰਦ, ਲੋਕ ਪਾਣੀ ‘ਚ ਘਿਰੇ, ਬਿਜਲੀ ਗੁੱਲ | Rain in Sangrur
ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਸੰਗਰੂਰ ਵਿਖੇ ਸਵੇਰ ਵੇਲੇ ਭਾਰੀ ਮੀਂਹ ਕਾਰਨ ਗਲੀਆਂ ਮੁਹੱਲਿਆਂ ਵਿੱਚ ਕਈ ਕਈ ਫੁਟ ਪਾਣੀ ਚੜ੍ਹ ਗਿਆ (Rain in Sangrur) ਜਿਸ ਕਾਰਨ ਲੋਕ ਡਰ ਗਏ। ਸੰਗਰੂਰ ਵਾਸੀਆਂ ਮੁਤਾਬਕ ਅਜਿਹਾ ਭਾਰੀ ਮੀਂਹ ਪਿਆ ਪਹਿਲਾਂ ਕਦੇ ਵੇਖਿਆ ਨਹੀਂ। ਮੀਂਹ ਏਨੇ ਜ਼ੋਰ ਦੀ ਪੈ ਰਿਹਾ ਸੀ, ਲੋਕ ਘੰਟਿਆਂ ਬੱਧੀ ਵੱਖ ਵੱਖ ਥਾਵਾਂ ਤੇ ਬੁਰੀ ਤਰ੍ਹਾਂ ਘਿਰ ਗਏ ਤੇ ਉਹਨਾਂ ਨੂੰ ਬਾਹਰ ਨਿਕਲਣ ਲਈ ਕਿਰਾਏ ਤੇ ਸਾਧਨ ਕਰਨੇ ਪਏ।
ਜਾਣਕਾਰੀ ਮੁਤਾਬਿਕ ਅੱਜ ਮੀਂਹ ਕਾਰਨ ਸੁਨਾਮ ਰੋਡ, ਨਾਭਾ ਗੇਟ, ਬੱਸ ਸਟੈਂਡ ਤੇ ਆਸ-ਪਾਸ ਦੇ ਇਲਾਕਿਆ ਵਿੱਚ ਪਾਣੀ ਖੜਨ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਬਿਜਲੀ ਵੀ ਸਵੇਰ ਤੋਂ ਗੁਲ ਹੈ। ਲੋਕਾਂ ਨੂੰ ਇਕ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਕਾਫ਼ੀ ਸਮਾਂ ਇੰਤਜਾਰ ਕਰਨਾ ਪਿਆ। ਪ੍ਰੇਮ ਬਸਤੀ ਰੋਡ ਤੇ ਮੀਂਹ ਕਰਕੇ 3 ਫੁੱਟ ਪਾਣੀ ਖੜ ਗਿਆ ਜੋ ਅੱਜ ਤੋਂ ਪਹਿਲਾਂ ਕਦੇ ਦੇਖਿਆ ਨਹੀਂ ਸੀ। ਮੀਂਹ ਕਾਰਨ ਲੋਕਾਂ ਨੂੰ ਦੂਜੀ ਥਾਂ ਜਾਣ ਲਈ ਰਿਕਸ਼ਾ ਲੈਣਾ ਪਿਆ। ਇਸ ਮੀਂਹ ਨਾਲ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਹੈ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ। ਇਸ ਤੋਂ ਇਲਾਵਾ ਮੀਂਹ ਨਾਲ ਕਿਸਾਨਾਂਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਝੋਨੇ ਲਈ ਲਾਹੇਵੰਦ ਹੈ ਮੀਂਹ : ਖੇਤੀਬਾੜੀ ਅਫ਼ਸਰ
ਇਸ ਸੰਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਮੁੱਖ ਖੇਤੀ ਬਾੜੀ ਅਫਸਰ ਹਰਬੰਸ ਸਿੰਘ ਨੇ ਕਿਹਾ ਇਹ ਮੀਂਹ ਝੋਨੇ ਦੀ ਫ਼ਸਲ ਲਈ ਬਹੁਤ ਵਧੀਆ ਹੈ। ਓਹਨਾ ਕਿਹਾ ਕਿ ਗਰਮੀ ਕਰਨ ਝੋਨੇ ਨੂੰ ਪੱਤਾ-ਲਪੇਟ ਸੁੰਡੀ ਪੈ ਰਹੀ ਸੀ ਇਸ ਮੀਂਹ ਕਾਰਨ ਉਸ ਤੋਂ ਬਚਾਅ ਹੋ ਜਾਵੇਗਾ।