ਪੌਲੀਨੈੱਟ ਹਾਊਸ ਵਿੱਚ ਹਾਈਬਿ੍ਰਡ ਖੀਰੇ ਦੀ ਕਾਸ਼ਤ

Cucumber in Polynet

ਖੀਰੇ ਦੀ ਖੇਤੀ | ਖੀਰਿਆਂ ਦੀ ਖੇਤੀ ਕਿਵੇਂ ਕਰੀਏ?

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਪੌਲੀ ਨੈੱਟ (Cucumber in Polynet) ਹਾਊਸ ਵਿੱਚ ਕਾਸ਼ਤ ਕਰਨ ਲਈ ਬੀਜ ਰਹਿਤ ਖੀਰੇ ਦੀ ਨਵੀਂ ਦੋਗਲੀ ਕਿਸਮ ‘ਪੀ. ਕੇ. ਐਚ-11’ ਦੀ ਸਿਫਾਰਿਸ਼ ਕੀਤੀ ਹੈ।

ਪੀ. ਕੇ. ਐਚ.-11: | Cucumber in Polynet

ਇਹ ਖੀਰੇ ਦੀ ਦੋਗਲੀ ਕਿਸਮ ਹੈ ਜਿਸ ਦੇ ਫੁੱਲਾਂ ਨੂੰ ਫਲ ਬਣਨ ਲਈ ਪਰਪ੍ਰਾਗਣ ਦੀ ਲੋੜ ਨਹੀਂ ਹੁੰਦੀ ਅਤੇ ਬੂਟੇ ਦੀ ਹਰ ਗੰਢ ’ਤੇ 1 ਤੋਂ 2 ਫਲ ਲੱਗਦੇ ਹਨ। ਇਸ ਕਿਸਮ ਦੀ ਕਾਸ਼ਤ ਸਿਰਫ ਪੌਲੀ ਹਾਊਸ ਵਿਚ ਹੀ ਸਿਫਾਰਸ਼ ਕੀਤੀ ਗਈ ਹੈ। ਫ਼ਲ ਗੂੜੇ੍ਹ ਹਰੇ, ਕੂਲੇ, ਕੁੜੱਤਣ ਤੇ ਬੀਜ ਰਹਿਤ, ਦਰਮਿਆਨੇ ਲੰਬੇ (16-18 ਸੈਂਟੀਮੀਟਰ) ਅਤੇ ਔਸਤਨ 150160 ਗ੍ਰਾਮ ਹੁੰਦੇ ਹਨ, ਜਿਨ੍ਹਾਂ ਨੂੰ ਛਿੱਲ ਲਾਹੇ ਬਿਨਾਂ ਹੀ ਖਾਧਾ ਜਾ ਸਕਦਾ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ 45 ਦਿਨਾਂ ਬਾਅਦ ਪਹਿਲੀ ਤੁੜਾਈ ਦੇ ਦਿੰਦੀ ਹੈ, ਪਰੰਤੂ ਜਨਵਰੀ ਮਹੀਨੇ ਬੀਜੀ ਫਸਲ ਪਹਿਲੀ ਤੁੜਾਈ ਲਈ 60 ਦਿਨ ਲੈਂਦੀ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ ਦਾ ਔਸਤ ਝਾੜ 320 ਕੁਇੰਟਲ ਪ੍ਰਤੀ ਏਕੜ ਤੇ ਜਨਵਰੀ ਮਹੀਨੇ ’ਚ ਬੀਜੀ ਫ਼ਸਲ ਦਾ ਔਸਤ ਝਾੜ 370 ਕੁਇੰਟਲ ਪ੍ਰਤੀ ਏਕੜ ਹੈ।

ਮੌਸਮ ਅਤੇ ਜ਼ਮੀਨ: | Cucumber in Polynet

ਖੀਰੇ ਦੇ ਬੀਜ ਜੰਮ ਲਈ ਢੱੁਕਵਾਂ ਤਾਪਮਾਨ 25 ਤੋਂ 29 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਫਸਲ ਦੇ ਵਾਧੇ ਲਈ ਦਿਨ ਦਾ ਤਾਪਮਾਨ 22 ਤੋਂ 24 ਡਿਗਰੀ ਸੈਂਟੀਗ੍ਰੇਡ ਤੇ ਰਾਤ ਦਾ ਤਾਪਮਾਨ 19 ਤੋਂ 20 ਡਿਗਰੀ ਸੈਂਟੀਗ੍ਰੇਡ ਬਹੁਤ ਅਨੁਕੂਲ ਹੁੰਦਾ ਹੈ। ਖੀਰੇ ਦੀ ਫਸਲ ਮੌਸਮੀ ਪ੍ਰਭਾਵ ਕਾਰਨ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਜ਼ਿਆਦਾ ਠੰਢ ਜਾਂ ਕੋਹਰੇ ਦਾ ਹਮਲਾ ਬਰਦਾਸ਼ਤ ਨਹੀਂ ਕਰ ਸਕਦੀ। ਜ਼ਿਆਦਾ ਸਿੱਲ੍ਹੇ ਮੌਸਮ ਵਿੱਚ ਗਿੱਚੀ ਗਲਣ ਦਾ ਰੋਗ ਹੋ ਜਾਂਦਾ ਹੈ। ਖੀਰੇ ਲਈ ਜ਼ਮੀਨ ਮੈਰਾ ਤੇ ਚੰਗੀ ਨਿਕਾਸੀ ਵਾਲੀ ਹੋਣੀ ਚਾਹੀਦੀ ਹੈ।

ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ:

ਪੌਲੀ ਨੈੱਟ ਹਾਊਸ ਵਿੱਚ ਖੀਰੇ ਦੀ ਫਸਲ ਸਾਲ ਵਿੱਚ ਦੋ ਵਾਰ ਲੱਗ ਸਕਦੀ ਹੈ। ਪਹਿਲੀ ਫਸਲ ਸਤੰਬਰ ਵਿੱਚ ਬੀਜੀ ਜਾਂਦੀ ਹੈ ਪਰ ਬੀਜਣ ਸਮੇਂ ਤਾਪਮਾਨ ਤੇ ਨਮੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਿਉਂਕਿ ਇਸ ਮੌਸਮ ਵਿੱਚ ਗਿੱਚੀ ਗਲਣ ਰੋਗ ਤੇ ਚਿੱਟੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਦੂਜੀ ਫਸਲ ਦਸੰਬਰ ਦੇ ਆਖਰੀ ਹਫਤੇ ਤੋਂ ਜਨਵਰੀ ਦਰਮਿਆਨ ਪਲਾਸਟਿਕ ਟਰੇਆਂ ਵਿੱਚ ਬੀਜੋ ਤੇ ਤਕਰੀਬਨ 30 ਦਿਨਾਂ ਬਾਅਦ ਪੌਲੀ ਨੈੱਟ ਹਾਊਸ ਵਿਚ ਲਾਉ। ਬੀਜ ਨੂੰ ਪਲਾਸਟਿਕ ਟਰੇਆਂ ਵਿੱਚ ਬੀਜੋ ਤੇ ਬਿਜਾਈ ਤੋਂ ਪਹਿਲਾਂ ਕੈਪਟਾਨ/ਥੀਰਮ/ਬਾਵਿਸਟਨ 2-3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਸਤੰਬਰ ਵਿਚ ਬੀਜੀ ਹੋਈ ਪਨੀਰੀ 12-15 ਦਿਨਾਂ ਬਾਅਦ ਪੌਲੀ ਹਾਊਸ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਮੌਸਮ ਵਿੱਚ ਪਨੀਰੀ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਵਾਸਤੇ ਪਲਾਸਟਿਕ ਨੈੱਟ ਨਾਲ ਢੱਕ ਦਿਉ। ਇਸ ਤਰ੍ਹਾਂ ਕਰਨ ਨਾਲ ਫਸਲ ਉੱਤੇ ਵਿਸ਼ਾਣੂ ਰੋਗਾਂ ਦੇ ਹਮਲੇ ਤੋਂ ਬਚਾਅ ਰਹਿੰਦਾ ਹੈ। ਇੱਕ ਏਕੜ ਵਿੱਚ ਪੌਲੀ ਨੈੱਟ ਹਾਊਸ ਵਿੱਚ 12000 ਤੋਂ 13000 ਬੂਟਿਆਂ ਦੀ ਲੋੜ ਹੈ। ਪਨੀਰੀ ਨੂੰ ਪੌਲੀ ਹਾਊਸ ਵਿੱਚ ਲਾਉਣ ਤੋਂ ਪਹਿਲਾਂ ਇਸ ਦੀਆਂ ਟਰੇਆਂ ਤੇ ਬਾਵਿਸਟਨ 2 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਛਿੜਕਾਅ ਕਰੋ।

ਬੈੱਡ ਬਣਾਉਣਾ ਅਤੇ ਡਰਿੱਪ ਪਾਈਪਾਂ ਵਿਛਾਉਣਾ

ਪੌਲੀ ਨੈੱਟ ਹਾਊਸ ਵਿੱਚ ਪਟੜੇ (ਬੈੱਡ) ਤਿਆਰ ਕਰਦੇ ਸਮੇਂ ਹੇਠਲੇ ਪਾਸਿਉਂ ਬੈੱਡ 100-110 ਸੈਂਟੀਮੀਟਰ ਚੌੜਾ ਬਣਾਉ ਤੇ ਬੈੱਡ ਤਿਆਰ ਹੋਣ ਬਾਅਦ ਉੱਪਰਲੇ ਪਾਸਿਉਂ 60 ਤੋਂ 70 ਸੈਂਟੀਮੀਟਰ ਚੌੜਾ ਰੱਖੋ। ਬੂਟੇ ਪਟੜਿਆਂ ਦੇ ਦੋਵੇਂ ਪਾਸੇ ਕਤਾਰਾਂ ਵਿੱਚ ਲਾਉ। ਇੱਕ ਕਤਾਰ ਜੋੜੇ ਵਿੱਚ ਦੂਜੀ ਕਤਾਰ ਦੇ ਬੂਟਿਆਂ ਦੀ ਬਿਜਾਈ/ਲਵਾਈ ਤਿ੍ਰਕੋਣੀ ਆਧਾਰ ਵਿਚ ਕਰੋ ਭਾਵ ਕਿ ਇੱਕ ਕਤਾਰ ਜੋੜੇ ਵਿਚ ਦੂਜੀ ਕਤਾਰ ਦੇ ਬੂਟਿਆਂ ਨੂੰ ਪਹਿਲੀ ਕਤਾਰ ਦੇ ਬੂਟਿਆਂ ਦੇ ਵਿਚਕਾਰ ਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੂਟੇ ਨੂੰ ਧੁੱਪ ਤੇ ਹਵਾ ਬਰਾਬਰ ਮਿਲਦੀ ਹੈ ਅਤੇ ਫਲ ਜ਼ਿਆਦਾ ਲੱਗਦਾ ਹੈ।

ਫਾਸਲਾ ਅਤੇ ਸਿੰਚਾਈ | Cucumber in Polynet

ਕਤਾਰਾਂ ਵਿਚਲਾ ਫਾਸਲਾ 45-50 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰੱਖੋ। ਇੱਕ ਬੈੱਡ ’ਤੇ ਦੋ ਡਰਿੱਪ ਲਾਈਨਾਂ (ਪਾਈਪਾਂ) ਵਿਛਾ ਦਿਉ। ਪਾਈਪ ਜਿਸ ਦੇ ਡਰਿੱਪਰਾਂ ਵਿਚਕਾਰ ਫਾਸਲਾ ਇੱਕ ਫੁੱਟ ਅਤੇ ਡਰਿੱਪਰ ਦੀ ਪਾਣੀ ਨਿਕਾਸੀ ਸਮਰੱਥਾ 2.0 ਲੀਟਰ ਪ੍ਰਤੀ ਘੰਟਾ ਰੱਖੋ।

ਵੇਲਾਂ ਦੀ ਕਾਂਟ-ਛਾਂਟ ਅਤੇ ਸਿਧਾਈ:

ਖੀਰੇ ਦੇ ਬੂਟੇ ਨੂੰ ਪਲਾਸਟਿਕ ਦੀ ਤਾਰ ਜਾਂ ਸੇਬੇ ਦੀ ਮੱਦਦ ਨਾਲ ਉੱਪਰ ਵੱਲ ਚਾੜ੍ਹੋ। ਬੂਟੇ ਦਾ ਵਾਧਾ ਜਦ ਤਕਰੀਬਨ 2 ਤੋਂ 3 ਫੁੱਟ ਦਾ ਹੋ ਜਾਵੇ ਤਾਂ ਬੂਟੇ ਦੇ ਹੇਠਲੇ ਪਾਸਿਉਂ ਲਗਭਗ ਇੱਕ ਫੁੱਟ ਤੱਕ ਸਾਰੇ ਫੂਲ ਮਸਲ ਦਿਓ ਤਾਂ ਜੋ ਬੂਟੇ ਦਾ ਵਾਧਾ ਉੱਪਰ ਵੱਲ ਜ਼ਿਆਦਾ ਹੋਵੇ। ਜੇ ਬੂਟੇ ਦੀ ਇੱਕ ਗੰਢ ’ਤੇ ਜ਼ਿਆਦਾ ਫੁੱਲ ਤਿਆਰ ਹੋਣ ਤੇ ਮਾਦਾ ਫੁੱਲ ਸੁੱਕਣ ਲੱਗ ਜਾਣ ਤਾਂ ਲੋੜ ਮੁਤਾਬਕ ਕੁਝ ਮਾਦਾ ਫੁੱਲਾਂ ਨੂੰ ਮਸਲਿਆ ਜਾ ਸਕਦਾ ਹੈ। ਬੂਟੇ ਤੋਂ ਨਿੱਕਲਣ ਵਾਲੀਆਂ ਕਮਜ਼ੋਰ ਸ਼ਾਖਾਵਾਂ ਨੂੰ ਕੱਟ ਦਿਉ। ਇਸ ਤਰ੍ਹਾਂ ਕਰਨ ਨਾਲ ਵੇਲਾਂ ਨਰੋਈਆਂ ਤੇ ਫਲ ਭਰਪੂਰ ਲੱਗਦਾ ਹੈ।

ਤੁੜਾਈ:

ਫਲ ਜਦ ਕੱਚੇ ਤੇ ਗੂੜ੍ਹੇ ਹਰੇ ਰੰਗ ਦੇ ਹੋਣ ਤਾਂ ਤੋੜ ਲਵੋ। ਤੁੜਾਈਆਂ ਫਲਾਂ ਦੇ ਵਾਧੇ ਅਨੁਸਾਰ 3-4 ਦਿਨ ਦੇ ਵਕਫੇ ’ਤੇ ਕਰਦੇ ਰਹੋ। ਇਸ ਨਾਲ ਨਵੇਂ ਫਲ ਜਲਦੀ ਲੱਗਦੇ ਹਨ ਅਤੇ ਝਾੜ ਵਿੱਚ ਵਾਧਾ ਵੀ ਹੁੰਦਾ ਹੈ।

ਬਿਮਾਰੀਆਂ ਤੇ ਕੀੜੇ-ਮਕੌੜੇ

ਪੌਲੀ ਨੈੱਟ ਹਾਊਸ ਵਿੱਚ ਖੀਰੇ ਤੇ ਪੀਲੇ ਧੱਬਿਆਂ ਦਾ ਰੋਗ, ਗਿੱਚੀ ਗਲਣਾ, ਝੁਲਸ ਰੋਗ, ਵਿਸ਼ਾਣੂ ਰੋਗ ਤੇ ਜੜ੍ਹ ਗੰਢ ਨਿਮਾਟੋਡ ਬਿਮਾਰੀਆਂ ਲੱਗਦੀਆਂ ਹਨ। ਕੀੜੇ-ਮਕੌੜਿਆਂ ਵਿੱਚ ਚਿੱਟੀ ਮੱਖੀ, ਤੇਲਾ, ਥਰਿੱਪ ਅਤੇ ਲਾਲ ਮਕੌੜੇ ਜੂੰ ਖੀਰੇ ਦੀ ਫਸਲ ’ਤੇ ਹਮਲਾ ਕਰਦੀਆਂ ਹਨ। ਜੜ੍ਹ ਗੰਢ ਨਿਮਾਟੋਡ ਦੀ ਬਿਮਾਰੀ ਨੂੰ ਘਟਾਉਣ ਲਈ ਜ਼ਮੀਨ ਵਿੱਚ ਸਰ੍ਹੋਂ ਦੀ ਖਲ 40 ਕਿਲੋ ਪ੍ਰਤੀ ਏਕੜ, ਨੀਮ ਕੇਕ 40 ਕਿਲੋ ਪ੍ਰਤੀ ਏਕੜ ਤੇ ਗਲੀ-ਸੜੀ ਰੂੜੀ 100 ਕਿਲੋ ਪ੍ਰਤੀ ਏਕੜ ਨੂੰ ਖੇਤ ਤਿਆਰ ਕਰਨ ਸਮੇਂ ਪਾਓ

ਧੰਨਵਾਦ ਸਹਿਤ, ਚੰਗੀ ਖੇਤੀ

LEAVE A REPLY

Please enter your comment!
Please enter your name here