ਪੰਜਾਬ ਸਰਕਾਰ ਪੈਨਸ਼ਨ ਲਾਗੂ ਕਰਨ ਦੀ ਥਾਂ ਮੁਲਾਜ਼ਮਾਂ ਨੂੰ ਤੰਗ- ਪ੍ਰੇਸ਼ਾਨ ਕਰਨ ’ਤੇ ਉਤਰੀ : ਵਿਰਕ (Old Pension)
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੁਰਾਣੀ ਪੈਨਸ਼ਨ (Old Pension) ਬਹਾਲ ਕਰਾਉਣ ਲਈ ਸੀ. ਪੀ. ਐਫ. ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਭਰ ਵਿਚ ਉਲੀਕੇ ਗਏ ਪ੍ਰੋਗਰਾਮ ਤਹਿਤ ਕਈ ਜ਼ਿਲ੍ਹਿਆਂ ਵਿਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਪਟਿਆਲਾ ’ਚ ਵੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ ਦੀ ਅਗਵਾਈ ’ਚ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਮਗਰੋਂ ਡੀ. ਸੀ. ਦਫਤਰ ਸਾਹਮਣੇ ਮਾਨ ਸਰਕਾਰ ਦਾ ਪੁਤਲਾ ਸਾੜਿਆ ਗਿਆ। ਮਿੰਨੀ ਸਕੱਤਰੇਤ ਵਿਖੇ ਇਕੱਤਰ ਹੋਏ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜ਼ਮ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੰਮ ਕੇ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਤੇ ਸਿਰਫ ਝੂਠੇ ਐਲਾਨਾਂ ਤੱਕ ਹੀ ਸੀਮਿਤ ਹੈ।
ਇਸ ਮੌਕੇ ਪ੍ਰਧਾਨ ਗੁਰਮੇਲ ਵਿਰਕ ਨੇ ਕਿਹਾ ਕਿ ਸਰਕਾਰ ਆਪ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰ ਚੁੱਕੀ ਹੈ ਤੇ ਹੁਣ ਆਪਣੇ ਵਾਅਦੇ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਤੇ ਉਲਟਾ ਪੁਰਾਣੀ ਪੈਨਸ਼ਨ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਉਤਰ ਆਈ ਹੈ। ਸਰਕਾਰ ਵਲੋਂ ਸੀ. ਪੀ. ਐਫ. ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਹੋਰ ਮੁਲਾਜ਼ਮਾਂ ਦੀਆਂ ਬਦਲੀਆਂ ਕਰਨਾ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਪੁਰਾਣੀ ਪੈਨਸ਼ਨ (Old Pension) ਬਹਾਲ ਕਰਨ ਤੋਂ ਪਿੱਛੇ ਹਟ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ ਭਗਤ ਯੂਨਿਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਨੇ ਕੀਤੀ ਭੰਨਤੋੜ, ਪੁਲਿਸ ਤਾਇਨਾਤ
ਗੁਰਮੇਲ ਸਿੰਘ ਵਿਰਕ ਨੇ ਕਿਹਾ ਕਿ ਉਹ ਬਦਲੀਆਂ ਜਾਂ ਸਰਕਾਰ ਦੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ, ਉਹ ਜਿੱਥੇ ਵੀ ਜਾਣਗੇ ਉਥੇ ਹੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਸਰਕਾਰ ਖਿਲਾਫ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਗੁਰਰਜੰਟ ਸਿੰਘ, ਜਸਵਿੰਦਰ ਸਿੰਘ, ਭਗਵਾਨ ਸਿੰਘ ਤੋਂ ਇਲਾਵਾ ਜਲ ਸਪਲਾਈ ਵਿਭਾਗ, ਭਾਸ਼ਾ ਵਿਭਾਗ, ਸਿਹਤ ਵਿਭਾਗ, ਐਕਸਾਇਜ਼ ਵਿਭਾਗ, ਡੀ. ਸੀ. ਦਫਤਰ, ਖਜ਼ਾਨਾ ਦਫਤਰ, ਮਾਰਕਿਟ ਕਮੇਟੀ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਸਨ।