(ਮਨਜੀਤ ਨਰੂਆਣਾ) ਸੰਗਤ ਮੰਡੀ। ਬੇਸ਼ੱਕ ਸੂਬਾ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਚਿੱਟੇ ਦੇ ਸਮਗਲਰਾਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਲਗਾਤਾਰ ਪਿੰਡਾਂ ’ਚ ਚਿੱਟੇ ਕਾਰਨ ਨੌਜਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਪੱਕਾ ਕਲਾਂ ’ਚ ਜਿੱਥੇ ਚਿੱਟੇ ਦੀ ਓਵਰਡੋਜ਼ (Drug )ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਬੇਸ਼ੱਕ ਬਠਿੰਡਾ ਦਿਹਾਤੀ ਦੀ ਡੀ.ਐੱਸ.ਪੀ ਹੀਨਾ ਗੁਪਤਾ ਵੱਲੋਂ ਇੱਕ ਹਫ਼ਤਾ ਪਹਿਲਾਂ ਸੈਮੀਨਾਰ ਕਰਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਚਿੱਟੇ ਦੇ ਸਮਗਲਰਾਂ ਵਿਰੁੱਧ ਸ਼ਖਤ ਕਾਰਵਾਈ ਕਰਨਗੇ, ਪ੍ਰੰਤੂ ਕੋਈ ਰੰਗ ਨਹੀਂ ਲਿਆ ਸਕਿਆ, ਇੱਕ ਘਰ ਹੋਰ ਸੱਥਰ ਵਿਛ ਗਏ।
ਜਾਣਕਾਰੀ ਅਨੁਸਾਰ ਗੁਰਦਿੱਤਾ ਸਿੰਘ (23) ਪੁੱਤਰ ਪਾਲਾ ਸਿੰਘ ਪਿਛਲੇ ਚਾਰ ਪੰਜ ਸਾਲਾਂ ਤੋਂ ਚਿੱਟੇ ਦੀ ਲਪੇਟ ’ਚ ਆਇਆ ਸੀ, ਸਵੇਰ ਸਮੇਂ ਆਪਣੇ ਘਰ ’ਚ ਹੀ ਚਿੱਟੇ ਦੇ ਟੀਕੇ ਦੀ ਓਵਰਡੋਜ਼ ਲਗਾਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਗੁਰਦਿੱਤਾ ਸਿੰਘ ਦਾ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਓ ਕੇਂਦਰ ’ਚ ਵੀ ਦਾਖਲ ਕਰਵਾਇਆ ਗਿਆ ਸੀ ਪ੍ਰੰਤੂ ਉਥੋਂ ਵੀ ਗੁਰਦਿੱਤਾ ਸਿੰਘ ਫਰਾਰ ਹੋ ਗਿਆ ਸੀ। ਗੁਰਦਿੱਤਾ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਰੱਖਦਾ ਸੀ ਅਤੇ ਉਹ ਇੱਕ ਸ਼ਰਾਬ ਫੈਕਟਰੀ ’ਚ ਦਿਹਾੜੀ ਕਰਦਾ ਸੀ, ਨਸ਼ੇ ਦੀ ਆਦਤ ਕਾਰਨ ਹੀ ਗੁਰਦਿੱਤਾ ਸਿੰਘ ਨੂੰ ਡੇਢ ਮਹੀਨਾ ਪਹਿਲਾਂ ਉਸ ਦੀ ਪਤਨੀ ਛੱਡ ਕੇ ਚਲੀ ਗਈ ਸੀ। ਜਦ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਜਬਰਜੰਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਲਗਭਗ ਇੱਕ ਹਜ਼ਾਰ ਦੇ ਕਰੀਬ ਨੌਜਵਾਨ ਚਿੱਟੇ ਦੀ ਚਪੇਟ ’ਚ ਹਨ। (Drug)
ਇਹ ਵੀ ਪੜ੍ਹੋ : ਗਰਭਪਾਤ ਤੋਂ ਬਾਅਦ ਔਰਤ ਦੀ ਮੌਤ, ਨਰਸ ਤੇ ਮਾਮਲਾ ਦਰਜ
ਉਨ੍ਹਾਂ ਦੱਸਿਆ ਕਿ ਲੋਕਾਂ ਦੇ ਜਾਗਰੂਕ ਹੋਣ ਤੋਂ ਬਾਅਦ ਹੀ ਪੁਲਿਸ ਵੱਲੋਂ ਸੈਮੀਨਾਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪੁਲਿਸ ਵੱਲੋਂ ਸੈਮੀਨਾਰ ’ਚ ਚਿੱਟੇ ਦੇ ਸਮੱਗਲਰਾਂ ਵਿਰੁੱਧ ਸ਼ਖਤ ਕਾਰਵਾਈ ਕਰਨ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਇੱਕ ਵੀ ਚਿੱਟੇ ਦੇ ਸਮਲਗਰ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ। ਪਿੰਡ ’ਚ ਹੀ ਲੋਕ ਹੀ ਚਿੱਟੇ ਵਿਰੁੱਧ ਲਾਮਬੰਦੀ ਕਰਨ ਲਈ ਵਾਰਡ ਵਾਇਜ਼ ਮੀਟਿੰਗਾਂ ਕਰ ਰਹੇ ਹਨ।