ਰੱਖੜੀ ਭੈਣ-ਭਰਾ ਦੇ ਰਿਸ਼ਤੇ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਲਾਤ ਦੇ ਅਨੁਸਾਰ ਇਸ ਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ, ਪਰ ਇਹ ਇੱਕ ਅਜਿਹਾ ਬੰਧਨ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਤਿਉਹਾਰ ਨੂੰ ਦਿਨ ਅਤੇ ਮਹੀਨਿਆਂ ਦੇ ਹਿਸਾਬ ਨਾਲ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ, ਇਸੇ ਲਈ ਤਾਂ ਇਸ ਨੂੰ ਰੱਖੜ ਪੁੰਨਿਆ ਵੀ ਆਖਿਆ ਜਾਂਦਾ। ( Rakhi Festival) ਇਸ ਤਿਉਹਾਰ ਦਾ ਆਰੰਭ ਕਦੋਂ ਹੋਇਆ, ਇਸ ਬਾਰੇ ਕਹਿਣਾ ਔਖਾ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੱਧਕਾਲੀ ਰਾਜਪੂਤ ਇਸਤਰੀਆਂ ਯੁੱਧ ਦੇ ਮੈਦਾਨ ਵਿਚ ਜਾ ਰਹੇ ਆਪਣੇ ਪਤੀਆਂ ਨੂੰ ਤਿਲਕ ਲਾ ਕੇ ਰੱਖਿਆ ਸੂਤਰ ਬੰਨ੍ਹਿਆ ਕਰਦੀਆਂ ਸਨ। ਲੇਕਿਨ ਅੱਜ-ਕੱਲ੍ਹ ਜ਼ਿਆਦਾ ਭੈਣਾਂ ਹੀ ਭਰਾਵਾਂ ਨੂੰ ਰੱਖਿਆ ਬੰਧਨ ਬੰਨ੍ਹਦੀਆਂ ਹਨ। ਇਹ ਤਿਉਹਾਰ ਬੇਸਹਾਰਿਆਂ ਦਾ ਸਹਾਰਾ ਅਤੇ ਸ਼ਕਤੀ ਦੇਣ ਵਾਲਾ ਰਿਹਾ ਹੈ। ਕਿਉਂਕਿ ਇਤਿਹਾਸ ਵਿਚ ਕਈ ਪੰਨੇ ਅਜਿਹੀਆਂ ਘਟਨਾਵਾਂ ਨਾਲ ਭਰੇ ਪਏ ਹਨ, ਜਿੱਥੇ ਸ਼ਕਤੀਸ਼ਾਲੀ ਸ਼ਾਸਕਾਂ ਨੇ ਰੱਖਿਆ ਸੂਤਰ ਬੰਨ੍ਹਾ ਕੇ ਨਿਰਬਲਾਂ ਦੀ ਰੱਖਿਆ ਕਰਨ ਦਾ ਮਹਾਨ ਕੰਮ ਕੀਤਾ।
ਰੱਖੜੀ ਦਾ ਤਿਉਹਾਰ ( Rakhi Festival)
ਇਨ੍ਹਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਚਮਕ-ਦਮਕ ਹੈ, ਜਿਸ ਨੇ ਇੱਕ ਮੁਗਲ ਸ਼ਾਸਕ ਨੂੰ ਬੰਧਨ ਵਿਚ ਬੰਨ੍ਹ ਕੇ ਆਪਣੀ ਰੱਖਿਆ ਕਰਵਾਈ। ਉਸ ਸਮੇਂ ਦਾ ਮੁਗਲ ਬਾਦਸ਼ਾਹ ਹੁਮਾਯੂੰ ਭਾਰਤੀ ਇਸਤਰੀਆਂ ਦੇ ਇਨ੍ਹਾਂ ਬੰਧਨਾਂ ਦਾ ਮੁੱਲ ਅਤੇ ਉਨ੍ਹਾਂ ਦੀ ਇੱਜਤ ਕਰਨਾ ਜਾਣਦਾ ਸੀ। ਉਸ ਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਨ੍ਹਵਾ ਕੇ ਉਸ ਨੂੰ ਭੈਣ ਬਣਾਇਆ। ਇਸ ਸਮੇਂ ਭਾਵੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ, ਇਨ੍ਹਾਂ ਮੁਸੀਬਤਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਉਹ ਆਪਣੀ ਭੈਣ ਦੀ ਇੱਜਤ ਬਚਾਉਣ ਲਈ ਚੱਲ ਪਿਆ। ਇਸ ਕਰਤੱਵ ਪਾਲਣ ਵਿਚ ਉਹ ਆਪਣਾ ਰਾਜ ਵੀ ਗੁਆ ਬੈਠਾ। Rakhi Festival
ਇਸ ਤਿਉਹਾਰ ਦੀ ਮੁਗਲਾਂ ਦੇ ਹਮਲਿਆਂ ਤੋਂ ਬਾਅਦ ਹੀ ਜ਼ਿਆਦਾ ਮਹੱਤਤਾ ਵਧੀ, ਕਿਉਂਕਿ ਹਰ ਭੈਣ ਨੂੰ ਅਸਲ ਵਿਚ ਸੁਰੱਖਿਆ ਦੀ ਬੜੀ ਲੋੜ ਸੀ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਬੀਤੇ ਸਮਿਆਂ ਵਿਚ ਪੰਜਾਬ ਅੰਦਰ ਉੱਤਰ ਵੱਲੋਂ ਹਮਲਾਵਰ ਆਉਂਦੇ ਰਹੇ, ਤੇ ਹਮਲਾਵਰ ਜਾਂਦੀ ਵਾਰੀ ਧੀਆਂ-ਭੈਣਾਂ ਨੂੰ ਫੜਕੇ ਲੈ ਜਾਂਦੇ ਰਹੇ, ਤੇ ਗੁਲਾਮ ਬਣਾ ਕੇ ਰੱਖਦੇ। ਅਜਿਹੇ ਮਾੜੇ ਵਕਤ ਵਿਚ ਭੈਣਾਂ ਨੇ ਵੀਰਾਂ ਨੂੰ ਵੰਗਾਰਨ ਵਾਸਤੇ ਇਸ ਰੱਖੜੀ ਦੀ ਰਸਮ ਨੂੰ ਅਪਣਾਇਆ। ਇਸ ਲਈ ਭੈਣਾਂ ਹਰ ਸਾਲ ਵੀਰਾਂ ਨੂੰ ਰਕਸ਼ਾ ਬੰਧਨ ਬੰਨ੍ਹ ਕੇ ਉਨ੍ਹਾਂ ਨੂੰ ਭੈਣਾਂ ਪ੍ਰਤੀ ਉਨ੍ਹਾਂ ਦਾ ਧਰਮ ਯਾਦ ਕਰਾਉਂਦਿਆਂ ਹਨ। ਬੇਸ਼ੱਕ ਅੱਜ ਦੇ ਸਮੇਂ ਅੰਦਰ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਨਿੱਘ ਤਾਂ ਨਹੀਂ ਰਹੀ, ਪਰੰਤੂ ਅਜੇ ਵੀ ਕੁੁਝ ਲੋਕ ਮੋਹ ਭਰਿਆ ਦਿਲ ਰੱਖਦੇ ਹਨ। ( Rakhi Festival)
ਰੱਖੜੀ ਦਾ ਤਿਉਹਾਰ ( Rakhi Festival)
ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ, ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਵੇਲੇ ਵੀ ਰੱਖੜੀ ਦਾ ਆਪਣਾ ਅਲੱਗ ਹੀ ਮਹੱਤਵ ਰਿਹਾ, ਕਿਉਂਕਿ ਦੇਸ਼ ਦੇ ਜਵਾਨਾਂ ਨੇ ਭਾਰਤ ਮਾਂ ਦੀ ਰੱਖਿਆ ਲਈ ਰੱਖਿਆ ਸੂਤਰ ਬਨ੍ਹਾਏ। ਭੈਣਾਂ ਨੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਤੋਰਿਆ। ਰੱਖੜੀ ਜਾਂ ਰਾਖੀ ਦਾ ਅਸਲ ਭਾਵ ਹੀ ਹੈ ਕਿ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਿਸੇ ਔਕੜ ਸਮੇਂ ਰੱਖਿਆ ਕਰਨ ਲਈ ਵਚਨਬੱਧ ਹੋਣ। ਇਹ ਤਿਉਹਾਰ ਭੈਣ-ਭਰਾਵਾਂ ਦੇ ਮਿਲਣ ਦਾ ਵੀ ਸਬੱਬ ਬਣਦਾ। ਕਿਉਂਕਿ ਇਸ ਮਸ਼ੀਨੀ ਯੁੱਗ ਵਿਚ ਇੱਕ-ਦੂਜੇ ਨੂੰ ਮਿਲਣ ਦਾ ਜਿਵੇਂ ਕਾਲ ਹੀ ਪੈ ਗਿਆ ਲੱਗਦਾ।
ਹਰ ਤਿਉਹਾਰ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਮਨੋਰਥ ਛੁਪਿਆ ਹੁੰਦਾ, ਇਸ ਲਈ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਦੋਵੇਂ ਧਿਰਾਂ ਇੱਕ-ਦੂਜੇ ਨੂੰ ਦਿਲੋਂ ਇਮਾਨਦਾਰੀ ਨਾਲ ਪਿਆਰ ਤੇ ਸਤਿਕਾਰ ਦੇਣ, ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਬੰਨ੍ਹਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਅੱਜ ਦੇ ਸਵਾਰਥੀ ਸਮੇਂ ਵਿਚ ਤਾਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਵਿਚ ਵੀ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ, ਕਿਉਂਕਿ ਇਸ ਸਵਾਰਥੀ ਯੱੁਗ ਵਿਚ ਭਰਾ ਦੇ ਸਾਹੀਂ ਜਿਊਣ ਵਾਲੀਆਂ ਭੈਣਾਂ ਜਦੋਂ ਆਪਣੇ ਘਰੇਲੂ ਕਾਰਜ ਬੱਚਿਆਂ ਦੇ ਵਿਆਹਾਂ ਵਿਚ ਨਾਨਕੀ-ਛੱਕਾਂ, ਸੱਸ-ਸਹੁਰੇ ਦੇ ਮਰਨੇ-ਪਰਨੇ ਭਰਾਵਾਂ ਕੋਲੋਂ ਪੂਰੇ ਕਰਵਾ ਲੈਣ ਤਾਂ ਕਈ ਵਾਰ ਉਸ ਤੋਂ ਬਾਅਦ ਉਹ ਭਰਾਵਾਂ ਨੂੰ ਬੇਲੋੜੀ ਚੀਜ਼ ਵਾਂਗ ਸਮਝਣ ਲੱਗ ਜਾਂਦੀਆਂ ਹਨ। ਇਸ ਲਈ ਅੱਜ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਨਹੀਂ, ਕੱਪੜੇ-ਗਹਿਣੇ ਤੇ ਪੈਸੇ ਨਾਲ ਹੀ ਪਾਇਆ ਜਾਂਦਾ।
ਇਹ ਵੀ ਪੜ੍ਹੋ : Rashbhari Sweet: ਰੱਖੜੀ ‘ਤੇ ਦਾਲ-ਚੌਲ ਨਾਲ ਬਣਾਓ ਰਸਭਰੀ, ਰਿਸ਼ਤਿਆਂ ‘ਚ ਮਿਠਾਸ ਵਧਾਓ, ਜਾਣੋ ਬਣਾਉਣ ਦਾ ਤਰੀਕਾ!
ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿੱਬੜਦਾ ਹੈ, ਜੋ ਉਮਰ ਭਰ ਰੂਹ ਨਾਲ ਲਿਪਟਿਆ ਰਹੇ। ਦੇਖਣ ਵਿਚ ਆਉਂਦਾ ਕਿ ਕੁਝ ਭੈਣਾਂ ਉਸੇ ਭਰਾ ਨੂੰ ਜ਼ਿਆਦਾ ਮਾਣ-ਸਤਿਕਾਰ ਦਿੰਦੀਆਂ ਜੋ ਉਨ੍ਹਾਂ ਦੀ ਰੱਖੜੀ ਦਾ ਜ਼ਿਆਦਾ ਮੁੱਲ ਪਾਉਂਦਾ। ਪਿਛਲੇ ਸਮਿਆਂ ਦੌਰਾਨ ਰੱਖੜੀ ਦਾ ਮੁੱਲ ਦਿਖਾਵੇ ਦੇ ਕੱਪੜੇ ਤੇ ਗਹਿਣਿਆਂ ਨਾਲ ਨਹੀਂ, ਸਗੋਂ ਮੋਹ-ਪਿਆਰ ਨਾਲ ਪੈਂਦਾ ਸੀ। ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਦੁਨੀਆਂ ਅੰਦਰ ਕਿਸੇ ਵੀ ਚੀਜ਼ ਦੀ ਕਦੇ ਕਮੀ ਨਹੀਂ ਹੁੰਦੀ, ਉਸੇ ਤਰ੍ਹਾਂ ਸਾਰੀਆਂ ਭੈਣਾਂ ਸਵਾਰਥੀ ਨਹੀਂ ਹੁੰਦੀਆਂ, ਸਗੋਂ ਬਹੁਤ ਸਾਰੀਆਂ ਭੈਣਾਂ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ, ਕਈ ਵਾਰ ਤਾਂ ਉਹ ਭਰਾ ਦੇ ਘਰੋਂ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦਿੰਦੀਆਂ ਹਨ, ਤੇ ਕਈ ਅਜਿਹੀਆਂ ਭੈਣਾਂ ਵੀ ਹੁੰਦੀਆਂ ਹਨ, ਜੋ ਸੂਟ ਦਾ ਰੰਗ ਪਸੰਦ ਨਾ ਆਉਣ ’ਤੇ ਮੂੰਹ ਮੋਟਾ ਕਰ ਲੈਂਦੀਆਂ ਹਨ।
ਇਹ ਤਿਉਹਾਰ ਤਾਂ ਭੈਣ-ਭਰਾ ਦੀ ਪਾਕ-ਪਵਿੱਤਰ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ। ਸਮਾਜ ਅੰਦਰ ਅਜਿਹੇ ਭਰਾ ਵੀ ਹਨ, ਜੋ ਭੈਣਾਂ ਨੂੰ ਆਪਣੇ ਮਾਪਿਆਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੰਦੇ, ਤੇ ਅਜਿਹੀਆਂ ਭੈਣਾਂ ਵੀ ਹਨ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਸਤਿਕਾਰਦੀਆਂ ਤੇ ਪਿਆਰਦੀਆਂ ਹਨ, ਪਰੰਤੂ ਅਜਿਹੇ ਭੈਣ-ਭਰਾ ਸਮਾਜ ਵਿਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ। ਪਰ ਕੁਝ ਲੋਕਾਂ ਲਈ ਅੱਜ-ਕੱਲ੍ਹ ਰੱਖੜੀ ਦਾ ਤਿਉਹਾਰ ਇੱਕ ਫੈਸ਼ਨ ਜਿਹਾ ਬਣ ਕੇ ਰਹਿ ਗਿਆ ਹੈ, ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਬੰਨ੍ਹ ਕੇ ਇਸ ਦੀ ਚਮਕ-ਦਮਕ ਵਧਾਈ ਜਰੂਰ ਜਾ ਰਹੀ ਹੈ, ਪਰ ਤਿਉਹਾਰ ਵਾਲੇ ਤੱਤ ਇਸ ਵਿਚੋਂ ਖੁੱਸਦੇ ਜਾ ਰਹੇ ਹਨ।
ਮੇਵਾ ਸਿੰਘ ਲੰਬੀ, ਮਲੋਟ, ਸ੍ਰੀ ਮੁਕਤਸਰ ਸਾਹਿਬ ਮੋ. 98726-00923