ਪਿੰਡ ਫੂਸ ਮੰਡੀ, ਸਾਧੂਵਾਲਾ ਤੇ ਸਰਦੂਲਗੜ੍ਹ ਨੂੰ ਹੋਇਆ ਖਤਰਾ | Ghaggar River
- ਰਿਉਂਦ ਕਲਾਂ ਪਿੰਡ ਦਾ ਵੀ ਚਾਰੇ ਪਾਸਿਓਂ ਸੰਪਰਕ ਟੁੱਟਿਆ | Ghaggar River
ਮਾਨਸਾ/ਬਰੇਟਾ/ਬੋਹਾ/ਸਰਦੂਲਗੜ੍ਹ, (ਸੱਚ ਕਹੂੰ ਟੀਮ)। ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਤੇ ਸਰਦੂਲਗੜ੍ਹ ਨੂੰ ਘੱਗਰ ਦੇ ਪਾਣੀ ਤੋਂ ਰਾਹਤ ਮਿਲਣ ਦੀ ਥਾਂ ਆਫਤ ਲਗਾਤਾਰ ਵਧਦੀ ਜਾ ਰਹੀ ਹੈ। ਚਾਂਦਪੁਰਾ ਬੰਨ ਪੂਰਨ ਦਾ ਕੰਮ ਹਾਲੇ ਸ਼ੁਰੂ ਨਹੀਂ ਹੋਇਆ ਤੇ ਸਰਦੂਲਗੜ੍ਹ ਕੋਲ ਨਵਾਂ ਪਾੜ ਪੈ ਗਿਆ। ਇਸ ਪਾੜ ਨਾਲ ਨੇੜਲੇ ਪਿੰਡਾਂ ਤੋਂ ਇਲਾਵਾ ਸ਼ਹਿਰ ਸਰਦੂਲਗੜ੍ਹ ਵਿੱਚ ਪਾਣੀ ਆਉਣ ਦਾ ਖਤਰਾ ਬਣ ਗਿਆ ਹੈ। ਵੇਰਵਿਆਂ ਮੁਤਾਬਿਕ ਘੱਗਰ ਨਦੀ ਦਾ ਚਾਂਦਪੁਰਾ ਬੰਨ੍ਹ ਅੱਜ ਚੌਥੇ ਦਿਨ ਵੀ ਬੰਨਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਪਾੜ ਵਿੱਚੋਂ ਨਿੱਕਲੇ ਪਾਣੀ ਨੇ ਬੀਤੀ ਰਾਤ ਰਿਉਦ ਕਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ਸਾਢੇ ਪੰਜ ਫੁੱਟ ਪਾਣੀ, ਜਾਨ ਨੂੰ ਖਤਰਾ, ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਬਹਾਦਰੀ ਭਰੇ ਕਾਰਨਾਮੇ
ਪਿੰਡ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਗਏ। ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਟ੍ਰੈਕਟਰ-ਟਰਾਲੀ ਰਾਹੀਂ ਜਾ ਕੇ ਪੀੜਤਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਉਹਨਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਹਾਲੇ ਹਲਕਾ ਬੁਢਲਾਡਾ ਦੀ ਸੰਭਾਲ ਵਿੱਚ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਸਰਦੂਲਗੜ੍ਹ ਨੇੜੇ ਪਿੰਡ ਫੂਸ ਮੰਡੀ ਕੋਲ ਘੱਗਰ ਵਿੱਚ ਇੱਕ ਹੋਰ ਪਾੜ ਪੈ ਗਿਆ। ਇਹ ਪਾੜ ਪੈਣ ਨਾਲ ਪਿੰਡ ਫੂਸ ਮੰਡੀ, ਸਾਧੂਵਾਲਾ ਤੇ ਸ਼ਹਿਰ ਸਰਦੂਲਗੜ੍ਹ ਵਿੱਚ ਪਾਣੀ ਆਉਣ ਦਾ ਖਤਰਾ ਵਧ ਗਿਆ ਹੈ। ਆਮ ਲੋਕ, ਪ੍ਰਸਾਸ਼ਨ ਤੇ ਫੌਜ ਵੱਲੋਂ ਬੰਨ੍ਹ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਸਾਧੂਵਾਲਾ ਤੇ ਸਰਦੂਲਗੜ੍ਹ ਵਿੱਚ ਪਾਣੀ ਆਉਣ ਤੋਂ ਰੋਕਣ ਲਈ ਸੜਕ ਤੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੋਸ਼ਲ ਮੀਡੀਆ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਗੁਆਂਢੀ ਹਲਕੇ ਮੌੜ, ਤਲਵੰਡੀ ਸਾਬੋ ਜਿਸ ਕਿਸੇ ਕੋਲ ਵੀ ਜੇਸੀਬੀ ਮਸ਼ੀਨ ਹੈ ਉਹ ਲੈ ਕੇ ਸਰੂਦਲਗੜ੍ਹ ਕੋਲ ਪੁੱਜੋ ਕਿਉਂਕਿ ਪਾੜ ਕਾਫੀ ਜ਼ਿਆਦਾ ਹੈ। ਉਹਨਾਂ ਕਿਹਾ ਕਿ ਇਸ ਬੰਨ੍ਹ ਨੂੰ ਪੂਰਨ ਵਿੱਚ ਉਹਨਾਂ ਦੀ ਮੱਦਦ ਕੀਤੀ ਜਾਵੇ ਤਾਂ ਜੋ ਪਾਣੀ ਨਾਲ ਪਿੰਡਾਂ-ਸ਼ਹਿਰਾਂ ਵਿੱਚ ਹੋਣ ਵਾਲੇ ਨੁਕਸਾਨ ਨੂੰ ਟਾਲਿਆ ਜਾ ਸਕੇ। (Ghaggar River)
ਸੈਲਫੀਆਂ ਤੋਂ ਪ੍ਰਹੇਜ਼ ਕਰੋ : ਵਿਧਾਇਕ | Ghaggar River
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਾੜ ਨੇੜਲੇ ਪਿੰਡਾਂ ਤੇ ਸ਼ਹਿਰ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਬੰਨ੍ਹ ਨੂੰ ਪੂਰਨ ਦਾ ਹੈ ਪਰ ਕੁਝ ਲੋਕ ਉੱਥੇ ਆ ਕੇ ਸੈਲਫੀਆਂ ਲੈਣ ਲੱਗ ਜਾਂਦੇ ਹਨ ਜਿਸ ਨਾਲ ਕੰਮ ਵਿੱਚ ਅੜਿਕਾ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਪਾੜ ਪੂਰਨ ਵਿੱਚ ਲੱਗੇ ਪ੍ਰਸਾਸ਼ਨ ਤੇ ਆਮ ਲੋਕਾਂ ਨੂੰ ਨਿਰਵਿਘਨ ਕੰਮ ਕਰਨ ਦਿੱਤਾ ਜਾਵੇ।