ਟਮਾਟਰਾਂ ਦੀ ਰਾਖੀ ਲਈ ਚੁੱਕੇ ‘ਹਥਿਆਰ’! ਸਾਬਕਾ ਕੌਂਸਲਰ ਨੇ ਪ੍ਰਦਰਸ਼ਨ ਕੀਤਾ ‘ਵਿਅੰਗ’ ਨਾਲ

Bathinda-News
ਬਠਿੰਡਾ : ਟਮਾਟਰਾਂ ਨਾਲ ਸਜਾਏ ਰਥ ਅਤੇ ਟਮਾਟਰਾਂ ਦਾ ਸਿਹਰਾ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ। ਤਸਵੀਰ : ਸੱਚ ਕਹੂੰ ਨਿਊਜ਼

ਟਮਾਟਰਾਂ ਦਾ ਸਿਹਰਾ ਸਜਾ ਕੇ ਲਾੜਾ ਬਣੇ ਵਿਜੇ ਕੁਮਾਰ | Tomatoes

ਬਠਿੰਡਾ (ਸੁਖਜੀਤ ਮਾਨ)। ਆਮ ਲੋਕਾਂ ਦੀ ਦਾਲ ਸਬਜ਼ੀ ’ਚੋਂ ਹੁਣ ਟਮਾਟਰ (Tomatoes) ਬਾਹਰ ਹੋ ਗਿਆ ਹੈ । 100 ਰੁਪਏ ਕਿੱਲੋ ਦੇ ਭਾਅ ਨੂੰ ਪੁੱਜੇ ਟਮਾਟਰ ਨੂੰ ਹੁਣ ਸਬਜੀ ਮੰਡੀ ’ਚ ਵੀ ਟਾਂਵੇ-ਟਾਂਵੇ ਲੋਕ ਹੀ ਖ੍ਰੀਦਦੇ ਹਨ। ਟਮਾਟਰ ਦੇ ਭਾਅ ’ਚ ਇਸ ਵਾਧੇ ਦਾ ਕਾਰਨ ਭਾਵੇਂ ਮੀਂਹ ਪੈਣਾ ਦੱਸਿਆ ਜਾ ਰਿਹਾ ਹੈ ਤੇ ਕੁਝ ਵਪਾਰੀਆਂ ਵੱਲੋਂ ਟਮਾਟਰ ਸਟੋਰ ਵੀ ਕੀਤੇ ਗਏ ਹਨ ਪਰ ਆਮ ਲੋਕ ਟਮਾਟਰ ਦੇ ਸਵਾਦ ਤੋਂ ਵਾਂਝੇ ਜ਼ਰੂਰ ਹੋ ਗਿਆ। ਇਸ ਮਹਿੰਗਾਈ ਦੇ ਚਲਦਿਆਂ ਅੱਜ ਬਠਿੰਡਾ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਵੱਖਰੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਟਮਾਟਰਾਂ ਦੀ ਰਾਖੀ ਲਈ ਉਨ੍ਹਾਂ ਆਪਣੇ ਹੱਥ ’ਚ ‘ਹਥਿਆਰ’ ਫੜ੍ਹੇ ਹੋਏ ਸਨ ।

ਵੇਰਵਿਆਂ ਮੁਤਾਬਿਕ ਸਬਜ਼ੀ ਮੰਡੀ ’ਚ ਇੰਨ੍ਹੀਂ ਦਿਨੀਂ ਟਮਾਟਰ 100 ਰੁਪਏ ਵਾਲੀਆਂ ਸਬਜੀਆਂ ਦੀ ਸੂਚੀ ’ਚ ਪੁੱਜ ਗਿਆ। ਮੰਡੀ ’ਚ ਜਿਸ ਤਰ੍ਹਾਂ ਪਹਿਲਾਂ ਹਰ ਕੋਈ ਟਮਾਟਰ ਖ੍ਰੀਦਦਾ ਦਿਖਾਈ ਦਿੰਦਾ ਸੀ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਟਮਾਟਰ ਦੇ ਗ੍ਰਾਹਕ ਘਟ ਗਏ ਹਨ। ਟਮਾਟਰ ਮਹਿੰਗੇ ਹੋਣ ਦੇ ਚਲਦਿਆਂ ਅੱਜ ਬਠਿੰਡਾ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ, ਜੋ ਮਹਿੰਗਾਈ ਜਾਂ ਹੋਰ ਸਮਾਜਿਕ ਬੁਰਾਈਆਂ ਆਦਿ ਦੇ ਖਿਲਾਫ਼ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰਦੇ ਹਨ, ਉਨ੍ਹਾਂ ਨੇ ਲਾੜਾ ਬਣਕੇ ਟਮਾਟਰਾਂ ਦਾ ਸਿਹਰਾ ਸਜ਼ਾਇਆ ਗਲ ’ਚ ਮਾਲਾ ਵੀ ਟਮਾਟਰਾਂ ਦੀ ਪਾਈ ਗਈ। ਲਾੜੇ ਦੇ ਰੂਪ ’ਚ ਉਹ ਜਿਸ ਰਥ ’ਤੇ ਬੈਠ ਕੇ ਗਏ ਉਸ ਪੂਰੇ ਰਥ ਦੇ ਆਲੇ-ਦੁਆਲੇ ਵੀ ਟਮਾਟਰ ਸਜ਼ਾਏ ਹੋਏ ਸਨ।

ਟਮਾਟਰਾਂ ਨੇ ਹਾਹਾਕਾਰ ਮਚਾ ਰੱਖੀ | Tomatoes

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਕੁਮਾਰ ਨੇ ਕਿਹਾ ਕਿ ਟਮਾਟਰਾਂ ਨੇ ਹਾਹਾਕਾਰ ਮਚਾ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਬਲੈਕ ਮੇਲ ਕਰਨ ਵਾਲਿਆਂ ਦੇ ਕਾਰਨ ਭਾਅ ਵਧੇ ਹਨ ਜਦੋਂਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟਮਾਟਰਾਂ ਦੀ ਬਲੈਕ ਮੇਲ ਕਰਨ ਵਾਲਿਆਂ ਨੂੰ ਨੱਥ ਪਾਉਂਦੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਟਮਾਟਰ ਦੇ ਭਾਅ ’ਚ ਇੱਕ ਦਮ ਵਾਧਾ ਹੋਣ ਨਾਲ ਆਮ ਲੋਕਾਂ ਦੀ ਪਹੁੰਚ ਤੋਂ ਟਮਾਟਰ ਦੂਰ ਹੋ ਗਿਆ ਜਿਸ ਕਾਰਨ ਰਸੋਈਆਂ ’ਚ ਟਮਾਟਰ ਦਿਖਾਈ ਨਹੀਂ ਦਿੰਦੇ।

Tomatoes

ਰਥ ’ਤੇ ਟਮਾਟਰਾਂ ਦੀ ਟੋਕਰੀ ਰੱਖ ਕੇ ਲਿਜਾਣ ਬਾਰੇ ਪੁੱਛੇ ਜਾਣ ’ਤੇ ਵਿਜੇ ਕੁਮਾਰ ਨੇ ਕਿਹਾ ਕਿ ਉਹ ਇੱਕ ਲਾੜੇ ਦੇ ਰੂਪ ’ਚ ਇਹ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਰਿਬਨ ਕਟਾਈ ਮੌਕੇ ਉਹ ਪੈਸਿਆਂ ਦੀ ਥਾਂ ਮਹਿੰਗੇ ਮੁੱਲ ਦੇ ਟਮਾਟਰ ਤੋਹਫ਼ੇ ’ਚ ਦੇਵੇਗਾ।ਹੱਥਾਂ ’ਚ ਪਿਸਤੌਲ ਚੁੱਕੇ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਰਸਤੇ ’ਚ ਕੋਈ ਟਮਾਟਰ ਲੁੱਟਣ ਨਾ ਪੈ ਜਾਵੇ ਇਸ ਲਈ ਸੁਰੱਖਿਆ ਕਰਨ ਲਈ ਪਿਸਤੌਲ ਚੁੱਕੇ ਹਨ।

ਲੋਕਾਂ ਨੇ ਖੜ੍ਹ-ਖੜ੍ਹ ਕੇ ਦੇਖਿਆ ਪ੍ਰਦਰਸ਼ਨ

ਸਾਬਕਾ ਕੌਂਸਲਰ ਵਿਜੇ ਕੁਮਾਰ ਜਦੋਂ ਟਮਾਟਰਾਂ ਨਾਲ ਸਜਾਏ ਰਥ ਅਤੇ ਟਮਾਟਰਾਂ ਦਾ ਸਿਹਰਾ ਬੰਨ ਕੇ  ਵਿਅੰਗਮਈ ਪ੍ਰਦਰਸ਼ਨ ਮਹਿੰਗਾਈ ਖਿਲਾਫ਼ ਕਰ ਰਹੇ ਸੀ ਤਾਂ ਰਾਹ ਜਾਂਦੇ ਲੋਕ ਵੀ ਖੜ੍ਹ ਗਏ। ਰਾਹਗੀਰਾਂ ਨੇ ਸਾਬਕਾ ਕੌਂਸਲਰ ਦੀ ਹਾਂ ’ਚ ਹਾਂ ਮਿਲਾਉਂਦਿਆਂ ਕਿਹਾ ਕਿ ਸੱਚਮੁੱਚ ਟਮਾਟਰ ਬਹੁਤ ਮਹਿੰਗੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਹਿੰਗਾਈ ਦੀ ਖਾਤਰ ਟਮਾਟਰਾਂ ਨੂੰ ਸਟੋਰ ਕਰਨ ਵਾਲੇ ਵਪਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ।