ਕਿਹਾ, ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਨਹੀਂ ਹੋ ਰਹੇ ਪੂਰੇ
(ਮੇਵਾ ਸਿੰਘ) ਲੰਬੀ/ਮਲੋਟ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਪਿੰਡ ਅਬੁੱਲਖੁਰਾਣਾ ਵਿਖੇ ਪਹੁੰਚਣ ’ਤੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਹੁਣ ਤੱਕ ਪੂਰੇ ਨਾ ਹੋਣ ਦਾ ਉਲਾਂਭਾ ਦਿੰਦੇ ਛਾਪਿਆਂਵਾਲੀ-ਅਬੁੱਲਖੁਰਾਣਾ ਸੜਕ ’ਤੇ ਰਹਿੰਦੇ ਲੋਕਾਂ ਨੇ ਆਖਿਆ ਕਿ ਖਾਸਕਰ ਦਲਿਤ ਪਰਿਵਾਰਾਂ ਦੇ ਮੁਹੱਲਿਆਂ ਦੀਆਂ ਨਾ ਤਾਂ ਅਜੇ ਤੱਕ ਗਲੀਆਂ-ਨਾਲੀਆਂ ਹੀ ਮੁਕੰਮਲ ਬਣੀਆਂ ਹਨ ਤੇ ਨਾ ਹੀ ਉਨ੍ਹਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਦਾ ਹੀ ਕੋਈ ਪ੍ਰਬੰਧ ਕਿਸੇ ਪਾਸੇ ਕੀਤਾ ਗਿਆ ਹੈ। ਇਸ ਕਾਰਨ ਉਨ੍ਹਾਂ ਦਾ ਘਰਾਂ ਤੋਂ ਬਾਹਰ ਅੰਦਰ ਜਾਣਾ-ਆਉਣਾ ਬੜਾ ਹੀ ਮੁਸ਼ਕਿਲ ਹੋਇਆ ਪਿਆ ਹੈ। (Abul Khurana Minor)
ਛੇਤੀ ਕਰਵਾਇਆ ਜਾਵੇਗਾ ਕੰਮ ਸ਼ੁਰੂ (Abul Khurana Minor)
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਪਿੰਡ ਅਬੁੱਲਖੁਰਾਣਾ ਵਿਖੇ ਅਬੁੱਲਖੁਰਾਣਾ ਮਾਈਨਰ ਬੁਰਜੀ 0 ਤੋਂ 12358 ਤੱਕ ਨਵੀਂ ਉਸਾਰੀ ਮਾਈਨਰ ਦਾ ਉਦਘਾਟਨ ਕਰਨ ਆਏ ਸਨ। ਲੋਕਾਂ ਵੱਲੋਂ ਜ਼ੋਰਦਾਰ ਉਲਾਂਭਾ ਦੇਣ ’ਤੇ ਕੈਬਨਿਟ ਮੰਤਰੀ ਨੇ ਕਰੀਬ 40 ਸਾਲ ਪਹਿਲਾਂ ਬਣੇ ਪੁਰਾਣੇ ਮਾਈਨਰ ਜਿਸ ਨੂੰ ਕਿ ਹੁਣ ਆਰਸੀਸੀ ਬਣਾਇਆ ਗਿਆ, ਦੇ ਉਦਘਾਟਨ ਤੋਂ ਬਾਅਦ ਤੁਰੰਤ ਹੀ ਛਾਪਿਆਂਵਾਲੀ-ਅਬੁੱਲਖੁਰਾਣਾ ਸੜਕ ’ਤੇ ਜਾ ਕੇ ਗਲੀਆਂ-ਨਾਲੀਆਂ ਤੇ ਪਾਣੀ ਨਿਕਾਸੀ ਦੇ ਮਸਲੇ ਨੂੰ ਮੌਕੇ ’ਤੇ ਪਹੁੰਚਕੇ ਦੇਖਿਆ।ਇਥੇ ਪਹੁੰਚਣ ਤੇ ਲੋਕਾਂ ਨੇ ਆਖਿਆ ਕਿ ਮੈਡਮ ਜਿਸ ਤਰਾਂ ਤੁਸੀਂ ਵੋਟਾਂ ਤੋਂ ਪਹਿਲਾਂ ਖਾਸਕਰ ਦਲਿਤ ਭਾਈਚਾਰੇ ਨਾਲ ਪਿੰਡ ਅਬੁੱਲਖੁਰਾਣਾ ਵਿਚ ਇਸੇ ਜਗ੍ਹਾ ’ਤੇ ਖੜ੍ਹਕੇ ਜੋ ਵਾਅਦੇ ਕੀਤੇ ਸਨ, ਉਹ ਤੁਸੀਂ ਸਾਰੇ ਵਾਅਦੇ ਹੁਣ ਕੈਬਨਿਟ ਮੰਤਰੀ ਹੋਣ ਦੇ ਨਾਤੇ ਪੂਰੇ ਕਰਵਾਓ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਕੰਮ ਹੋਣ ਵਾਲੇ ਹਨ, ਉਨ੍ਹਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ।
ਇਸ ਸਮੇਂ ਉਨ੍ਹਾਂ ਦੇ ਨਾਲ ਪਾਰਟੀ ਆਗੂਆਂ ਵਿੱਚ ਸ਼ਿਸਨਪ੍ਰੀਤ ਸਿੰਘ, ਹਰਪਾਲ ਸਿੰਘ, ਨਾਨਕ ਸਿੰਘ ਵਿੱਕੀ, ਗੁਰਮੀਤ ਸਿੰਘ, ਹੈਪੀ ਰਾਜਪੂਤ, ਪ੍ਰੀਤਮ ਸਿੰਘ, ਜਸਪਿੰਦਰ ਬਰਾੜ, ਬਲਜੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਸੀਨੀ: ਅਫਸਰਾਂ ਵਿੱਚ ਰਾਕੇਸ ਬਿਸ਼ਨੋਈ ਬੀਡੀਪੀਓ ਲੰਬੀ, ਜਸਵਿੰਦਰ ਸਿੰਘ ਖਾਲਸਾ ਪੰਚਾਇਤ ਅਫਸਰ, ਐਕਸੀਅਨ ਸੁਖਜੀਤ ਸਿੰਘ, ਐੱਸਡੀਓ ਅਰਸ਼ਦੀਪ ਸਿੰਘ, ਸ਼ਾਹਿਲ ਸਰਮਾ ਜੇ ਈ ਅਤੇ ਬਿਜਲੀ ਵਿਭਾਗ ਦੇ ਇਕਬਾਲ ਸਿੰਘ ਢਿੱਲੋਂ ਐੱਸਡੀਓ, ਜਗਮਨਦੀਪ ਸਿੰਘ ਜੇ.ਈ. ਆਦਿ ਮੌਜੂਦ ਸਨ।