ਕਿਹਾ, ਛੋਟੇ ਕਿਸਾਨਾਂ ਨੂੰ ਕੱਢਿਆ ਜਾਵੇਗਾ ਫਸਲੀ ਚੱਕਰ ’ਚੋਂ | Gurmeet Singh Khudian
ਮੰਡੀ ਕਿੱਲਿਆਂਵਾਲੀ/ਲੰਬੀ (ਮੇਵਾ ਸਿੰਘ)। ‘ਹਲਕਾ ਲੰਬੀ ਦੇ ਭੈਣੋਂ, ਭਰਾਵੋ ਅਤੇ ਬਜ਼ੁਰਗੋ ਅਸਲ ਵਿੱਚ ਤੁਸੀਂ ਹਲਕੇ ਦੇ ਰਾਜੇ ਹੋ, ਤੇ ਮੈਂ ਤੁਹਾਡਾ ਵਜ਼ੀਰ ਹਾਂ।’ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਲੰਬੀ ਦੇ ਵਿਧਾਇਕ ਤੇ ਪੰਜਾਬ ਦੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਬਣੇ, ਗੁਰਮੀਤ ਸਿੰਘ ਖੁੱਡੀਆਂ ਨੇ ਕੈਬਨਿਟ ਮੰਤਰੀ ਬਣਨ ਉਪਰੰਤ ਹਲਕਾ ਲੰਬੀ ਦੀ ਪਹਿਲੀ ਫੇਰੀ ਦੌਰਾਨ ਦਾਣਾ ਮੰਡੀ ਕਿੱਲਿਆਂਵਾਲੀ ਵਿਖੇ ਹਲਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਵ: ਪ੍ਰਕਾਸ਼ ਸਿੰਘ ਬਾਦਲ ਨਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਿਵਾ ਕੇ ਮਾਣ ਹਾਸਲ ਕਰਵਾਇਆ। ਉਨ੍ਹਾਂ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਿਲ ਵਿੱਚ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਸੀ ਪਰ ਉਨ੍ਹਾਂ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਬੁਲਾਇਆ ਤਾਂ ਉਸ ਸਮੇਂ ਵੀ ਉਨ੍ਹਾਂ ਸੋਚਿਆ ਨਹੀਂ ਸੀ ਕਿ ਉਨ੍ਹਾਂ ਨੂੰ ਮੰਤਰੀ ਜਾਂ ਕੈਬਨਿਟ ਮੰਤਰੀ ਬਣਾਇਆ ਜਾਵੇਗਾ।
ਕੈਬਨਿਟ ਮੰਤਰੀ ਨੇ ਮੰਡੀ ਕਿੱਲਿਆਂ ’ਚ ਪਹਿਲੀ ਫੇਰੀ ਦੌਰਾਨ ਲੋਕਾਂ ਨੂੰ ਕੀਤਾ ਸੰਬੋਧਨ
ਉਨ੍ਹਾਂ, ਉਨ੍ਹਾਂ ਨੂੰ ਮਿਲੇ ਹੋਰ ਵਿਭਾਗਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਮਾਹਿਰਾਂ ਤੇ ਕਿਸਾਨਾਂ ਦੀ ਸਲਾਹ ਨਾਲ ਖੇਤੀਬਾੜੀ ਧੰਦੇ ਨਾਲ ਸਬੰਧਿਤ ਛੋਟੇ ਕਿਸਾਨਾਂ ਲਈ ਛੋਟੇ ਉਦਯੋਗ ਲਿਆ ਕੇ ਕਣਕ ਤੇ ਝੋਨੇ ਦੇ ਫਸਲੀ ਚੱਕਰ ’ਚੋਂ ਬਾਹਰ ਕੱਢ ਕੇ ਲਾਹੇਵੰਦ ਫਸਲਾਂ ਲਈ ਚੰਗੇ ਬੀਜਾਂ ਤੇ ਉਨ੍ਹਾਂ ਲਈ ਮਾਰਕੀਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਖੇਤੀਬਾੜੀ ਨਾਲ ਸਬੰਧਤ ਖਾਦ, ਬੀਜ ਤੇ ਸਪਰੇਅ ਕੇਂਦਰਾਂ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਨੂੰ ਨਕਲੀ ਬੀਜ, ਸਪਰੇ ਜਾਂ ਦਵਾਈਆਂ ਨਾ ਵੇਚਣ। ਇਸ ਤੋਂ ਪਹਿਲਾਂ ਮੰਡੀ ਕਿੱਲਿਆਂਵਾਲੀ ਵਿਖੇ ਪਹੁੰਚਣ ’ਤੇ ਉਨ੍ਹਾਂ ਨੂੰ ਪੁਲਿਸ ਦੀ ਟੁਕੜੀ ਨੇ ਸਲਾਮੀ ਦਿੱਤੀ। ਇਸ ਮੌਕੇ ਆਪ ਦੇ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਸਟੇਜ ਦੀ ਸਾਰੀ ਕਾਰਵਾਈ ਚਲਾਈ।
ਇਹ ਵੀ ਪੜ੍ਹੋ : ਰੇਲ ਹਾਦਸਿਆਂ ਦਾ ਸਿਲਸਿਲਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਵਿੰਦਰ ਸਿੰਘ ਕਾਲਾ ਭੀਟੀਵਾਲਾ, ਖੁਸ਼ਵੀਰ ਮਾਨ ਸਹਿਣਾਖੇੜਾ ਵਾਈਸ ਪ੍ਰਧਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨਵੀਰ ਸਿੰਘ ਖੁੱਡੀਆਂ ਜ਼ਿਲ੍ਹਾ ਆਗੂ, ਗੁਰਸੇਵਕ ਸਿੰਘ ਲੰਬੀ, ਟੋਜੀ ਲੰਬੀ, ਜਸਵਿੰਦਰ ਸਿੰਘ ਖਾਲਸਾ ਪੰਚਾਇਤ ਅਫਸਰ, ਬੱਬੀ ਖੁੱਡੀਆਂ, ਸਰਪੰਚ ਵਰਿੰਦਰ ਪੱਪੀ ਮਿੱਠੜੀ, ਪ੍ਰਤੀਨਿਧੀ ਸਰਪੰਚ ਦਰਸ਼ਨ ਸਿੰਘ, ਜਸਵਿੰਦਰ ਸਿੰਘ ਪ੍ਰਤੀਨਿਧੀ ਸਰਪੰਚ ਭਾਗੂ, ਸਰਪੰਚ ਸਵਰਨਜੀਤ ਸਿੰਘ ਖਿਉਵਾਲੀ, ਭੁਪਿੰਦਰ ਸਿੰਘ ਵਕੀਲ, ਹੈਰੀ ਢਿੱਲੋਂ, ਗੁਰਜੀਤ ਸਿੰਘ ਆਲਮਵਾਲਾ, ਸੁੱਖਾ ਗੁਰੂਸਰ, ਗੁਰਪ੍ਰੀਤ ਸਿੰਘ ਬਰਾੜ ਜ਼ਿਲ੍ਹਾ ਖੇਤੀਬਾੜੀ ਅਫਸਰ, ਸੁਖਚੈਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਲੰਬੀ, ਲਖਵੀਰ ਸਿੰਘ ਲੱਖਾ ਸੈਕਟਰੀ, ਸਰਬਜੀਤ ਸਿੰਘ ਪੰਚਾਇਤ ਸੈਕਟਰੀ ਆਦਿ ਮੌਜੂਦ ਸਨ।