‘ਬਾਕੀ ਸਭ ਸੁੱਖ ਪੁੱਤਾ, ਸਾਡਾ ਬੁਰਾ ਹਾਲ ਵੇ’ | Sidhu Moosewala
ਮਾਨਸਾ (ਸੁਖਜੀਤ ਮਾਨ)। ਟਿੱਬਿਆਂ ਦੇ ਪਿੰਡ ਮੂਸਾ (Sidhu Moosewala) ਤੋਂ ਉੱਠ ਕੇ ਬਾਲੀਵੁੱਡ-ਹਾਲੀਵੁੱਡ ਤੱਕ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਅੱਜ ਵੱਖ-ਵੱਖ ਥਾਵਾਂ ਤੋਂ ਉਨ੍ਹਾਂ ਦੇ ਪ੍ਰਸੰਸਕ ਪਿੰਡ ਮੂਸਾ ਪੁੱਜੇ ਹਨ। ਲੋਕਾਂ ਵੱਲੋਂ ਅੱਜ ਦੇਸ਼-ਵਿਦੇਸ਼ ’ਚ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।
ਵੇਰਵਿਆਂ ਮੁਤਾਬਿਕ ਗਾਇਕ ਸਿੱਧੂ (Sidhu Moose Wala) ਮੂਸੇ ਵਾਲਾ ਦੇ ਪਿੰਡ ਮੂਸਾ ਵਿਖੇ ਅੱਜ ਉਸਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ਗਏ ਹੋਏ ਹਨ, ਜਿੱਥੇ ਵੀ ਸਿੱਧੂ ਦੀ ਬਰਸੀ ਦੇ ਸਬੰਧ ’ਚ ਸਮਾਗਮ ਹੋ ਰਹੇ ਹਨ। ਪਿੰਡ ਮੂਸਾ ਵਿਖੇ ਅੱਜ ਸਿੱਧੂ ਦੇ ਮਾਤਾ ਚਰਨ ਕੌਰ ਸਭ ਤੋਂ ਪਹਿਲਾਂ ਉਸ ਥਾਂ ’ਤੇ ਪੁੱਜੇ ਜਿੱਥੇ ਸਿੱਧੂ ਦਾ ਸਸਕਾਰ ਕੀਤਾ ਗਿਆ ਸੀ। ਸਿੱਧੂ ਦੇ ਬੁੱਤ ਕੋਲ ਆ ਕੇ ਚਰਨ ਕੌਰ ਕਾਫੀ ਸਮਾਂ ਬੁੱਤ ਨੂੰ ਨਿਹਾਰ ਕੇ ਰੋਂਦੇ ਰਹੇ। ਇਸ ਮਗਰੋਂ ਉਹ ਪਿੰਡ ਦੇ ਸ੍ਰੀ ਗੁਰੂਦੁਆਰਾ ਸਾਹਿਬ ਪੁੱਜੇ ਜਿੱਥੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।
ਇਹ ਵੀ ਪੜ੍ਹੋ : ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ : ਪੰਜਾਬ ਦਾ ਗੱਭਰੂ ਦੇਸ਼ ਲਈ ਹੋਇਆ ਕੁਰਬਾਨ
ਇਸ ਮੌਕੇ ਸ੍ਰੀ ਗੁਰੂਦਆਰਾ ਸਾਹਿਬ ’ਚ (Sidhu Moosewala) ਜਦੋਂ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਗਾਇਆ ‘ਬਾਕੀ ਸਭ ਸੁੱਖ ਪੁੱਤਾ, ਸਾਡਾ ਬੁਰਾ ਹਾਲ ਵੇ’ ਤਾਂ ਉੱਥੇ ਮੌਜੂਦ ਸਿੱਧੂ ਦੇ ਮਾਤਾ ਚਰਨ ਕੌਰ ਸਮੇਤ ਹੋਰ ਅੱਖ ਨਮ ਹੋ ਗਈ। ਪਿੰਡ ਜਵਾਹਰਕੇ ਵਿਖੇ ਵੀ ਬੀਤੇ ਦਿਨੀਂ ਸਿੱਧੂ ਦੀ ਬਰਸੀ ਦੇ ਮੱਦੇਨਜ਼ਰ ਪਾਠ ਦੇ ਭੋਗ ਪਾਏ ਗਏ ਸੀ, ਜਿੱਥੇ ਸਿੱਧੂ ਦੇ ਮਾਤਾ ਚਰਨ ਕੌਰ ਪੁੱਜੇ ਸਨ। ਉਹ ਉਸ ਥਾਂ ’ਤੇ ਜਾ ਕੇ ਭਾਵੁਕ ਹੋ ਗਏ ਜਿੱਥੇ ਸੜਕ ਦੇ ਉੱਤੇ ਸਿੱਧੂ ’ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ।
ਉਨ੍ਹਾਂ ਰੋਂਦਿਆਂ-ਰੋਂਦਿਆਂ ਸਿੱਧੂ ਨੂੰ ਸਲੂਟ ਵੀ ਕੀਤਾ। (Sidhu Moosewala) ਦੱਸਣਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇ ਵਾਲਾ ਦਾ ਪਿੰਡ ਜਵਾਹਰਕੇ ਵਿਖੇ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੋ ਸਾਥੀਆਂ ਸਮੇਤ ਥਾਰ ਗੱਡੀ ’ਚ ਸਵਾਰ ਹੋ ਕੇ ਜਾ ਰਿਹਾ ਸੀ। ਸਿੱਧੂ ਦੇ ਇਸ ਕਤਲ ਮਾਮਲੇ ’ਚ ਭਾਵੇਂ ਪੰਜਾਬ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਪੂਰੀ ਜਾਂਚ ਕਰਕੇ ਵੱਡੀ ਗਿਣਤੀ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਸਿੱਧੂ ਪਰਿਵਾਰ ਜਾਂਚ ਤੋਂ ਨਾਖੁਸ਼ ਹੈ। ਸਿੱਧੂ ਦੇ ਮਾਪਿਆਂ ਵੱਲੋਂ ਸਮੇਂ-ਸਮੇਂ ਸਿਰ ਆਪਣੇ ਪੁੱਤ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਂਦੀ ਹੈ।
ਸਾਲ ਹੋ ਗਿਆ ਪੁੱਤ ਨੂੰ ਦੇਖਿਆਂ : ਚਰਨ ਕੌਰ | Sidhu Moosewala
ਸਿੱਧੂ ਦੇ ਮਾਤਾ ਚਰਨ ਕੌਰ ਜਿੱਥੇ ਹਰ (Sidhu Moose Wala) ਐਤਵਾਰ ਆਪਣੇ ਘਰ ਆਉਂਦੇ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਕੇ ਆਪਣਾ ਦੁੱਖ ਹੌਲਾ ਕਰਦੇ ਨੇ, ਉੱਥੇ ਹੀ ਉਹ ਸੋਸ਼ਲ ਮੀਡੀਆ ’ਤੇ ਵੀ ਆਪਣੇ ਪੁੱਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅੱਜ ਸਿੱਧੂ ਦੀ ਬਰਸੀ ਮੌਕੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਈ ਪੋਸਟ ’ਚ ਲਿਖਿਆ ਹੈ ਕਿ ‘ਮੈਂ ਨਹੀਂ ਜਾਣਦੀ ਸੀ ਪੁੱਤ ਕਿ ਤੁਹਾਡਾ ਮੁਕਾਮ ਹੀ ਤੁਹਾਨੂੰ ਮੇਰੇ ਤੋਂ ਦੂਰ ਕਰ ਦੇਵੇਗਾ। ਮੇਰੇ ਲਈ ਇਸ ਤੋਂ ਵੱਡੀ ਸਜ਼ਾ ਕੀ ਹੋਣੀ ਆ ਜਿਹਦੀਆਂ ਲੰਮੀਆਂ ਉਮਰਾਂ ਦੀ ਸੁੱਖ ਮੈਂ ਦਿਨ ਰਾਤ ਸੁੱਖਦੀ ਸੀ ਅੱਜ ਆਪਣੇ ਉਹੀ ਸ਼ੁੱਭ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖੇ ਨੂੰ ਇੱਕ ਸਾਲ ਹੋ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕੁੱਝ ਹੋਰ ਵੀ ਭਾਵੁਕ ਕਰਨ ਵਾਲੀਆਂ ਸਤਰਾਂ ਲਿਖੀਆਂ ਹਨ।