ਸਰਕਾਰੀ ਥਮਰਲਾਂ ਦੇ ਤਿੰਨ ਯੂਨਿਟ ਅਤੇ ਪ੍ਰਾਈਵੇਟ ਥਮਰਲ ਦਾ ਇੱਕ ਯੂਨਿਟ ਭਖਾਇਆ
- ਮੌਜੂਦਾ ਸਮੇਂ 9 ਯੂਨਿਟ ਕਰ ਰਹੇ ਨੇ ਬਿਜਲੀ ਉਤਪਦਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਬਿਜਲੀ ਦੀ ਮੰਗ ਵੱਧਣ ਦੇ ਨਾਲ ਹੀ (Powercom) ਪਾਵਰਕੌਮ ਵੱਲੋਂ ਥਰਮਲਾਂ ਦੇ ਚਾਰ ਯੂਨਿਟਾਂ ਨੂੰ ਚਾਲੂ ਕਰ ਦਿੱਤਾ ਹੈ। ਇਸ ਤੋਂ ਪਹਿਲਾ ਪ੍ਰਾਈਵੇਟ ਥਰਮਲਾਂ ਦੇ 5 ਯੂਨਿਟ ਹੀ ਚਾਲੂ ਸਨ, ਜੋਂ ਕਿ ਘੱਟ ਮਾਤਰਾ ਤੇ ਹੀ ਭਖੇ ਹੋਏ ਸਨ। ਅਗਲੇ ਦਿਨਾਂ ਵਿੱਚ ਤਾਪਮਾਨ ਵੱਧਣ ਦੇ ਨਾਲ ਹੀ ਬਿਜਲੀ ਦੀ ਮੰਗ ਵਿੱਚ ਹੋਰ ਇਜਾਫ਼ਾ ਤਹਿ ਹੈ।
ਇਕੱਤਰ ਕੀਤੇ ਵੇਰਵਿਆ ਮੁਤਾਬਿਕ ਸੂਬੇ ਅੰਦਰ ਬਿਜਲੀ ਦੀ ਮੰਗ ਵੱਧ ਕੇ 7300 ਮੈਗਾਵਾਟ ਨੂੰ ਪਾਰ ਕਰ ਗਈ ਹੈ। ਜਦਕਿ ਪਹਿਲਾ ਇਹ ਮੰਗ 6200 ਮੈਗਾਵਾਟ ਦੇ ਨੇੜੇ ਚੱਲ ਰਹੀ ਸੀ। ਤਾਪਮਾਨ ’ਚ ਆਈ ਗਰਮਾਹਟ ਤੋਂ ਬਾਅਦ ਮੰਗ ਵੱਧਣ ਤੇ ਪਾਵਰਕੌਮ ਵੱਲੋਂ ਅੱਜ ਆਪਣੇ ਥਰਮਲਾਂ ਦੇ ਚਾਰ ਯੂਨਿਟਾਂ ਨੂੰ ਭਖਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾ ਪਾਵਰਕੌਮ ਵੱਲੋਂ ਆਪਣੇ ਦੋਵੇਂ ਸਰਕਾਰੀ ਥਰਮਲਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ। ਸਰਕਾਰੀ ਲਹਿਰਾ ਮੁਹੱਬਤ ਥਰਮਲ ਦਾ 1 ਅਤੇ 3 ਨੰਬਰ ਯੂਨਿਟ ਚਾਲੂ ਕੀਤਾ ਗਿਆ ਹੈ। ਇਸ ਥਰਮਲ ਤੋਂ 352 ਮੈਗਾਵਾਟ ਬਿਜਲੀ (Electricity) ਉਤਪਾਦਨ ਸ਼ੁਰੂ ਹੋ ਗਿਆ ਹੈ। (Powercom)
ਸੂਬੇ ਅੰਦਰ ਬਿਜਲੀ ਦੀ ਮੰਗ ਵੱਧ ਕੇ 7300 ਮੈਗਾਵਾਟ ਤੋਂ ਪਾਰ (Powercom)
ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦਾ 6 ਨੰਬਰ ਯੂਨਿਟ ਚਾਲੂ ਕੀਤਾ ਗਿਆ ਹੈ ਅਤੇ ਇਹ ਸ਼ੁਰੂਆਤੀ ਦੌਰ ’ਚ 180 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਥਮਰਲ ਪਲਾਂਟ ਦਾ 2 ਨੰਬਰ ਯੂਨਿਟ ਚਾਲੂ ਕੀਤਾ ਗਿਆ ਹੈ ਅਤੇ ਇਹ 153 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ 5 ਯੂਨਿਟ ਪਹਿਲਾ ਤੋਂ ਹੀ ਭਖੇ ਹੋਏ ਸਨ। ਇਨ੍ਹਾਂ ਦੋਹਾਂ ਥਰਮਲ ਪਲਾਂਟਾਂ ਵੱਲੋਂ 2800 ਮੈਗਵਾਟ ਤੋਂ ਜਿਆਦਾ ਬਿਜਲੀ ਉਤਪਦਾਨ ਕੀਤਾ ਜਾ ਰਿਹਾ ਹੈ ਅਤੇ ਇਹ ਫੁੱਲ ਕੰਪੈਸਟੀ ਤੇ ਭਖੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਸ ਜ਼ਿਲ੍ਹੇ ’ਚ ਪੇਡ ਛੁੱਟੀ ਦਾ ਕੀਤਾ ਐਲਾਨ
ਇਸ ਤਰ੍ਹਾਂ ਹੁਣ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ 9 ਯੂਨਿਟ ਭਖੇ ਹੋਏ ਹਨ। ਹਾਈਡ੍ਰਰੋ ਪ੍ਰੋਜੈਕਟਾਂ ਤੋਂ ਵੀ ਪਾਵਰਕੌਮ ਨੂੰ 557 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਅਪਰੈਲ ਅਤੇ ਮਈ ਮਹੀਨੇ ਦੇ ਦਿਨਾਂ ਵਿੱਚ ਪਈ ਠੰਢ ਕਾਰਨ ਪਾਵਰਕੌਮ ਨੂੰ ਚੌਖਾ ਫਾਇਦਾ ਮਿਲਿਆ ਹੈ ਅਤੇ ਆਪਣੇ ਚਾਰ-ਪੰਜ ਯੂਨਿਟਾਂ ਤੋਂ ਹੀ ਬਿਜਲੀ ਲਈ ਜਾ ਰਹੀ ਸੀ। ਵੱਡੀ ਗੱਲ ਇਹ ਹੈ ਕਿ ਠੰਢ ਪੈਣ ਕਾਰਨ ਖੁੱਲੀ ਮਾਰਕਿਟ ਵਿੱਚ ਵੀ ਬਿਜਲੀ ਸਸਤੀ ਹੋ ਗਈ ਸੀ ਅਤੇ ਪਾਵਰਕੌਮ ਵੱਲੋਂ 2 ਤੋਂ ਢਾਈ ਰੁਪਏ ਪ੍ਰਤੀ ਯੂਨਿਟ ਤਹਿਤ ਇੱਥੋਂ ਬਿਜਲੀ ਜਿਆਦਾ ਖਰੀਦੀ ਗਈ ਹੈ।
ਝੋਨੇ ਦੇ ਸੀਜ਼ਨ ਦੌਰਾਨ ਪ੍ਰਬੰਧ ਪੂਰੇ-ਸੀਐਮਡੀ ਸਰਾਂ
ਅਗਲੇ ਜੂਨ ਮਹੀਨੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਸਮੇਤ ਗਰਮੀ ਦੇ ਪ੍ਰਕੋਪ ਵਿੱਚ ਵਾਧੇ ਨਾਲ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਦਰਜ਼ ਹੋਵੇਗਾ। ਪਾਵਰਕੌਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਿਜਲੀ ਦੇ ਪਹਿਲਾ ਤੋਂ ਪੂਰੇ ਪ੍ਰਬੰਧ ਹਨ ਅਤੇ ਪਾਵਰਕੌਮ ਵੱਲੋਂ ਹਰ ਵਧੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਪਾਵਰਕੌਮ ਦੇ ਸੀਐਮ.ਡੀ. ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਕੋਈ ਘਾਟ ਨਹੀਂ ਹੈ ਅਤੇ ਖਪਤਕਾਰਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।